ਅਲ-ਫਲਾਹ ਪਬਲਿਕ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਦਾ ਪਹਿਲਾ ਸ਼ੈਸਨ ਯਾਦਗਾਰੀ ਹੋ ਨਿੱਬੜਿਆ
- ਦੀਨੀ ਸਿਖਿਆ ਦੇ ਨਾਲ ਨਾਲ ਦੁਨਿਆਵੀ ਸਿੱਖਿਆ ਨਾਲ ਸਮਾਜ ਨੂੰ ਤਰੱਕੀ ਦੀਆਂ ਬੁਲੰਦੀਆਂ ਵੱਲ ਲਿਜਾਇਆ ਜਾ ਸਕਦਾ--ਮੁਹੰਮਦ ਫਿਆਜ਼ ਫਾਰੂਕੀ
- ਪੰਜਾਬ ਵਕਫ ਬੋਰਡ ਵੱਲੋਂ ਸਕੂਲ ਨੂੰ ਦਿੱਤੀ ਜਾਂਦੀ 6 ਲੱਖ ਰੁਪਏ ਦੀ ਸਲਾਨਾਂ ਗ੍ਰਾਂਟ ਵਧਾਕੇ 18 ਲੱਖ ਕੀਤੀ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 4 ਦਸੰਬਰ 2022 - ਇਲਾਕੇ ਅੰਦਰ ਬੱਚਿਆਂ ਨੂੰ ਦੁਨਿਆਵੀ ਸਿੱਖਿਆ ਦੇ ਨਾਲ-ਨਾਲ ਇਸਲਾਮੀ ਵਿੱਦਿਆ ਵੀ ਮੁਹੱਈਆ ਕਰਵਾ ਰਹੇ ਨਾਮਵਰ ਵਿੱਦਿਅਕ ਅਦਾਰੇ ਅਲ-ਫਲਾਹ ਸੀਨੀਅਰ ਸਕੈਡੰਰੀ ਪਬਲਿਕ ਸਕੂਲ ਮਾਲੇਰਕੋਟਲਾ ਵੱਲੋਂ ਕੋਵਿਡ ਤੋਂ ਬਾਅਦ ਪਹਿਲੀ ਵਾਰ ਸਕੂਲ ਦੇ ਵਿਸ਼ਾਲ ਖੇਡ ਗਰਾਉਂਡ ‘ਚ ਸਕੂਲ ਪ੍ਰਿੰਸੀਪਲ ਰਿਹਾਨਾ ਨਕਵੀ ਦੀ ਰਹਿਨੂੰਮਾਈ ‘ਚ ਆਯੋਜਿਤ ਕੀਤੇ ਜਾ ਰਹੇ 2 ਰੋਜ਼ਾ ਸਲਾਨਾਂ ਇਨਾਮ ਵੰਡ ਸਮਾਰੋਹ ਦਾ ਅੱਜ ਪਹਿਲਾ ਸ਼ੈਸਨ ਯਾਦਗਾਰੀ ਪੈੜਾਂ ਛੱਡਦਾ ਹੋਇਆ ਸੰਪਨ ਹੋਇਆ।ਜ਼ਿਕਰਯੋਗ ਹੈ ਕਿ ਕੋਵਿਡ ਕਾਰਨ ਸਕੂਲ ਨੇ ਆਪਣੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤੇ ਜਾਣ ਦਾ ਇਹ ਸਮਾਗਮ ਦੋ ਸਾਲਾਂ ਤੋਂ ਆਯੋਜਿਤ ਨਹੀਂ ਕੀਤਾ ਸੀ।
ਅੱਜ ਪਹਿਲੇ ਦਿਨ ਦੇ ਸਮਾਗਮ ‘ਚ ਪੰਜਾਬ ਵਕਫ ਬੋਰਡ ਦੇ ਐਡਮੀਨਿਸਟ੍ਰੇਟਰ ਅਤੇ ਏ.ਡੀ.ਜੀ.ਪੀ. ਪੰਜਾਬ ਪੁਲਸ ਜਨਾਬ ਮੁਹੰਮਦ ਫਿਆਜ਼ ਫਾਰੂਕੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਲਤੀਫ ਅਹਿਮਦ ਥਿੰਦ ਸੀ.ਈ.ਓ ਪੰਜਾਬ ਵਕਫ ਬੋਰਡ ਵਿਸ਼ੇਸ ਮਹਿਮਾਨ ਵੱਜੋਂ ਪੁੱਜੇ, ਜਦ ਕਿ ਸ੍ਰੀ ਅਮਜਦ ਅਲੀ ਚੇਅਰਮੇਨ ਹਰਫ ਚੇਰੀਟੇਬਲ ਟਰੱਸਟ, ਪ੍ਰੋਫੈਸਰ ਡਾਕਟਰ ਚੌਧਰੀ ਸੇਫ ਅਲੀ ਜਾਮਿਆ ਮੀਲੀਆ ਯੂਨੀਵਰਸਿਟੀ ਦਿੱਲੀ ਅਤੇ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਮੁਫਤੀ ਏ- ਆਜਮ ਪੰਜਾਬ ਵੀ ਉਚੇਚੇ ਤੌਰ ‘ਤੇ ਸਮਾਗਮ ‘ਚ ਹਾਜ਼ਰ ਹੋਏ।ਤਲਾਵਤੇ ਕੁਰਆਨ ਨਾਲ ਸਮਾਗਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਸਕੂਲ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਧਾਰਮਿਕ ਤੇ ਸਮਾਜਿਕ ਸੇਧ ਦਿੰਦੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਹਾਜ਼ਰੀਨ ਤੋਂ ਖੂਬ ਪ੍ਰਸ਼ੰਸਾ ਖੱਟੀ।
ਸਕੂਲ ਦੇ ਬੱਚਿਆਂ ਨੂੰ ਇਨਾਮ ਵੰਡਣ ਤੋਂ ਪਹਿਲਾਂ ਮੁੱਖ ਮਹਿਮਾਨ ਮੁਹੰਮਦ ਫਿਆਜ਼ ਫਾਰੂਕੀ (ਆਈ.ਪੀ.ਐਸ) ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਦੌਰਾਨ ਇਸਲਾਮੀ ਧਾਰਮਿਕ ਅਤੇ ਦੁਨੀਆਵੀ ਵਿੱਦਿਆ ਬਾਰੇ ਵਿਸਥਾਰ ‘ਚ ਚਰਚਾ ਕਰਦਿਆਂ ਕਿਹਾ ਕਿ ਵਿੱਦਿਆ ਹੀ ਇੱਕ ਅਜਿਹੀ ਅਨਮੋਲ ਚੀਜ਼ ਹੈ ਜੋ ਇਨਸਾਨ ਨੂੰ ਸਹੀ ਅਰਥਾਂ ‘ਚ ਇਨਸਾਨ ਬਣਾਉਂਦੀ ਹੈ।ਅਰਬ ਦੇਸ਼ਾਂ ਅੰਦਰਲੇ ਵਿੱਦਿਅਕ ਸਿਸਟਮ ਬਾਰੇ ਵਿਸਥਾਰਤ ਚਰਚਾ ਕਰਦੇ ਹੋਏ ਉਨ੍ਹਾਂ ਕਿਹਾ ਕਿ 20ਵੀਂ ਸਦੀ ਤੱਕ ਇੱਕ ਅਜਿਹਾ ਸਮਾਂ ਆਇਆ ਕਿ ਅਸੀਂ ਦੀਨ ਤੇ ਵਿੱਦਿਆ ਨੂੰ ਅਲੱਗ-ਅਲੱਗ ਸਮਝ ਲਿਆ ਹੈ ਅਤੇ ਸਾਇੰਸ ਨੂੰ ਵੀ ਅਸੀਂ ਇਸਲਾਮ ਤੋ ਅਲੱਗ ਸਮਝ ਰਹੇ ਹਾਂ।
ਇਸੇ ਕਾਰਨ ਅਸੀਂ ਦੁਨੀਆਂ ‘ਚ ਕਮਜ਼ੋਰ ਪੈ ਗਏ ਹਾਂ।ਉਨ੍ਹਾਂ ਹਾਜ਼ਰੀਨ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਅੱਜ ਅਸੀਂ ਖੂਨਦਾਨ ਕਰਨ ‘ਚ ਦੁਜੀਆਂ ਕੋਮਾਂ ਤੋਂ ਬਹੁਤ ਪਿੱਛੇ ਹਾਂ ਜਦ ਕਿ ਇਸਲਾਮ ਅੰਦਰ ਕਿੱਤੇ ਵੀ ਇਹ ਨਹੀਂ ਲਿਖਿਆ ਕਿ ਤੁਸੀਂ ਕਿਸੇ ਦੀ ਜਿੰਦਗੀ ਬਚਾਉਣ ਲਈ ਖੂਨਦਾਨ ਨਹੀਂ ਕਰ ਸਕਦੇ।ਜਨਾਬ ਫਾਰੂਕੀ ਨੇ ਕਿਹਾ ਕਿ ਅੱਜ ਅਸੀਂ ਦੀਨ ਹਾਸਲ ਕਰਨ ਦੀਆਂ ਗੱਲਾਂ ਬਹੁਤ ਕਰਦੇ ਹਾਂ ਜੋ ਦੀਨ ਨਮਾਜ, ਰੋਜ਼ਾ, ਜ਼ਕਾਤ, ਤੱਕ ਹੀ ਮਹਿਦੂਦ ਹਨ।
ਜਦ ਕਿ ਇਸਲਾਮ ਕਹਿੰਦਾ ਹੈ ਕਿ ਸਿੱਖਿਆ ਹਾਸਲ ਕਰੋ ਕਿਉਂਕਿ ਦੀਨ (ਇਸਲਾਮ) ਦੇ ਨਾਲ-ਨਾਲ ਜੇਕਰ ਸਾਡੇ ਕੋਲ ਸਮੇਂ ਦੀ ਦੁਨਿਆਵੀ ਸਿੱਖਿਆ ਦਾ ਗਿਆਨ ਹੋਵੇਗਾ ਤਾਂ ਹੀ ਅਸੀਂ ਅਪਣੇ ਸਮਾਜ ਨੂੰ ਤਰੱਕੀ ਦੀਆਂ ਬੁਲੰਦੀਆਂ ਵੱਲ ਲੈ ਕੇ ਜਾ ਸਕਾਂਗੇ।ਮੁੱਖ ਮਹਿਮਾਨ ਜਨਾਬ ਫਿਆਜ਼ ਫਾਰੂਕੀ ਨੇ ਸਕੂਲ ਦੀ ਵਧੀਆ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੁੰਦਿਆਂ ਸਕੂਲ ਨੂੰ ਪਹਿਲਾਂ ਤੋਂ ਪੰਜਾਬ ਵਕਫ ਬੋਰਡ ਪਾਸੋਂ ਮਿਲਦੀ ਸਲਾਨਾਂ 6 ਲੱਖ ਰੁਪਏ ਦੀ ਗਰਾਂਟ ਨੂੰ ਵਧਾਉਂਦੇ ਹੋਏ 18 ਲੱਖ ਰੁਪਏ ਸਲਾਨਾਂ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਰਿਹਾਨਾ ਨਕਵੀ, ਵਾਇਸ ਪ੍ਰਿੰਸੀਪਲ ਖਿਆਮ ਅਹਿਮਦ ਖਾਨ, ਚੌਧਰੀ ਉਮਰ ਦੀਨ, ਐਡਵੋਕੇਟ ਅਜ਼ਮਤ ਅਲੀ ਖਾਨ, ਮਾਸਟਰ ਮੁਹੰਮਦ ਸਾਬਰ ਜ਼ੁਬੈਰੀ, ਡਾਕਟਰ ਮੁਹੰਮਦ ਰਮਜ਼ਾਨ, ਸ਼ੇਖ ਸੱਜਾਦ ਹੂਸੈਨ, ਮੁਹੰਮਦ ਯਾਮੀਨ, ਮੁਹੰਮਦ ਇਕਬਾਲ ਅਤੇ ਸਕੂਲ ਦੇ ਸਮੂਹ ਸਟਾਫ ਸਮੇਤ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ।