ਮਾਮਲਾ ਸਰਕਾਰ ਵੱਲੋਂ ਸੂਬੇ ਦੇ ਸਿਵਲ ਹਸਪਤਾਲਾਂ ਨੂੰ ਜਾਰੀ ਕੀਤੇ ਨਵੇਂ ਹੁਕਮਾਂ ਦਾ, ਆਊਟਸੋਰਸ ਮੁਲਾਜ਼ਮਾਂ ਨੇ ਕੰਮ ਠੱਪ ਕਰਕੇ ਦਿੱਤਾ ਧਰਨਾ
- ਸਿਵਲ ਹਸਪਤਾਲ ਮਾਲੇਰਕੋਟਲਾ ਦੇ ਠੇਕਾ ਤੇ ਆਊਟ-ਸੋਰਸ਼ ਮੁਲਾਜ਼ਮਾਂ ਨੇ ਕੰਮ ਠੱਪ ਕਰਕੇ ਦਿੱਤਾ ਧਰਨਾਂ
- ਕੱਲ ਤੱਕ ਤਨਖਾਹਾਂ ਜਾਰੀ ਕਰਨ ਦੇ ਦਿੱਤੇ ਭਰੋਸੇ ਉਪਰੰਤ ਰੋਸ ਧਰਨਾ ਚੁੱਕਿਆ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 29 ਜਨਵਰੀ 2023 - ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਆਪਣੇ ਅਧੀਨ ਆਉਂਦੇ ਸੂਬੇ ਭਰ ਦੇ ਸਮੂਹ ਸਿਵਲ ਹਸਪਤਾਲਾਂ ਨੂੰ ਲੰਘੀ 4 ਜਨਵਰੀ ਵਾਲੇ ਦਿਨ ਇੱਕ ਪੱਤਰ ਜਾਰੀ ਕਰਕੇ ਹੁਕਮ ਸੁਣਾਇਆ ਗਿਆ ਸੀ ਕਿ ਸਿਵਲ ਹਸਪਤਾਲਾਂ ਅੰਦਰ ਯੂਜ਼ਰ ਚਾਰਜ਼ ਫੰਡ ਚ ਜਮ੍ਹਾਂ ਹੁੰਦੀ ਹਸਪਤਾਲਾਂ ਦੀ ਰੋਜ਼ਾਨਾ ਹੋਣ ਵਾਲੀ ਆਮਦਨੀ ਦਾ ਸਾਰਾ ਪੈਸਾ ਸਰਕਾਰੀ ਖਜ਼ਾਨੇ ਚ ਜਮਾਂ ਕਰਵਾਇਆ ਜਾਵੇ, ਜਦਕਿ ਇਸੇ ਪੈਸੇ ਨਾਲ ਸਿਵਲ ਹਸਪਤਾਲਾਂ ਦੇ ਰੌਜ਼ਾਨਾਂ ਹੋਣ ਵਾਲੇ ਛੋਟੇ-ਮੋਟੇ ਖਰਚਿਆਂ ਸਮੇਤ ਠੇਕਾ ਪ੍ਰਣਾਲੀ ਅਧੀਨ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਿੱਕਲਦੀਆਂ ਹਨ, ਪਰੰਤੂ ਸਰਕਾਰ ਨੇ ਹਸਪਤਾਲਾਂ ਦੇ ਉਕਤ ਖਰਚਿਆਂ ਦਾ ਕੋਈ ਬਦਲਵਾਂ ਪ੍ਰਬੰਧ ਕੀਤੇ ਬਿਨ੍ਹਾਂ ਹੀ ਆਪਣਾ ਉਪਰੋਕਤ ਨਵਾਂ ਫੁਰਮਾਨ ਜਾਰੀ ਕਰ ਦਿੱਤਾ।ਜਿਸ ਕਾਰਨ ਠੇਕਾ ਅਧਾਰਤ ਮੁਲਾਜ਼ਮਾਂ ਨੂੰ ਲੰਘੇ ਦਸੰਬਰ ਮਹੀਨੇ ਦੀਆਂ ਤਨਖਾਹਾਂ ਹਾਲੇ ਤੱਕ ਵੀ ਨਹੀਂ ਮਿਲੀਆਂ।ਜਿਸ ਦੇ ਰੋਸ ਵੱਜੋਂ ਠੇਕੇਦਾਰ ਪ੍ਰਣਾਲੀ ਰਾਹੀਂ ਹਸਪਤਾਲਾਂ ਚ ਰੱਖੇ ਗਏ ਸਫਾਈ ਸੇਵਕਾਂ ਅਤੇ ਆਊਟ ਕਰਮਚਾਰੀਆਂ ਨੇ ਆਪਣੇ ਹਫਤਾ ਪਹਿਲਾਂ ਦੇ ਉਲੀਕੇ ਗਏ ਪ੍ਰੋਗਰਾਮ ਮੁਤਾਬਕ ਅੱਜ 3 ਘੰਟੇ ਸਮੁੱਚਾ ਕੰਮਕਾਰ ਛੱਡ ਕੇ ਵੱਖ-ਵੱਖ ਨਾਅਰੇ ਲਿਖੀਆਂ ਤਖਤੀਆਂ ਚੁੱਕ ਕੇ ਹਸਪਤਾਲ ਅੰਦਰ ਰੋਸ ਧਰਨਾ ਦਿੰਦੇ ਹੋਏ ਪੰਜਾਬ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ।
ਯੂਨੀਅਨ ਵੱਲੋਂ ਇਸ ਰੋਸ ਧਰਨੇ ਦੀ ਅਗਵਾਈ ਕਰ ਰਹੇ ਵਿੱਤ ਸਕੱਤਰ ਹਾਕਮ ਸਿੰਘ, ਸਹਾਇਕ ਸਕੱਤਰ ਪ੍ਰਗਟ ਸਿੰਘ, ਬਲਜਿੰਦਰ ਕੌਰ, ਪ੍ਰੈਸ ਸਕੱਤਰ ਸੋਹਣ ਸਿੰਘ ਅਤੇ ਪ੍ਰਗਟ ਸਿੰਘ ਨੇ ਕਿਹਾ ਕਿ ਇਹ ਨਾਦਰਸ਼ਾਹੀ ਆਦੇਸ਼ ਜਾਰੀ ਕਰਨ ਤੋਂ ਪਹਿਲਾਂ ਸਰਕਾਰ ਨੇ ਹਸਪਤਾਲਾਂ ਦੇ ਉਕਤ ਖਰਚਿਆਂ ਦਾ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਕਿ ਸਿਵਲ ਹਸਪਤਾਲਾਂ ਦੇ ਰੋਜ਼ਾਨਾਂ ਹੋਣ ਵਾਲੇ ਛੋਟੇ ਮੋਟੇ ਖਰਚਿਆਂ ਸਮੇਤ ਠੇਕੇਦਾਰੀ ਪ੍ਰਣਾਲੀ ਰਾਹੀਂ ਰੱਖੇ ਸਫਾਈ ਸੇਵਕਾਂ ਅਤੇ ਆਊਟ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਐਮਰਜੈਂਸੀ ਕੰਮਾਂ ਦੇ ਖਰਚਿਆਂ ਦੀ ਪੂਰਤੀ ਕਿਹੜੇ ਫੰਡ ਚੋਂ ਕੀਤੀ ਜਾਵੇਗਾ, ਜਦਕਿ ਕਈ ਛੋਟੇ ਹਸਪਤਾਲਾਂ ਚ ਤਾਂ ਇਹ ਰੌਜ਼ਾਨਾਂ ਵਾਲੀ ਆਮਦਨ ਨਾਲ ਵੀ ਖਰਚਿਆਂ ਦੀ ਪੂਰਤੀ ਹੋਣਾ ਮੁਸ਼ਕਿਲ ਹੋਇਆ ਪਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵੱਲੋਂ ਚੜ੍ਹਦੇ ਨਵੇਂ ਸਾਲ ਹੀ ਇਹ ਫੁਰਮਾਨ ਜਾਰੀ ਕਾਰਨ ਨਾਲ ਹਸਪਤਾਲਾਂ ਦੇ ਜ਼ਰੂਰੀ ਕੰਮਾਂ ਤੇ ਮਰੀਜ਼ਾਂ ਨੂੰ ਮਿਲਦੀਆਂ ਸਹੂਲਤਾਂ ਸਫਾਈ, ਖਰਾਬ ਲਾਈਟਾਂ ਦੀ ਮੁਰੰਮਤ ਆਦਿ ਸਮੇਤ ਜਿਥੇ ਕਈ ਹੋਰ ਕੰਮ ਪ੍ਰਭਾਵਿਤ ਹੋਣ ਲੱਗੇ ਹਨ ਉਥੇ ਠੇਕਾ ਅਧਾਰਿਤ ਸਫਾਈ ਸੇਵਕਾਂ/ਵਾਰਡ ਅਟੈਂਡੈਂਟਾਂ ਆਦਿ ਸਮੇਤ ਆਊਟ ਸੋਰਸ਼ ਮੁਲਾਜ਼ਮਾਂ ਨੂੰ ਤਾਂ ਦੋ ਮਹੀਨਿਆਂ ਦੀ ਤਨਖ਼ਾਹ ਵੀ ਨਸੀਬ ਨਾ ਹੋਣ ਕਾਰਨ ਉਨ੍ਹਾਂ ਦੇ ਘਰਾਂ ਚ ਲੋਹੜੀ ਵੀ ਠੰਡੀ ਹੀ ਰਹੀ।
ਬੁਲਾਰੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਹਸਪਤਾਲਾਂ ਚ ਕਿਸੇ ਤਰ੍ਹਾਂ ਦੀ ਕੋਈ ਗਲਤ ਗੱਲ ਨਜ਼ਰ ਆਉਂਦੀ ਹੈ ਤਾਂ ਉਸਨੂੰ ਠੀਕ ਕੀਤੇ ਜਾਣ ਦੇ ਅਸੀਂ ਵੀ ਹਮਾਇਤੀ ਹਾਂ ਪਰ ਜਿਸ ਢੰਗ ਨਾਲ ਸਰਕਾਰ ਨੇ ਉਕਤ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਹੈ ਉਸ ਨਾਲ ਪਹਿਲਾਂ ਹੀ ਮਹਿੰਗਾਈ ਦੇ ਝੰਬੇ ਠੇਕਾ ਮੁਲਾਜ਼ਮਾਂ ਨੂੰ ਭਾਰੀ ਠੇਸ ਪੁੱਜੀ ਹੈ।ਇਸ ਲਈ ਉਪਰੋਕਤ ਖਰਚਿਆਂ ਦਾ ਬਦਲਵਾਂ ਨਵਾਂ ਪ੍ਰਬੰਧ ਹੋਣ ਤੱਕ ਪਹਿਲਾਂ ਚੱਲੀ ਆ ਰਹੀ ਕਾਰਜ ਪ੍ਰਣਾਲੀ ਨੂੰ ਹੀ ਜਾਰੀ ਰੱਖਦੇ ਹੋਏ ਸਾਡੀਆਂ ਤਨਖਾਹਾਂ ਦਿੱਤੀਆਂ ਜਾਣ।ਹਸਪਤਾਲ ਦੇ ਐਸ.ਐਮ.ਓ (ਇੰਚਾਰਜ਼) ਡਾ.ਜਗਜੀਤ ਸਿੰਘ ਵੱਲੋਂ ਧਰਨੇ ਚ ਪੁੱਜ ਕੇ ਕੱਲ ਤੱਕ ਤਨਖਾਹਾਂ ਜਾਰੀ ਕਰ ਦੇਣ ਦੇ ਦਿੱਤੇ ਗਏ ਭਰੋਸੇ ਮਗਰੋਂ ਧਰਨਾਕਾਰੀ ਮੁਲਾਜ਼ਮਾਂ ਵੱਲੋਂ ਧਰਨਾਂ ਚੁੱਕ ਦਿੱਤਾ ਗਿਆ।