ਗੁਜਰਾਤ: ਕੇਜਰੀਵਾਲ ਨੇ ਵੋਟਰਾਂ ਨੂੰ ਕੀਤੀ ਅਪੀਲ, ਨਵੀਆਂ ਉਮੀਦਾਂ ਦੇ ਦਿਨ ਵੋਟ ਜ਼ਰੂਰ ਪਾਓ
ਨਵੀਂ ਦਿੱਲੀ, 5 ਦਸੰਬਰ 2022-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਇਹ ਬਿਆਨ 2022 ਦੇ ਦੂਜੇ ਪੜਾਅ ਦੀ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਆਇਆ ਹੈ। ਕੇਜਰੀਵਾਲ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਗੁਜਰਾਤ ਵਿੱਚ ਵੱਡੇ ਫੈਸਲੇ ਦਾ ਦਿਨ ਹੈ। ਇਹ ਨਵੀਆਂ ਉਮੀਦਾਂ ਦਾ ਦਿਨ ਹੈ। ਉਨ੍ਹਾਂ ਕਿਹਾ, ਦਹਾਕਿਆਂ ਬਾਅਦ ਇਹ ਵੱਡਾ ਮੌਕਾ ਆਇਆ ਹੈ।
ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਵਿੱਚ ਅੱਜ ਦੂਜੇ ਪੜਾਅ ਲਈ ਵੋਟਾਂ ਪੈ ਰਹੀਆਂ ਹਨ। ਇਸ ਪੜਾਅ 'ਚ ਗੁਜਰਾਤ ਦੇ 14 ਜ਼ਿਲਿਆਂ ਦੀਆਂ 93 ਵਿਧਾਨ ਸਭਾਵਾਂ 'ਤੇ ਵੋਟਿੰਗ ਹੋਵੇਗੀ। ਆਮ ਆਦਮੀ ਪਾਰਟੀ ਇਸ ਚੋਣ ਵਿੱਚ ਭਾਜਪਾ ਅਤੇ ਕਾਂਗਰਸ ਨੂੰ ਸਖ਼ਤ ਟੱਕਰ ਦਿੰਦੀ ਨਜ਼ਰ ਆ ਰਹੀ ਹੈ। ਨਾਲ ਹੀ ਪਾਰਟੀ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਦੇ ਆਉਣ ਨਾਲ ਗੁਜਰਾਤ ਵਿੱਚ ਤਿਕੋਣਾ ਮੁਕਾਬਲਾ ਹੋ ਗਿਆ ਹੈ।
ਆਮ ਆਦਮੀ ਪਾਰਟੀ ਨੇ ਦੂਜੇ ਪੜਾਅ ਦੇ ਸਾਰੇ 93 ਹਲਕਿਆਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਭਾਜਪਾ ਵੀ 93 ਸੀਟਾਂ 'ਤੇ ਚੋਣ ਲੜ ਰਹੀ ਹੈ ਪਰ ਕਾਂਗਰਸ ਨੇ ਸਿਰਫ਼ 90 ਸੀਟਾਂ 'ਤੇ ਹੀ ਉਮੀਦਵਾਰ ਖੜ੍ਹੇ ਕੀਤੇ ਹਨ। ਦਰਅਸਲ, ਕਾਂਗਰਸ ਨੇ ਗਠਜੋੜ ਤਹਿਤ ਐੱਨਸੀਪੀ ਨੂੰ ਤਿੰਨ ਸੀਟਾਂ ਦਿੱਤੀਆਂ ਹਨ।