ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਵਿਸ਼ਾਲ ਰੈਲੀ ਕਰਨ ਦਾ ਐਲਾਨ
21 ਦਸੰਬਰ ਨੂੰ ਪਾਵਰਕਾਮ ਪੈਨਸ਼ਨਰਜ਼ ਵੱਲੋਂ ਮੁੱਖ ਦਫ਼ਤਰ ਪਟਿਆਲਾ ਵਿਖੇ ਵਿਸ਼ਾਲ ਸੂਬਾਈ ਧਰਨਾ ਵਿੱਚ ਸ਼ਮੂਲੀਅਤ ਕਰੋ: ਸਿੰਦਰ ਧੌਲਾ
ਦਲਜੀਤ ਕੌਰ
ਬਰਨਾਲਾ, 05 ਦਸੰਬਰ, 2022: ਪਾਵਰਕੌਮ ਦੇ ਸ਼ਹਿਰੀ ਅਤੇ ਦਿਹਾਤੀ ਮੰਡਲ ਦੇ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸਾਂਝੀ ਮੀਟਿੰਗ ਰਣਜੀਤ ਸਿੰਘ ਜੋਧਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਾਵਰਕੌਮ ਦੇ ਦੋਵੇਂ ਮੰਡਲਾਂ ਦੇ ਪੈਨਸ਼ਨਰਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਆਗੂਆਂ ਸਿੰਦਰ ਸਿੰਘ ਧੌਲਾ, ਗੁਰਚਰਨ ਸਿੰਘ,ਨਰਾਇਣ ਦੱਤ, ਮੇਲਾ ਸਿੰਘ ਕੱਟੂ ਨੇ ਮੁਲਾਜ਼ਮ/ਪੈਨਸ਼ਨਰਜ਼ ਉੱਪਰ ਮਨੇਜਮੈਂਟ ਦੇ ਹਮਲੇ ਦਾ ਜਵਾਬ ਦੇਣ ਲਈ ਵਿਸ਼ਾਲ ਤਰਥੱਲ ਪਾਊ ਜਥੇਬੰਦਕ ਸੰਘਰਸ਼ਾਂ ਦੀ ਬਹੁਤ ਜਿਆਦਾ ਲੋੜ ਹੈ, ਕਿਉਂਕਿ ਪੰਜਾਬ ਸਰਕਾਰ ਵਿਧਾਨ ਸਭਾ ਚੋਣਾਂ ਵੇਲੇ ਮੁਲਾਜਮਾਂ ਅਤੇ ਪੈਨਸ਼ਨਰਜ਼ ਨਾਲ ਕੀਤੇ ਵਾਅਦੇ ਭੁੱਲ ਗਈ ਹੈ।
ਅੱਜ ਦੀ ਮੀਟਿੰਗ ਵਿੱਚ ਜੋਗਿੰਦਰ ਪਾਲ ਸ਼ਰਮਾਂ, ਜੱਗਾ ਸਿੰਘ ਧਨੌਲਾ, ਜਗਰਾਜ ਸਿੰਘ ਬਾਜਵਾ, ਬਹਾਦਰ ਸਿੰਘ ਸੰਘੇੜਾ, ਬਲਦੇਵ ਸਿੰਘ ਬਾਜਵਾ, ਮੋਹਣ ਸਿੰਘ ਛੰਨਾਂ, ਗੌਰੀ ਸੰਕਰ, ਅਬਜਿੰਦਰ ਸਿੰਘ, ਜਗਮੀਤ ਸਿੰਘ, ਸ਼ਿੰਗਾਰਾ ਸਿੰਘ ਕੁਰੜ, ਸੁਦਾਗਰ ਸਿੰਘ ਹੰਡਿਆਇਆ, ਕਰਨੈਲ ਸਿੰਘ ਧੌਲਾ, ਤੀਰਥ ਦਾਸ ਆਦਿ ਨੇ ਪੈਨਸ਼ਨਰਜ਼ ਐਸੋਸੀਏਸ਼ਨ ਦੀ ਦਰੁਸਤ ਬੁਨਿਆਦ ਦੀ ਪੂਰੀ ਜਿੰਮੇਵਾਰੀ ਨਾਲ ਰਾਖੀ ਕਰਨ ਦੀ ਲੋੜ ਤੇ ਜੋਰ ਦਿੱਤਾ। ਬੁਲਾਰਿਆਂ ਮੰਗ ਕੀਤੀ ਕਿ 1-1-2016 ਤੋਂ ਸਮੁੱਚੇ ਪੈਨਸ਼ਨਰਜ਼ ਨੂੰ 2.59 ਦੇ ਗੁਣਾਂਕ ਨਾਲ ਪੈਨਸ਼ਨ ਜਾਰੀ ਕਰਕੇ ਪੂਰੇ ਬਣਾਏ ਦੀ ਅਦਾਇਗੀ ਕੀਤੀ ਜਾਵੇ, ਛੇਵਾਂ ਤਨਖਾਹ ਕਮਿਸ਼ਨ ਦੀ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ, ਕੈਸ਼ ਲੈੱਸ ਹੈਲਥ ਸਕੀਮ ਚਾਲੂ ਕੀਤੀ ਜਾਵੇ। ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਕਾਇਆ ਅਦਾ ਕੀਤਾ ਜਾਵੇ। ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ ਵਜੋਂ 16 ਨਵੰਬਰ ਨੂੰ ਧੂਰੀ ਵਿਖੇ ਕੀਤੀ ਗਈ ਵਿਸ਼ਾਲ ਜੋਨ ਪੱਧਰੀ ਰੈਲੀ, 29 ਨਵੰਬਰ ਨੂੰ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਵੱਲੋਂ ਸੂਬਾ ਪੱਧਰੀ ਮੁਹਾਲੀ ਵਿਖੇ ਸੂਬਾ ਪੱਧਰੀ ਰੈਲੀ ਵਿੱਚ ਬਰਨਾਲਾ ਤੋਂ ਪਾਵਰਕਾਮ ਦੇ ਪੈਨਸ਼ਨਰਜ਼ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ ਗਿਆ। 1-1-2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਫੈਸਲੇ ਨੂੰ ਸਾਂਝੇ ਸੰਘਰਸ਼ ਦੀ ਜਿੱਤ ਕਰਾਰ ਦਿੱਤਾ। ਅੱਜ ਦੀ ਮੀਟਿੰਗ ਵਿੱਚ 21 ਦਸੰਬਰ ਨੂੰ ਮੁੱਖ ਦਫ਼ਤਰ ਪਟਿਆਲਾ ਵਿਖੇ ਪੈਨਸ਼ਨਰਜ਼ ਦੀਆਂ ਲੰਬੇ ਸਮੇਂ ਤੋਂ ਲਮਕਾ ਅਵਸਥਾ ਵਿੱਚ ਪਈਆਂ ਮੰਗਾਂ ਦੀ ਪ੍ਰਾਪਤੀ ਲਈ ਦਿੱਤੇ ਜਾਣ ਵਾਲੇ ਵਿਸ਼ਾਲ ਧਰਨੇ ਸਬੰਧੀ ਵਿਚਾਰ ਚਰਚਾ ਕਰਨ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਇਸ ਦਿਨ ਬਰਨਾਲਾ ਦੇ ਦੋਨਾਂ ਮੰਡਲਾਂ ਵਿੱਚੋਂ ਸੈਂਕੜਿਆਂ ਦੀ ਗਿਣਤੀ ਵਿੱਚ ਪੈਨਸ਼ਨਰ ਸ਼ਾਮਿਲ ਹੋਣਗੇ।