ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਵਿਖੇ ਦਾਖਲੇ ਲਈ ਰਜਿਸਟ੍ਰੇਸ਼ਨ ਸ਼ੁਰੂ: ਡੀ.ਸੀ.ਰੂਪਨਗਰ
ਚਾਹਵਾਨ ਵਿਦਿਆਰਥੀ 5 ਜਨਵਰੀ 2023 ਤੱਕ ਕਰ ਸਕਦੇ ਹਨ ਰਜਿਸਟ੍ਰੇਸ਼ਨ
ਹਰੀਸ਼ ਕਾਲੜਾ
ਰੂਪਨਗਰ, 05 ਦਸੰਬਰ 2022: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਵਿਖੇ 13ਵੇਂ ਦਾਖਲਾ ਕੋਰਸ ਲਈ ਦਾਖਲਾ ਪ੍ਰੀਖਿਆ 15 ਜਨਵਰੀ 2023 ਨੂੰ ਲਈ ਜਾ ਰਹੀ ਹੈ, ਜਿਸ ਲਈ 01 ਦਸੰਬਰ 2022 ਤੋਂ 5 ਜਨਵਰੀ 2023 ਤੱਕ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਐਨ.ਡੀ.ਏ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਲੜਕੇ ਇਸ ਦਾਖਲਾ ਪ੍ਰੀਖਿਆ ਵਿੱਚ ਹਿੱਸਾ ਲੈ ਸਕਦੇ ਹਨ। ਇਸ ਦਾਖਲਾ ਪ੍ਰੀਖਿਆ ਲਈ (ਕੇਵਲ ਲੜਕੇ) ਹੈ ਜੋ ਪੰਜਾਬ ਰਾਜ ਦੇ ਵਸਨੀਕ ਦਸਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਜਿਨ੍ਹਾਂ ਦੀ ਜਨਮ ਮਿਤੀ 2-7-2006 ਤੋ ਪਹਿਲਾਂ ਨਾ ਹੋਵੇ, ਉਹ ਦਾਖਲਾ ਪ੍ਰੀਖਿਆ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਸੰਸਥਾ ਦੁਆਰਾ ਪ੍ਰੀਖਿਆ ਉਪਰੰਤ ਚੁਣੇ ਗਏ ਵਿਦਿਅਰਥੀਆਂ ਨੂੰ ਐਨ.ਡੀ.ਏ./ਡਿਫੇਂਸ ਸਰਵਿਸਜ਼ ਦੇ ਦਾਖਲੇ ਲਈ ਲਿਖਤੀ ਅਤੇ ਸਰੀਰਕ ਟੇਸਟ ਦੀ ਤਿਆਰੀ ਕਰਵਾਉਣ ਦੇ ਨਾਲ-ਨਾਲ ਮੋਹਾਲੀ ਦੇ ਸਭ ਤੋਂ ਵਧੀਆ ਸਿੱਖਿਆ ਪੱਧਰ ਦੇ ਸਕੂਲਾਂ ਤੋਂ 11ਵੀਂ ਅਤੇ 12ਵੀਂ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ।
ਜ਼ਿਲਾ ਰੋਜ਼ਗਾਰ ਅਫਸਰ ਸ਼੍ਰੀ ਅਰੁਣ ਕੁਮਾਰ ਨੇ ਦਸਿਆ ਕਿ ਅਪ੍ਰੈਲ 2023 ਬੈਚ ਦੇ ਦਾਖਲੇ ਲਈ ਲਿਖਤੀ ਪ੍ਰੀਖਿਆ 15 ਜਨਵਰੀ 2023 ਨੂੰ ਲਈ ਜਾ ਰਹੀ ਹੈ। ਸੰਸਥਾ ਵੱਲੋਂ ਪੂਰੀ ਟ੍ਰੇਨਿੰਗ ਮੁਫ਼ਤ ਦੀਤੀ ਜਾਵੇਗੀ ਤੇ ਸੰਸਥਾ ਵਿੱਚ ਮੁਫ਼ਤ ਬੋਰਡਿੰਗ ਹੋਸਟਲ, ਮੈਸ ਦੀ ਸੁਵਿਧਾ ਵੀ ਉਪਲੱਬਧ ਹੈ। ਵਿਦਿਆਰਥੀਆਂ ਨੂੰ ਕੇਵਲ 11ਵੀਂ ਅਤੇ 12ਵੀਂ ਜਮਾਤ ਦੀ ਫੀਸ, ਜੋ ਕਿ ਸਕੂਲ ਵੱਲੋਂ ਨਿਰਧਾਰਿਤ ਕੀਤੀ ਜਾਂਦੀ ਹੈ, ਹੀ ਦੇਣੀ ਪਵੇਗੀ। ਦਾਖਲਾ ਪ੍ਰੀਖਿਆ ਲਈ ਰਜਿਸਟ੍ਰੇਸ਼ਨ 1 ਦਸੰਬਰ 2022 ਤੋਂ 5 ਜਨਵਰੀ 2023 ਤੱਕ ਸੰਸਥਾ ਦੇ ਪੋਰਟਲ ਦੇ ਲਿੰਕ 'ਤੇ ਕੀਤੀ ਜਾ ਸਕਦੀ ਹੈ।
ਜਿਲਾ ਰੋਜ਼ਗਾਰ ਅਫਸਰ ਵਲੋਂ ਜਿਲੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਐਨ.ਡੀ.ਏ ਦੇ ਦਾਖਲੇ ਲਈ ਦਾਖਲਾ ਪ੍ਰੀਖਿਆ ਵਾਸਤੇ ਵੱਧ ਤੋਂ ਵੱਧ ਵਿਦਿਆਰਥੀ ਆਨ ਲਾਈਨ ਪੋਰਟਲ 'ਤੇ ਜਾ ਕੇ ਆਪਣੀ ਰਜਿਸਟੇਸ਼ਨ ਕਰਵਾਉਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਦਫ਼ਤਰ ਦੇ ਹੈਲਪਲਾਈਨ ਨੰਬਰ 85570-10066 'ਤੇ ਸੰਪਰਕ ਕਰ ਸਕਦੇ ਹਨ।