ਸਰਕਾਰੀ ਚੌਲਾਂ ਦੀ ਚੋਰੀ ਦੇ ਭਰੇ ਟਰੱਕ ਵਿਚ ਸ਼ੈਲਰ ਮਾਲਕ ਦੀ ਸ਼ਮੂਲੀਅਤ ਦਾ ਭੇਦ ਖੁੱਲ੍ਹਿਆ, ਰਾਈਸ ਮਿੱਲ ਦਾ ਮਾਲਕ ਗ੍ਰਿਫਤਾਰ
ਦੀਪਕ ਜੈਨ
ਜਗਰਾਓਂ, 2 ਫਰਵਰੀ 2023 - ਲੁਧਿਆਣਾ ਦਿਹਾਤੀ ਪੁਲਿਸ ਦੇ ਐਸਐਸਪੀ ਹਰਜੀਤ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ 24 ਜਨਵਰੀ ਨੂੰ ਸਰਕਾਰੀ ਚੌਲਾਂ ਦੀ ਚੋਰੀ ਦੇ ਟਰੱਕ ਨੂੰ ਕਾਬੂ ਕਰਨ ਵਿਚ ਜੋ ਸਫਲਤਾ ਪਾਈ ਸੀ ਉਸ ਬਾਬਤ ਅੱਜ ਮਹਿਤਾਬ ਰਾਈਸ ਮਿੱਲ ਦੇ ਮਾਲਕ ਜਗਮੋਹਨ ਬਾਂਸਲ ਨੂੰ ਵੀ ਇਸ ਕੇਸ ਵਿਚ ਸ਼ਮੂਲਿਯਤ ਹੋਣ ਕਾਰਨ ਗਿਰਫ਼ਤਾਰ ਕਰ ਲਿਆ ਗਿਆ ਹੈ।
ਐਸਐਸਪੀ ਨੇ ਦਸਿਆ ਕਿ ਪੁਲਿਸ ਨੂੰ ਮੁੱਢਲੀ ਜਾਣਕਾਰੀ ਮਿਲਣ ਤੇ ਹੀ ਰਾਈਸ ਮਿੱਲ ਮਾਲਕ ਤੇ ਪੂਰੀ ਤਰ੍ਹਾਂ ਸ਼ੱਕ ਸੀ ਅਤੇ ਪਹਿਲਾਂ ਗਿਰਫ਼ਤਾਰ ਕੀਤੇ ਗਏ ਦੋਸ਼ੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਸਹੀ ਸਾਬਿਤ ਹੋ ਗਿਆ ਸੀ ਕਿ ਉਹ ਚੋਰੀ ਦੇ ਚੌਲ ਮਹਿਤਾਬ ਰਾਈਸ ਮਿੱਲ ਦਾ ਮਾਲਕ ਹੀ ਖਰੀਦ ਕਰਦਾ ਸੀ ਕਿਓਂਕਿ ਉਸਦੇ ਸ਼ੈਲਰ ਤੋਂ ਪਨਗ੍ਰੇਨ ਦਾ ਕਾਫੀ ਲੋੜੀਂਦਾ ਸਾਮਾਨ ਬਰਾਮਦ ਹੋਇਆ ਸੀ।
ਇਥੇ ਇਹ ਦਸਣਯੋਗ ਹੈ ਕਿ ਪਿੰਡ ਮਲਕ-ਚੀਮਨਾ ਦੇ ਰਾਹ ਉੱਪਰ ਇੱਕ ਟਰੱਕ ਜੋਕਿ ਪਨਗ੍ਰੇਨ ਦੀਆਂ 150 ਤੋਂ ਵੀ ਜ਼ਿਆਦਾ ਬੋਰੀਆਂ ਚੋਰੀ ਕਰਕੇ ਲੈ ਜਾ ਰਿਹਾ ਸੀ ਅਤੇ ਇਸਨੂੰ ਟਰੱਕ ਡਰਾਈਵਰ ਸੁਰਿੰਦਰ ਸਿੰਘ ਚਲਾ ਰਿਹਾ ਸੀ। ਪੁਲਿਸ ਨੇ ਗੁਪਤ ਸੂਚਨਾ ਮਿਲਣ ਦੇ ਆਧਾਰ 'ਤੇ ਟਰੱਕ ਨੂੰ ਰਸਤੇ ਵਿਚ ਹੀ ਘੇਰ ਲਿਆ ਅਤੇ ਡਰਾਈਵਰ ਨੂੰ ਮੌਕੇ ਤੇ ਹੀ ਗਿਰਫ਼ਤਾਰ ਕਰ ਲਿਆ ਗਿਆ ਪਰ ਉਸਦਾ ਦੂਸਰਾ ਸਾਥੀ ਪੁਲਿਸ ਨੂੰ ਝਕਾਨੀ ਦੇਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ।
ਲੁਧਿਆਣਾ ਦਿਹਾਤੀ ਪੁਲਿਸ ਦੇ ਐਸਐਸਪੀ ਹਰਜੀਤ ਸਿੰਘ ਨੇ ਦਸਿਆ ਕਿ ਪਨਗ੍ਰੇਨ ਦੇ ਚੌਲ ਇਕ ਪ੍ਰਾਇਵੇਟ ਗੋਦਾਮ ਵਿਚ ਸਟੋਰ ਕੀਤੇ ਹੋਏ ਹਨ ਅਤੇ ਇਸ ਸਟੋਰ ਦਾ ਚੌਂਕੀਦਾਰ ਨਰਿੰਦਰ ਸਿੰਘ ਗੋਦਾਮ ਵਿਚੋਂ ਚੋਰਾਂ ਨਾਲ ਮਿਲਕੇ ਚੌਲਾਂ ਦੇ ਗੱਟੂ ਟਰੱਕ ਵਿਚ ਲੋਡ਼ ਕਰਕੇ ਬਾਹਰ ਵੇਚ ਰਿਹਾ ਸੀ। ਓਨਾ ਇਹ ਵੀ ਦਸਿਆ ਕਿ ਇਹ ਟਰੱਕ ਜਗਰਾਓਂ ਦੇ ਨੇੜਲੇ ਹੀ ਇਕ ਸ਼ੈਲਰ ਮਹਿਤਾਬ ਰਾਈਸ ਮਿਲ ਉੱਪਰ ਉਤਾਰਿਆ ਜਾਣਾ ਸੀ। ਹੁਣ ਪੁਲਿਸ ਦੀ ਪੜਤਾਲ ਵਿਚ ਸ਼ੈਲਰ ਮਾਲਕ ਨੂੰ ਦੋਸ਼ੀ ਮੰਨਦੇ ਹੋਏ ਗਿਰਫ਼ਤਾਰ ਕਰ ਲਿਆ ਗਿਆ ਹੈ।