ਦੁਨੀਆਂ ਵਿੱਚ ਕੋਈ ਵੀ ਸ਼ੈਅ ਸ਼ੁੱਧ ਨਹੀਂ', ਨੋਬਲ ਪੁਰਸਕਾਰ ਭਾਸ਼ਣ ਦੌਰਾਨ ਬੁਲਾਰਿਆਂ ਨੇ ਉਭਾਰਿਆ ਸਾਂਝਾ ਸੂਤਰ
- ਖਚਾ-ਖਚ ਭਰਿਆ ਸਾਇੰਸ ਆਡੀਟੋਰੀਅਮ 'ਚ ਜ਼ਮੀਨ ਤੇ ਬੈਠੇ ਭਾਸ਼ਣ ਸੁਣਦੇ ਰਹੇ ਵਿਦਿਆਰਥੀ
ਜੀ ਐਸ ਪੰਨੂ
ਪਟਿਆਲਾ,1 ਫਰਵਰੀ ,2023: "ਦੁਨੀਆਂ ਵਿੱਚ ਪੂਰੀ ਤਰ੍ਹਾਂ ਸ਼ੁੱਧ ਪ੍ਰਕਿਰਤੀ ਦੀ ਕੋਈ ਸ਼ੈਅ ਨਹੀਂ ਹੁੰਦੀ। ਵਿਗਾਸ ਦੀ ਪ੍ਰਕਿਰਿਆ ਵਿੱਚ ਵੱਖ-ਵੱਖ ਪ੍ਰਜਾਤੀਆਂ ਦੇ ਜੀਨਜ਼ ਦੇ ਆਪਸੀ ਰਲ਼ੇਵੇਂ ਅਤੇ ਆਦਾਨ ਪ੍ਰਦਾਨ ਨਾਲ਼ ਹੀ ਦੁਨੀਆਂ ਏਨੀ ਖ਼ੂਬਸੂਰਤ ਬਣ ਸਕੀ ਹੈ ਜਿੰਨੀ ਕਿ ਅੱਜ ਵਿਖਾਈ ਦੇ ਰਹੀ ਹੈ।"ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸ਼ੁਰੂ ਕੀਤੀ ਗਈ ਸਾਲਾਨਾ ਭਾਸ਼ਣ ਲੜੀ ਤਹਿਤ ਅੱਜ ਪਹਿਲੇ ਕਦਮ ਵਜੋਂ 2022 ਦੌਰਾਨ ਨੋਬਲ ਪੁਰਸਕਾਰ ਜਿੱਤਣ ਵਾਲੀਆਂ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੇ ਮੁਹਾਰਤ ਖੇਤਰ ਸੰਬੰਧੀ ਵੱਖ-ਵੱਖ ਪੱਖਾਂ ਬਾਰੇ ਗੱਲ ਕਰਦਿਆਂ ਸਾਰੇ ਮਾਹਿਰਾਂ ਦੇ ਵਿਚਾਰਾਂ ਵਿੱਚੋਂ ਸਾਂਝੇ ਤੌਰ ਉੱਤੇ ਉਪਰੋਕਤ ਨੁਕਤਾ ਉੱਭਰ ਕੇ ਸਾਹਮਣੇ ਆਇਆ।
ਸਾਇੰਸ ਆਡੀਟੋਰੀਅਮ ਵਿਖੇ ਹੋਇਆ ਇਸ ਲੜੀ ਦਾ ਇਹ ਪਹਿਲਾ ਪ੍ਰੋਗਰਾਮ ਇਸ ਗੱਲ ਦਾ ਵੀ ਗਵਾਹ ਬਣਿਆ ਕਿ ਮਿਆਰੀ ਪ੍ਰੋਗਰਾਮਾਂ ਵਿੱਚ ਸਿ਼ਰਕਤ ਕਰਨ ਲਈ ਯੂਨੀਵਰਸਿਟੀ ਦੇ ਵਿਦਿਆਰਥੀ ਕਿਸ ਸਿ਼ੱਦਤ ਨਾਲ਼ ਪਹੁੰਚਦੇ ਹਨ। ਵੱਖ-ਵੱਖ ਵਿਸਿ਼ਆਂ ਅਤੇ ਅਨੁਸ਼ਾਸਨਾਂ ਵਾਲੇ ਵਿਦਿਆਰਥੀਆਂ ਅਤੇ ਫ਼ੈਕਲਟੀ ਮੈਂਬਰਾਂ ਨਾਲ਼ ਯੂਨੀਵਰਸਿਟੀ ਦਾ ਸਾਇੰਸ ਆਡੀਟੋਰੀਅਮ ਖਚਾ-ਖਚ ਭਰਿਆ ਹੋਇਆ ਸੀ ਜਿੱਥੇ ਵਿਦਿਆਰਥੀਆਂ ਨੇ ਕੁਰਸੀਆਂ ਤੋਂ ਹੇਠਾਂ ਜ਼ਮੀਨ ਉੱਤੇ ਬੈਠ ਕੇ ਵੀ ਇਸ ਪ੍ਰੋਗਰਾਮ ਨੂੰ ਮਾਣਿਆ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਪ੍ਰੋਗਰਾਮ ਵਿੱਚ ਭੌਤਿਕ ਵਿਗਿਆਨ ਦੇ ਖੇਤਰ ਵਿੱਚ 2022 ਦਾ ਐਵਾਰਡ ਜਿੱਤਣ ਵਾਲੀਆਂ ਤਿੰਨ ਸ਼ਖ਼ਸੀਅਤਾਂ ਅਲਾਇਨ ਆਸਪੈਕਟ, ਜੌਹਨ. ਐੱਫ ਕਲੌਜ਼ਰ ਅਤੇ ਐਂਟੋਨ ਜ਼ੈਲਿੰਗਰ ਦੇ ਕੰਮ ਨੂੰ ਅਧਾਰ ਬਣਾ ਕੇ ਕੁਆਂਟਮ ਭੌਤਿਕ ਵਿਗਿਆਨ ਦੇ ਬੁਨਿਆਦੀ ਨੇਮਾਂ ਬਾਰੇ ਸਰਲ ਭਾਸ਼ਾ ਵਿੱਚ ਗੱਲਬਾਤ ਕੀਤੀ। ਉਨ੍ਹਾਂ ਆਮ ਬੰਦੇ ਦੀ ਜ਼ੁਬਾਨ ਰਾਹੀਂ ਸਮਝਾਇਆ ਕਿ ਕਿਵੇਂ ਇਨ੍ਹਾਂ ਤਿੰਨਾਂ ਵਿਗਿਆਨੀਆਂ ਦੇ ਪਾਏਦਾਰ ਕਾਰਜ ਦੀ ਬਦੌਲਤ ਨਿਰਮਿਤ ਹੋਏ ਸਿਧਾਂਤ ਨੇੜ-ਭਵਿੱਖ ਵਿੱਚ ਕੁਆਂਟਮ ਕੰਪਿਊਟਰਾਂ ਦੇ ਨਿਰਮਾਣ ਸੰਬੰਧੀ ਸੰਭਾਵਨਾਵਾਂ ਪੈਦਾ ਕਰਦਾ ਹੈ। ਅਜਿਹੇ ਕੰਪਿਊਟਰ ਜਿ਼ੰਦਗੀ ਨੂੰ ਅਸਾਨ ਬਣਾਉਣ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕਰ ਸਕਣ ਦੇ ਯੋਗ ਹੋਣਗੇ।
ਉਨ੍ਹਾਂ ਭੌਤਿਕ ਵਿਗਿਆਨ ਦੇ ਖੇਤਰ ਨਾਲ਼ ਸੰਬੰਧਤ ਇਤਿਹਾਸਿਕ ਹਵਾਲੇ ਦਿੰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਗਿਆਨ ਦਾ ਖੇਤਰ ਦਿਨ-ਬ-ਦਿਨ ਆਪਣੇ ਨਾਲ਼ ਨਵੀਆਂ ਜਾਣਕਾਰੀਆਂ ਜੋੜਦਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭੌਤਿਕ ਦੁਨੀਆਂ ਬਾਰੇ ਜੋ ਆਮ ਬੰਦੇ ਦੇ ਮਨ ਵਿੱਚ ਤਸੱਵਰ ਹੈ ਉਹ ਗਿਆਨ ਦੇ ਨਵੇਂ ਪਾਸਾਰਾਂ ਬਾਰੇ ਜਾਣੂ ਹੋਣ ਨਾਲ਼ ਬਦਲਦਾ ਰਹਿੰਦਾ ਹੈ।
ਪ੍ਰੋ. ਹਿਮੇਂਦਰ ਭਾਰਤੀ ਨੇ ਮੈਡੀਸਨ ਦੇ ਖੇਤਰ ਵਿੱਚ ਸਵਾਂਤੇ ਪਾਬੋ ਨੂੰ ਮਿਲੇ ਨੋਬਲ ਪੁਰਸਕਾਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਿਵੇਂ ਇਸ ਵਿਗਿਆਨੀ ਨੇ ਪੂਰੀ ਧਰਤੀ ਦੇ ਵੱਖ-ਵੱਖ ਭੂਗੋਲਿਕ ਖਿੱਤਿਆਂ ਵਿੱਚੋਂ ਪ੍ਰਾਪਤ ਪੁਰਾਤਨ ਅਤੇ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਦੇ ਅਵਸ਼ੇਸ਼ਾਂ ਵਿੱਚੋਂ ਡੀ. ਐੱਨ. ਏ. ਲੈ ਕੇ ਪ੍ਰਯੋਗ ਕੀਤੇ ਜਿਨ੍ਹਾਂ ਵਿੱਚੋਂ ਉਸ ਦੀ ਮੁੱਖ ਖੋਜ ਦੇ ਨਾਲ਼ ਨਾਲ਼ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਕਿ ਵੱਖ-ਵੱਖ ਖਿੱਿਤਆਂ ਵਿੱਚ ਵਸਦੇ ਲੋਕ ਭਾਵੇਂ ਧਰਮਾਂ, ਨਸਲਾਂ, ਰੰਗਾਂ ਆਦਿ ਦੇ ਅਧਾਰ ਉੱਤੇ ਇੱਕ ਦੂਜੇ ਤੋਂ ਵੱਖਰੇ ਅਤੇ ਆਪੋ ਆਪਣੇ ਪੱਧਰ ਉੱਤੇ ਸ਼ੁੱਧ ਹੋਣ ਦਾ ਦਾਅਵਾ ਕਰਦੇ ਹੋਣ ਪਰ ਸਚਾਈ ਇਸ ਦੇ ਉਲਟ ਹੈ।
ਪ੍ਰੋ. ਪੁਸ਼ਪਿੰਦਰ ਸਿਆਲ ਵੱਲੋਂ ਸਾਹਿਤ ਦੇ ਖੇਤਰ ਵਿੱਚ 2022 ਦਾ ਨੋਬਲ ਪੁਰਸਕਾਰ ਪ੍ਰਾਪਤ ਫਰਾਂਸੀਸੀ ਲੇਖਿਕਾ ਐਨੀ ਐਰਨੌਅ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਉਸ ਦੀਆਂ ਲਿਖਤਾਂ ਵਿੱਚ ਨਾਰੀਵਾਦ ਜਿਹੇ ਮਸਲੇ ਨੀਵੀਂ ਕਲਾਤਮਿਕ ਸੁਰ ਸਹਿਤ ਪੇਸ਼ ਹੋਏ ਹਨ। ਉਨ੍ਹਾਂ ਇਸ ਲੇਖਿਕਾ ਦੇ ਹਵਾਲੇ ਨਾਲ਼ ਫਰਾਂਸ ਵਿੱਚ ਸਾਹਿਤ ਦੇ ਖੇਤਰ ਵਿਚਲੀਆਂ ਪ੍ਰਚੱਲਿਤ ਰਵਾਇਤਾਂ ਬਾਰੇ ਵੀ ਗੱਲਾਂ ਕੀਤੀਆਂ।
ਡਾ. ਪੂਨਮ ਪਤਿਆਰ ਨੇ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਨੋਬਲ-2022 ਜੇਤੂ ਕੈਰੋਲਿਨ ਆਰ. ਬੈਟਰੋਜ਼ੀ, ਮੌਰਟਨ ਮੈਲਡਲ ਅਤੇ ਕੇ. ਬੈਰੀ ਸ਼ਾਰਪਲੈੱਸ ਬਾਰੇ ਗੱਲ ਕਰਦਿਆਂ ਜਿੱਥੇ ਉਨ੍ਹਾਂ ਦੀ ਖੋਜ ਬਾਰੇ ਅਹਿਮ ਗੱਲਾਂ ਕੀਤੀਆਂ ਉੱਥੇ ਨਾਲ਼ ਹੀ ਇਹ ਵੀ ਦੱਸਿਆ ਕਿ ਇਨ੍ਹਾਂ ਵਿੱਚ ਸ਼ਾਮਿਲ ਵਿਗਿਆਨੀ ਕੈਰੋਲਿਨ ਆਰ. ਬੈਟਰੋਜ਼ੀ ਨੂੰ ਇੱਕ ਔਰਤ ਹੋਣ ਦੇ ਨਾਤੇ ਕਿਵੇਂ ਆਪਣੇ ਆਪ ਨੂੰ ਇੱਕ ਵਿਗਿਆਨੀ ਵਜੋਂ ਸਥਾਪਿਤ ਕਰਨ ਵਿੱਚ ਮੁਸ਼ਕਲਾਂ ਪੇਸ਼ ਆਈਆਂ।
ਡਾ. ਰਾਕੇਸ਼ ਕੁਮਾਰ ਨੇ ਅਰਥ ਸ਼ਾਸਤਰ ਦੇ ਖੇਤਰ ਵਿੱਚ ਨੋਬਲ ਜੇਤੂ ਫਿ਼ਲਿਪ ਐੱਚ. ਡਿਬਵਿਗ, ਡੋਅਲਸ ਡਾਇਮੰਡ ਅਤੇ ਬੈੱਨ. ਐੱਸ. ਬਰਨਾਨਕੇ ਵੱਲੋਂ ਕੀਤੀਆਂ ਖੋਜਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਿਵੇਂ ਇਨ੍ਹਾਂ ਵੱਲੋਂ ਕੀਤੀ ਗਈ ਖੋਜ ਵਿੱਚੋਂ ਸਾਹਮਣੇ ਆਏ ਤੱਥਾਂ ਨੇ ਸੰਸਾਰ ਵਿੱਚ ਮੰਦੀ ਦੇ ਹਾਲਤ ਨਾਲ਼ ਨਜਿੱਠਣ ਵਿੱਚ ਮਦਦ ਕੀਤੀ ਹੈ। ਇਸ ਪੱਖੋਂ ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਨਿੱਜੀ ਖੇਤਰ ਦੀ ਇੱਕ ਬੈਂਕ (ਯੈੱਸ ਬੈਂਕ) ਨੂੰ ਡੁੱਬਣ ਤੋਂ ਬਚਾਉਣ ਲਈ ਇਨ੍ਹਾਂ ਸਿਧਾਂਤਾਂ ਦੀ ਹੀ ਮਦਦ ਲਈ ਗਈ ਸੀ। ਇਸ ਖੋਜ ਦੇ ਹਵਾਲੇ ਨਾਲ ਉਨ੍ਹਾਂ ਬੈਂਕਾਂ ਦੇ ਮਹੱਤਵ ਬਾਰੇ ਗੱਲ ਕਰਦਿਆਂ ਦੱਸਿਆ ਕਿ ਬੈਂਕ ਪ੍ਰਣਾਲ਼ੀ ਨੂੰ ਜਿਉਂਦਾ ਰੱਖਣ ਕਿਉਂ ਜ਼ਰੂਰੀ ਹੈ ਅਤੇ ਇਸ ਲਈ ਕਿਸ ਤਰ੍ਹਾਂ ਕਾਰਜ ਕੀਤਾ ਜਾ ਸਕਦਾ ਹੈ।