ਬਿਜਲੀ ਦੇ ਖੰਭੇ ਦੁਆਲੇ ਹੀ ਠੇਕੇਦਾਰ ਨੇ ਬਣਾਇਆ ਨਿਕਾਸੀ ਨਾਲਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ , 2 ਦਸੰਬਰ 2022 : ਪੰਜਾਬ ਚ ਸਰਕਾਰ ਬਦਲਣ ਨਾਲ ਲੋਕਾਂ ਨੂੰ ਕੁਝ ਊਮੀਦ ਬੱਝੀ ਸੀ ਕਿ ਸਾਇਦ ਹੁਣ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਦਾ ਖਾਤਮਾ ਹੋਵੇਗਾ ਅਤੇ ਸਾਰੇ ਮਹਿਕਮਿਆੰ ਦੇ ਅਧਿਕਾਰੀ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਂਦੇ ਹੋਏ ਲੋਕਾਂ ਨੂੰ ਸਹੀ ਤੇ ਸਾਫ ਸੁਥਰਾ ਮਹੌਲ ਦੇਣਗੇ ਪਰ ਕੁਝ ਨਹੀਂ ਹੋਇਆ ਸਭ ਕੁਝ ਉਸੇ ਤਰ੍ਹਾਂ ਹੀ ਬਰਕਰਾਰ ਹੈ।ਭਾਵੇਂ ਸਰਕਾਰ ਬਦਲ ਚੁੱਕੀ ਹੈ ਪਰ ਭ੍ਰਿਸ਼ਟਾਚਾਰ ਚ ਲਿਪਤ ਅਫਸਰਸ਼ਾਹੀ ਅਤੇ ਠੇਕੇਦਾਰਾਂ ਦੀ ਮਿਲੀਭੁਗਤ ਦੇ ਸਦਕਾ ਪਬਲਿਕ ਦੇ ਪੈਸਿਆਂ ਦੀ ਬਰਬਾਦੀ ਦਾ ਦੌਰ ਅੱਜ ਵੀ ਜਾਰੀ ਹੈ, ਇਸ ਦੀ ਤਾਜ਼ਾ ਮਿਸ਼ਾਲ ਪੰਜਾਬ ਰਾਜ ਮੰਡੀ ਬੋਰਡ ਵਲੋਂ ਅਮਰਗੜ੍ਹ ਤੋਂ ਜੌੜੇਪੁਲਾਂ ਤੱਕ ਬਣਾਈ ਜਾ ਰਹੀ ਹੈ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਵਾਲੀ ਸੜਕ ਉੱਪਰ ਪਿੰਡ ਚੌੰਦਾ ਵਿਖੇ ਦੇਖਣ ਨੂੰ ਮਿਲੀ ਜਿਥੇ ਮੰਡੀ ਬੋਰਡ ਵਲੋਂ ਲਗਾਏ ਠੇਕੇਦਾਰ ਨੇ ਪਾਣੀ ਨਿਕਾਸੀ ਵਾਲਾ ਨਾਲਾ ਬਣਾਉੰਦਿਆਂ ਬਿਜਲੀ ਦੇ ਖੰਭੇ ਨੂੰ ਵਿਚ ਹੀ ਚਿਣ ਦਿੱਤਾ।ਹੈਰਾਨੀ ਦੀ ਗੱਲ ਹੈ ਕਿ ਠੇਕੇਦਾਰ ਵਲੋਂ ਕੀਤੀ ਇਸ ਵੱਡੀ ਗਲਤੀ ਨੂੰ ਨਾ ਕਿਸੇ ਮੰਡੀ ਬੋਰਡ ਦੇ ਅਫਸਰ ਨੇ , ਨਾ ਹੀ ਪਿੰਡ ਚੌੰਦਾ ਦੀ ਪੰਚਾਇਤ ਨੇ ਵੇਖਿਆ'।ਦੱਸਣਾ ਬਣਦਾ ਹੈ ਕਿ ਇਸ ਸੜਕ ਦਾ ਕੰਮ ਪਿੰਡ ਚੌੰਦਾ ਅਤੇ ਭੂਮਸੀ ਵਿਚ ਇਸ ਕਰਕੇ ਰੋਕ ਲਿਆ ਗਿਆ ਸੀ ਕਿ ਇਨ੍ਹਾਂ ਦੋਵੇਂ ਪਿੰਡਾਂ ਵਿਚੋਂ ਲੰਘਦੀ ਸੜਕ ਦੇ ਦੋਵੇਂ ਪਾਸੇ ਨਾਲਾ ਬਣਾਇਆ ਜਾਣਾ ਸੀ ਭਾਵੇਂ ਕਿ ਰੁਕੇ ਕੰਮ ਨਾਲ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪਰ ਹੁਣ ਬਣਾਏ ਜਾ ਰਹੇ ਆਰ. ਸੀ. ਸੀ. ਨਾਲੇ ਵਿਚ ਇਸ ਤਰ੍ਹਾਂ ਬਿਜਲੀ ਦਾ ਖੰਭਾ ਖੜਾ ਕਰਨਾ ਕਿਸੇ ਕਾਰਨਾਮੇ ਤੋਂ ਘੱਟ ਨਜ਼ਰ ਨਹੀਂ ਆ ਰਿਹਾ ।
ਇਸ ਸਬੰਧੀ ਜਦੋਂ ਠੇਕੇਦਾਰ ਰਾਜਿੰਦਰ ਅੱੱਤਰੀ ਨਾਲ ਸੰਪਰਕ ਕੀਤਾ ਤਾਂ ਗਲਤੀ ਕਬੂਲਣ ਦੀ ਬਜਾਏ ਉਨ੍ਹਾ ਮੰਡੀ ਬੋਰਡ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਆਖਿਆ ਕਿ ਬੋਰਡ ਦੀਆਂ ਹਦਾਇਤਾਂ ਅਨੁਸਾਰ ਹੀ ਕੰਮ ਕੀਤਾ ਜਾ ਰਿਹਾ ਹੈ ਚੌੰਦਾ ਦੇ ਸਰਪੰਚ ਵਲੋਂ ਖੰਭਾ ਪੁੱਟਣ ਦੀ ਗੱਲ ਆਖੀ ਜਾ ਰਹੀ ਹੈ, ਇਸ ਸਬੰਧੀ ਜਦੋਂ ਐੱਸ ਡੀ ਓ ਮੰਡੀ ਬੋਰਡ ਜਤਿਨ ਸਿੰਗਲਾ ਨਾਲ ਸੰਪਰਕ ਸਾਧਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਹੈ ਬਿਨਾਂ ਸ਼ੱਕ ਇਹ ਵੱਡੀ ਕੁਤਾਹੀ ਹੈ, ਜਿਸਦਾ ਖਾਮਿਆਜ਼ਾ ਠੇਕੇਦਾਰ ਨੂੰ ਹੀ ਭੁਗਤਣਾ ਪਵੇਗਾ। ਇਸ ਸਬੰਧੀ ਮੰਡੀ ਬੋਰਡ ਦੇ ਐਕਸ਼ਨ ਜਸਪਾਲ ਸਿੰਘ ਬੁੱਟਰ ਦਾ ਕਹਿਣਾ ਕਿ ਉਹ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਕੇ ਸਬੰਧਤ ਜੇ.ਈ ਦੀ ਜਵਾਬਤਲਬੀ ਕੀਤੀ ਜਾਵੇਗੀ ਇਸ ਤੋਂ ਠੇਕੇਦਾਰ ਵਿਰੁੱਧ ਕਾਰਵਾਈ ਕਰਕੇ ਉਸਨੂੰ ਬਣਦਾ ਜੁਰਮਾਨਾ ਕੀਤਾ ਜਾਵੇਗਾ।ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪ ਖੁਦ ਮੌਕੇ ਤੇ ਪਹੁੰਚ ਕੇ ਇਸ ਸਬੰਧੀ ਢੁਕਵੇਂ ਪ੍ਰਬੰਧ ਕਰਨਗੇ।ਹੁਣ ਦੇਖਣਾ ਹੋਵੇਗਾ ਕਿ ਮਹਿਕਮੇ ਵੱਲੋਂ ਕਿੰਨੀ ਦੇਰ ਵਿੱਚ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਤਹਿ ਕਰੇਗਾ।