ਕੈਬਨਿਟ ਮੰਤਰੀ ਡਾ ਬਲਜੀਤ ਕੌਰ ਵੱਲੋਂ 66 ਕੇ.ਵੀ ਸਬ-ਸਟੇਸ਼ਨ ਦਾਨੇਵਾਲਾ ਦਾ ਉਦਘਾਟਨ
ਪੀਐਸਪੀਸੀਐਲ ਖਪਤਕਾਰਾਂ ਨੂੰ ਪਾਏਦਾਰ ਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਹਮੇਸ਼ਾ ਯਤਨਸ਼ੀਲ: ਪੁਨਰਦੀਪ ਸਿੰਘ ਬਰਾੜ
ਸ੍ਰੀ ਮੁਕਤਸਰ ਸਾਹਿਬ, 23 ਜਨਵਰੀ 2023: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਯਕੀਨੀ ਬਨਾਉਣ ਦੇ ਉਦੇਸ਼ ਨਾਲ ਸਥਾਪਤ ਕੀਤੇ ਗਏ 66 ਕੇ.ਵੀ ਸਬ-ਸਟੇਸ਼ਨ ਦਾਨੇਵਾਲਾ ਦਾ ਉਦਘਾਟਨ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਸਬ ਸਟੇਸ਼ਨ ਲਈ ਗਰਿੱਡ ਨੂੰ ਤਿਆਰ ਕਰਨ ਵਿੱਚ ਕਰੀਬ 3.5 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਨਾਲ ਇਲਾਕੇ ਦੇ ਲਗਭਗ 500 ਬਿਜਲੀ ਖਪਤਕਾਰਾਂ ਨੂੰ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਨਵੇਂ ਬਣੇ 66 ਕੇਵੀ ਸਬ-ਸਟੇਸ਼ਨ ਦਾਨੇਵਾਲਾ ਤੋਂ ਪੰਜ ਨੰਬਰ 11 ਕੇਵੀ ਫੀਡਰ ਨਿਕਲਦੇ ਹਨ। ਜਿਸ ਤੋਂ ਪਿੰਡ ਦਾਨੇਵਾਲਾ, ਪਿੰਡ ਘੁਮਿਆਰਾ ਅਤੇ ਪਿੰਡ ਛਾਪਿਆਵਾਲੀ ਦੇ ਘਰਾਂ ਅਤੇ ਖੇਤਾਂ ਲਈ ਬਿਜਲੀ ਸਪਲਾਈ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਇਸਦੇ ਨਾਲ ਹੀ ਮਲੋਟ ਦੇ ਫੋਕਲ ਪੁਆਇੰਟ ਵਿੱਚ ਮੌਜੂਦ ਸਨਅਤਾਂ ਨੂੰ ਵੀ ਨਿਰਵਿਘਣ ਬਿਜਲੀ ਦੀ ਸਪਲਾਈ ਚਲੇਗੀ ਅਤੇ ਪਿੰਡ ਰਥੜਿਆ, ਪਿੰਡ ਘੁਮਿਆਰਾ ਤੇ ਪਿੰਡ ਦਾਨੇਵਾਲਾ ਦੇ ਕਿਸਾਨਾਂ ਨੂੰ ਵੀ ਲਾਭ ਮਿਲੇਗਾ। ਇਸ ਮੌਕੇ ਮੌਜੂਦ ਰਹੇ ਮੁੱਖ ਇੰਜੀਨੀਅਰ ਵੈਸਟ ਜੋਨ ਬਠਿੰਡਾ ਇੰਜੀ. ਪੁਨਰਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੀਐਸਪੀਸੀਐਲ ਬਿਜਲੀ ਖਪਤਕਾਰਾਂ ਨੂੰ ਹੋਰ ਵਧੇਰੇ ਪਾਏਦਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਹਮੇਸ਼ਾ ਯਤਨਸ਼ੀਲ ਹੈ।