ਸਹਾਇਕ ਧੰਦੇ ਅਪਣਾ ਕੇ ਲੋੜਵੰਦ ਨੌਜਵਾਨ ਰੁਜ਼ਗਾਰ ਦੇ ਸਮਰੱਥ ਬਣਨ : ਡਿਪਟੀ ਕਮਿਸ਼ਨਰ
ਵਧੀਕ ਡਿਪਟੀ ਕਮਿਸ਼ਨਰ ਨੇ ਖੁੰਬ ਉਤਪਾਦਨ ਯੂਨਿਟ, ਘਰੇਲੂ ਛੱਤ ਬਗ਼ੀਚੀ, ਅਜੋਲਾ ਯੂਨਿਟ, ਅਤੇ ਸਬਜ਼ੀਆਂ ਦੀ ਘਰੇਲੂ ਬਗ਼ੀਚੀ ਯੂਨਿਟ ਦਾ ਦੌਰਾ ਕੀਤਾ
ਮਾਨਸਾ, 07 ਦਸੰਬਰ 2022 : ਕਿ੍ਰਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ ਖੁੰਬਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਸਬੰਧੀ ਪੰਜ ਰੋਜ਼ਾ ਕਿੱਤਾ ਮੁੱਖੀ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ. ਬੈਨਿਥ ਵੱਲੋ ਕੀਤਾ ਗਿਆ।
ਸ੍ਰੀ ਟੀ. ਬੈਨਿਥ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਹਾਇਕ ਧੰਦਾ ਅਪਣਾ ਕੇ ਲੋੜਵੰਦ ਨੌਜਵਾਨ ਰੁਜ਼ਗਾਰ ਦੇ ਸਮਰੱਥ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਸਹਾਇਕ ਕਿੱਤਾ ਅਪਣਾਉਣ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ, ਜਿਸ ਦਾ ਲਾਭ ਲੈ ਕੇ ਲੋੜਵੰਦ ਕਿਸਾਨ ਅਤੇ ਨੌਜਵਾਨ ਆਪਣੀ ਆਮਦਨ ਵਿਚ ਚੋਖਾ ਵਾਧਾ ਕਰ ਸਕਦੇ ਹਨ।
ਉਨ੍ਹਾਂ ਸਿਖਲਾਈ ਲੈਣ ਆਏ ਸਿਖਿਆਰਥੀਆਂ ਨੂੰ ਰੋਜ਼ਗਾਰ ਸ਼ੁਰੂ ਕਰਨ ਲਈ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਂਦੀ ਹਰ ਸੰਭਵ ਮਦਦ ਦੇਣ ਦਾ ਭੋਰਸਾ ਦਿੱਤਾ। ਉਨ੍ਹਾਂ ਕਿਸਾਨ ਬੀਬੀਆਂ ਨੂੰ ਸੈਲਫ਼ ਹੈਲਪ ਗੁਰੱਪ ਬਣਾ ਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਮੈਡਮ ਜਸਵਿੰਦਰ ਕੌਰ ਨਾਲ ਸੰਪਰਕ ਵਿੱਚ ਰਹਿਣ ਲਈ ਕਿਹਾ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕਿ੍ਰਸ਼ੀ ਵਿਗਿਆਨ ਕੇਂਦਰ ਦੇ ਖੁੰਬ ਉਤਪਾਦਨ ਯੂਨਿਟ, ਘਰੇਲੂ ਛੱਤ ਬਗ਼ੀਚੀ, ਅਜੋਲਾ ਯੂਨਿਟ, ਗੰਡੋਆ ਖਾਦ ਯੂਨਿਟ, ਤਕਨਾਲੋਜੀ ਪਾਰਕ ਅਤੇ ਸਬਜ਼ੀਆਂ ਦੀ ਘਰੇਲੂ ਪੌਸ਼ਟਿਕ ਬਗ਼ੀਚੀ ਦਾ ਦੌਰਾ ਕੀਤਾ। ਸ੍ਰੀ ਟੀ.ਬੈਨਿਥ ਨੇ ਕਿ੍ਰਸ਼ੀ ਵਿਗਿਆਨ ਕੇਂਦਰ ਵਿਖੇ ਅਲੱਗ-ਅਲੱਗ ਸਹਾਇਕ ਧੰਦਿਆਂ ਦੀ ਸਿਖਲਾਈ ਲਈ ਬਣੀਆਂ ਇਕਾਈਆਂ ਦੀ ਕਾਮਯਾਬੀ ਨੂੰ ਦੇਖਦਿਆਂ ਕਿ੍ਰਸ਼ੀ ਵਿਗਿਆਨ ਕੇਂਦਰ ਵੱਲੋਂ ਕੀਤੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਅਤੇ ਜ਼ਿਲ੍ਹੇ ਵਿੱਚ ਕਿਸਾਨਾਂ ਦੇ ਖੇਤਾਂ ਉੱਪਰ ਇਸ ਤਕਨਾਲੋਜੀ ਨੂੰ ਸਥਾਪਿਤ ਕਰਨ ਲਈ ਕਿਹਾ।