ਗੁਰਦਾਸਪੁਰ : ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਿਜੀਲੈਂਸ ਦਫਤਰ ਹੋਏ ਪੇਸ਼
ਰੋਹਿਤ ਗੁਪਤਾ
ਗੁਰਦਾਸਪੁਰ, 6 ਦਸੰਬਰ, 2022: ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅੱਜ ਵਿਜੀਲੈਂਸ ਵੱਲੋਂ ਪੁੱਛਗਿੱਛ ਲਈ ਦਿੱਤੇ ਗਏ ਸੱਦੇ ਦੇ ਚਲਦਿਆਂ ਆਪਣਾ ਪੱਖ ਰੱਖਣ ਲਈ ਵਿਜੀਲੈਂਸ ਦਫਤਰ ਗੁਰਦਾਸਪੁਰ ਵਿਖੇ ਪਹੁੰਚ ਗਏ ਹਨ। ਫਿਲਹਾਲ ਵਿਜੀਲੈਂਸ ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਵਿਧਾਇਕ ਪਾਸੋਂ ਕਿਸ ਤਰਾ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਤੋਂ ਹੀ ਵਿਧਾਇਕ ਪਾਹੜਾ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ ਦੀ ਚਰਚਾ ਛਿੜੀ ਸੀ। ਚਰਚਾ ਦਾ ਬਾਜ਼ਾਰ ਉਦੋਂ ਹੋਰ ਤੇਜ਼ ਹੋ ਗਿਆ ਸੀ ਜਦੋਂ 3 ਅਕਤੂਬਰ ਨੂੰ ਵਿਜੀਲੈਂਸ ਦੇ ਸਥਾਨਕ ਡੀਐਸਪੀ ਵੱਲੋਂ ਲੀਡ ਬੈਂਕ ਦੇ ਨਾਮ ਲਿਖਿਆ ਗਿਆ ਇੱਕ ਪੱਤਰ ਕਿਸੇ ਬੈਂਕ ਕਰਮਚਾਰੀ ਵੱਲੋਂ ਲੀਕ ਕਰ ਦਿੱਤਾ ਗਿਆ।
ਜਿਸ ਵਿੱਚ ਵਿਜੀਲੈਂਸ ਅਧਿਕਾਰੀ ਵੱਲੋਂ ਵਿਧਾਇਕ ਪਾਹੜਾ ਦੇ ਖਿਲਾਫ ਸ਼ੁਰੂ ਕੀਤੀ ਗਈ ਇਨਕੁਆਰੀ ਨੰਬਰ 3 ਮਿਤੀ 25 ਅਗਸਤ 2022 ਦਾ ਹਵਾਲਾ ਦਿੰਦੇ ਹੋਏ ਵੱਖ ਵੱਖ ਬੈਂਕਾਂ ਪਾਸੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਉਨ੍ਹਾਂ ਦੇ ਪਿਤਾ ,ਪਤਨੀ ਸਮੇਤ ਕੁਲ ਛੇ ਪਰਿਵਾਰਿਕ ਮੈਂਬਰਾਂ ਸਮੇਤ ਦੋ ਨਜ਼ਦੀਕੀਆਂ ਦੇ ਬੈਂਕ ਖਾਤਿਆਂ ਅਤੇ ਲੋਨ ਖਾਤਿਆਂ ਦਾ ਰਿਕਾਰਡ ਮੰਗਿਆ ਗਿਆ ਸੀ।
ਇਸ ਦੇ ਇੱਕ ਮਹੀਨੇ ਬਾਅਦ ਵੀ ਵਿਧਾਇਕ ਪਾਹੜਾ ਨੂੰ ਵਿਜੀਲੈਂਸ ਵੱਲੋਂ ਬੁਲਾਏ ਜਾਣ ਦੀ ਖਬਰ ਸਾਹਮਣੇ ਆਈ, ਜਿਸ ਬਾਰੇ ਵਿਜੀਲੈਂਸ ਅਧਿਕਾਰੀ ਜ਼ਿਆਦਾ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰਦੇ ਆ ਰਹੇ ਹਨ। ਵਿਜੀਲੈਂਸ ਵੱਲੋਂ ਸਿਰਫ ਇੰਨੀ ਪੁਸ਼ਟੀ ਕੀਤੀ ਗਈ ਸੀ ਕਿ ਵਿਧਾਇਕ ਪਾਹੜਾ ਨੂੰ ਪੁੱਛਗਿੱਛ ਲਈ ਦਫ਼ਤਰ ਬੁਲਾਇਆ ਗਿਆ ਹੈ। ਅੱਜ 10 ਵਜੇ ਦੇ ਕਰੀਬ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਿਜੀਲੈਂਸ ਦਫਤਰ ਗੁਰਦਾਸਪੁਰ ਪਹੁੰਚ ਗਏ ਹਨ ਜਿੱਥੇ ਡੀਐਸਪੀ ਵਿਜੀਲੈਂਸ ਨਿਰਮਲ ਸਿੰਘ ਵੱਲੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਵਿਧਾਇਕ ਪਾਹੜਾ ਕਾਂਗਰਸ ਪਾਰਟੀ ਦੇ ਇਕ ਤੇਜਤਰਾਰ ਆਗੂ ਹਨ ਅਤੇ ਲਗਾਤਾਰ ਸੂਬਾ ਪੱਧਰੀ ਡਿਬੇਟਸ ਆਦਿ ਵਿਚ ਪੰਜਾਬ ਦੀ ਆਪ ਸਰਕਾਰ ਦੇ ਖਿਲਾਫ ਬੋਲਦੇ ਰਹੇ ਹਨ।ਹਾਈਕਮਾਨ ਵੱਲੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਪਾਰਟੀ ਦਾ ਜਿਲਾ ਪ੍ਰਧਾਨ ਵੀ ਥਾਪਿਆ ਗਿਆ ਹੈ।
ਜ਼ਾਹਿਰ ਹੈ ਵਿਰੋਧੀ ਮਾਹੌਲ ਦੇ ਬਾਵਜੂਦ ਭਾਰੀ ਗਿਣਤੀ ਵਿਚ ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕਰਨ ਵਾਲੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦਾ ਕਦ ਪਾਰਟੀ ਵਿਚ ਕਾਫੀ ਉੱਚਾ ਹੈ। ਅਜਿਹੇ ਹਲਾਤਾਂ ਵਿੱਚ ਹੈ ਉਨ੍ਹਾਂ ਵਿਰੁੱਧ ਜੇਕਰ ਕੋਈ ਕਾਰਵਾਈ ਹੁੰਦੀ ਹੈ ਤਾਂ ਇਸਤੇ ਕਾਂਗਰਸ ਪਾਰਟੀ ਹਾਈਕਮਾਨ ਦਾ ਕੀ ਸਟੈਂਡ ਹੋਵੇਗਾ, ਇਹ ਵੀ ਦੇਖਣ ਯੋਗ ਹੋਵੇਗਾ? ਇਥੇ ਇਹ ਵੀ ਦੱਸਣਯੋਗ ਹੈ ਕਿ ਕਾਂਗਰਸ ਦੇ ਇੱਕ ਹੋਰ ਆਗੂ ਓ ਪੀ ਸੋਨੀ ਨੂੰ ਵਿਜੀਲੈਂਸ ਦੇ ਅੰਮ੍ਰਿਤਸਰ ਦਫ਼ਤਰ ਵਿਖੇ ਅੱਜ ਬੁਲਾਇਆ ਗਿਆ ਹੈ।