ਰਾਜ ਪੱਧਰੀ ਸ਼ਹੀਦ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਅੱਜ
ਨਵਾਂਸ਼ਹਿਰ 5 ਦਸੰਬਰ 2022 : ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਮੇਟੀ ਬੰਗਾ ਵੱਲੋਂ ਪਰਮਜੀਤ ਕਾਹਮਾ ਅਤੇ ਹਰਜਗਦੀਸ਼ ਸਿੰਘ ਮਾਨ ਦੀ ਯਾਦ ਨੂੰ ਸਮਰਪਿਤ 24ਵਾਂ ਰਾਜ ਪੱਧਰੀਂ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਅੱਜ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਦਸਮੇਸ਼ ਸਟੇਡੀਅਮ ਦੇ ਪੀ ਟੀ ਮਹਿੰਗਾ ਸਿੰਘ ਪੈਵੀਲੀਅਨ ਵਿਚ ਹੋਵੇਗਾ। ਇਸ ਟੂਰਨਾਮੈਂਟ ਦਾ ਉਦਘਾਟਨ ਪ੍ਰਵਾਸੀ ਭਾਰਤੀ ਸ. ਝਲਮਣ ਸਿੰਘ ਸਿੱਧੂ ਸੋਤਰਾਂ ਕਰਨਗੇ। ਟੂਰਨਾਮੈਂਟ ਕਮੇਟੀ ਦੇ ਪ੍ਰਬੰਧਕੀ ਸਕੱਤਰ ਹਰਜੀਤ ਸਿੰਘ ਮਾਹਲ ਅਤੇ ਪ੍ਰੈਸ ਸਕੱਤਰ ਹਰਬੰਸ ਹੀਉਂ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਦਸਿਆ ਕਿ ਇਹ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ ਸ. ਹਰਦੇਵ ਸਿੰਘ ਕਾਹਮਾ ਦੀ ਰਹਿਨੁਮਾਈ ਹੇਠ ਹੋਵੇਗਾ। ਟੂਰਨਾਮੈਂਟ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਦਸਮੇਸ਼ ਸਟੇਡੀਅਮ ਦੇ ਪੀ ਟੀ ਮਹਿੰਗਾ ਸਿੰਘ ਪੈਵੀਲੀਅਨ ਵਿਚ 5 ਦਸੰਬਰ ਤੋਂ 10 ਦਸੰਬਰ ਤੱਕ ਹੋਵੇਗਾ। ਜੇਤੂ ਟੀਮ ਨੂੰ ਇਕ ਲੱਖ ਰੁਪਏ ਦੀ ਨਗਦ ਰਾਸ਼ੀ ਦੇ ਇਨਾਮ ਦੇ ਨਾਲ ਚੈਂਪੀਅਨਸ਼ਿਪ ਟਰਾਫ਼ੀ ਭੇਂਟ ਕੀਤੀ ਜਾਵੇਗੀ। ਉਪ ਜੇਤੂ ਟੀਮ ਨੂੰ 60 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦੇ ਨਾਲ ਟਰਾਫ਼ੀ ਭੇਂਟ ਕੀਤੀ ਜਾਵੇਗੀ।
ਟੂਰਨਾਮੈਂਟ ਦਾ ਉਦਘਾਟਨੀ ਮੈਚ ਨਾਮਧਾਰੀ ਫੁੱਟਬਾਲ ਅਕਾਡਮੀ ਭੈਣੀ ਸਾਹਿਬ ਅਤੇ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਸ ਕਲੱਬ ਮਾਹਿਲਪੁਰ ਵਿਚਕਾਰ ਹੋਵੇਗਾ। ਦੂਜਾ ਮੈਚ ਮਿਨਰਵਾ ਫੁੱਟਬਾਲ ਅਕਾਡਮੀ ਮੋਹਾਲੀ ਅਤੇ ਜੇ ਸੀ ਟੀ ਫੁੱਟਬਾਲ ਅਕਾਡਮੀ ਫਗਵਾੜਾ ਵਿਚਕਾਰ ਹੋਵੇਗਾ। ਟੂਰਨਾਮੈਂਟ ਨੂੰ ਸ਼ਾਨੋ ਸ਼ੌਕਤ ਨਾਲ ਨੇਪਰੇ ਚਾੜ੍ਹਨ ਲਈ ਕਮੇਟੀ ਦੇ ਸਰਪ੍ਰਸਤ ਦਰਸ਼ਨ ਸਿੰਘ ਮਾਹਲ, ਪ੍ਰਧਾਨ ਨਰਿੰਦਰ ਸਿੰਘ ਰੰਧਾਵਾ, ਸੀਨੀਅਰ ਮੀਤ ਪ੍ਰਧਾਨ ਗੁਰਦਿਆਲ ਸਿੰਘ ਜਗਤਪੁਰ, ਸਤਨਾਮ ਸਿੰਘ ਹੇੜ੍ਹੀਆਂ ਆਦਿ ਵਿਦੇਸ਼ਾਂ ਤੋਂ ਵਤਨ ਆ ਚੁੱਕੇ ਹਨ। ਬੀਤੇ ਕੱਲ੍ਹ ਟੂਰਨਾਮੈਂਟ ਦੀਆਂ ਤਿਆਰੀਆਂ ਨੂੰ ਅੰਤਿਮ ਛੂਹਾਂ ਦੇਣ ਲਈ ਡਾ. ਤਰਸੇਮ ਸਿੰਘ ਭਿੰਡਰ, ਜਰਨੈਲ ਸਿੰਘ ਪੱਲੀ ਝਿੱਕੀ, ਕਸ਼ਮੀਰੀ ਲਾਲ ਮੰਗੂਵਾਲ, ਤਰਲੋਚਨ ਸਿੰਘ ਪੂੰਨੀ, ਸੁੱਚਾ ਸਿੰਘ ਪੀਟੀਆਈ, ਚਰਨਜੀਤ ਕੁਮਾਰ ਸ਼ਰਮਾ, ਅਮਨਦੀਪ ਸਿੰਘ ਥਾਂਦੀ, ਪ੍ਰੋ. ਸੰਧੂ ਵਰਿਆਣਵੀਂ, ਡਾ. ਗੁਰਮੀਤ ਸਿੰਘ ਸਰਾਂ, ਦਲਜੀਤ ਸਿੰਘ ਸੁੱਜੋਂ, ਕੁਲਵਿੰਦਰ ਸਿੰਘ ਢਾਂਡੀਆ, ਹਰਜੋਗ ਸਿੰਘ ਚਾਹਲ, ਜਗਤਾਰ ਸਿੰਘ ਝਿੱਕਾ, ਜਸਵੰਤ ਖਟਕੜ, ਪਿਆਰਾ ਸਿੰਘ ਕਾਹਮਾ, ਸਵਰਨ ਸਿੰਘ ਕਾਹਮਾ ਨੰਬਰਦਾਰ ਆਦਿ ਹਾਜ਼ਰ ਸਨ।