ਬੀਕੇਯੂ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਮੇਤ ਤਿੰਨ ਹੋਰ ਸੂਬਾਈ ਆਗੂਆਂ ਅਤੇ ਤਿੰਨ ਹੋਰ ਆਗੂਆਂ ਨੂੰ ਬਰਖ਼ਾਸਤ ਕਰਨ ਦੀ ਸਖ਼ਤ ਨਿਖੇਧੀ
- ਐੱਸਕੇਐੱਮ ਵੱਲੋਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੂੰ ਜਾਰੀ ਕੀਤਾ ਪੱਤਰ ਵਿਚਾਰਨ ਤੋਂ ਲੀਡਰਸ਼ਿਪ ਭਗੌੜੀ ਹੋਈ
- ਲੀਡਰਸ਼ਿਪ ਦੀ ਫੁੱਟ ਪਾਊ, ਗੈਰਸੰਵਿਧਾਨਕ, ਗੈਰਜਥੇਬੰਦਕ, ਗੁੱਟਬੰਦਕ ਕਾਰਵਾਈ ਨੂੰ ਵਿਚਾਰਨ ਲਈ ਜਨਰਲ ਕੌਂਸਲ ਜਲਦ ਬੁਲਾਈ ਜਾਵੇਗੀ: ਮਨਜੀਤ ਧਨੇਰ
- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੰਵਿਧਾਨ ਅਤੇ ਐਲਾਨਨਾਮੇ ਨੂੰ ਬੁਲੰਦ ਰੱਖਿਆ ਜਾਵੇਗਾ: ਬਲਵੰਤ ਉੱਪਲੀ
ਦਲਜੀਤ ਕੌਰ
ਮਹਿਲਕਲਾਂ, 8 ਫਰਵਰੀ, 2023: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਕੁੱਝ ਹੋਰ ਆਗੂਆਂ ਵੱਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਸਮੇਤ ਤਿੰਨ ਹੋਰ ਸੂਬਾ ਆਗੂਆਂ ਅਤੇ ਤਿੰਨ ਹੋਰ ਆਗੂਆਂ ਨੂੰ ਬਰਖ਼ਾਸਤ ਕਰਨ ਦੇ ਅਸਲ ਕਾਰਨਾਂ ਨੂੰ ਜਾਨਣ ਲਈ ਜ਼ਿਲ੍ਹਾ ਪੱਧਰੀ ਮੀਟਿੰਗ ਇਤਿਹਾਸਕ ਕਸਬਾ ਮਹਿਲਕਲਾਂ ਵਿਖੇ ਸਾਹਿਬ ਸਿੰਘ ਬਡਬਰ, ਜਗਰਾਜ ਸਿੰਘ ਹਰਦਾਸਪੁਰਾ, ਬਾਬੂ ਸਿੰਘ ਖੁੱਡੀ ਕਲਾਂ, ਭੋਲਾ ਸਿੰਘ ਛੰਨਾਂ ਦੀ ਪ੍ਰਧਾਨਗੀ ਹੇਠ ਹੋਈ। ਵੱਡੀ ਮੀਟਿੰਗ ਜ਼ਿਲ੍ਹਾ ਪੱਧਰੀ ਰੈਲੀ ਦਾ ਰੂਪ ਧਾਰਨ ਕਰ ਗਈ।
ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਆਗੂਆਂ ਮਨਜੀਤ ਸਿੰਘ ਧਨੇਰ, ਬਲਵੰਤ ਸਿੰਘ ਉੱਪਲੀ ਨੇ ਵਿਸਥਾਰ ਸਹਿਤ ਗੱਲ ਰੱਖਦਿਆਂ ਕਿਹਾ ਕਿ ਸੂਬਾ ਲੀਡਰਸ਼ਿਪ ਦੇ ਇੱਕ ਗੁੱਟ ਵੱਲੋਂ ਫੁੱਟ ਪਾਊ, ਗੈਰਸੰਵਿਧਾਨਕ, ਗੈਰ ਜਥੇਬੰਦਕ, ਗੁੱਟਬੰਦਕ ਅਮਲ ਰਾਹੀਂ 2 ਫਰਬਰੀ ਦੀ ਸੂਬਾਈ ਮੀਟਿੰਗ ਵਿੱਚ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਸੀ। ਇਸੇ ਹੀ ਤਰ੍ਹਾਂ ਬਠਿੰਡਾ ਜ਼ਿਲ੍ਹੇ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਜੇਠੂਕੇ, ਬਰਨਾਲਾ ਜ਼ਿਲ੍ਹੇ ਦੇ ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ, ਬਲਾਕ ਬਰਨਾਲਾ ਦੇ ਜਨਰਲ ਸਕੱਤਰ ਬਾਬੂ ਸਿੰਘ ਖੁੱਡੀ ਕਲਾਂ ਨੂੰ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਸੀ। ਬੂਟਾ ਸਿੰਘ ਬੁਰਜਗਿੱਲ ਦੇ ਗੁੱਟ ਵੱਲੋਂ ਅਜਿਹੇ ਹੋਛੇ ਹੱਥਕੰਡਿਆਂ ਬਾਰੇ ਗੱਲਬਾਤ ਕਰਦਿਆਂ ਆਗੂਆਂ ਦੱਸਿਆ ਕਿ ਤਿੰਨ ਖੇਤੀ ਬਾੜੀ ਵਿਰੋਧੀ ਕਾਨੂੰਨਾਂ ਖਿਲਾਫ਼ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਅਤੇ ਗੁਰਮੀਤ ਸਿੰਘ ਭੱਟੀਵਾਲ ਵੱਲੋਂ ਕੇਂਦਰੀ ਏਜੰਸੀਆਂ ਅਤੇ ਸਰਕਾਰ ਨਾਲ ਮਿਲ ਕੇ ਘੋਲ ਨੂੰ ਹਰਜਾ ਪਹੁੰਚਾਉਣ ਲਈ ਕੀਤੀਆਂ ਕਾਰਵਾਈਆਂ ਖ਼ਿਲਾਫ਼ 6 ਦਸੰਬਰ, 2022 ਨੂੰ ਐਸਕੇਐਮ ਦੀ ਪੜਤਾਲੀਆ ਕਮੇਟੀ ਵੱਲੋਂ ਜਾਰੀ ਕੀਤੇ ਨੋਟਿਸ ਉੱਪਰ ਵਿਚਾਰ ਕਰਨ ਤੋਂ ਭਗੌੜੀ ਹੋ ਗਈ ਸੀ।
ਆਗੂਆਂ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਸੂਬਾ ਪ੍ਰਧਾਨ ਬੁਰਜਗਿੱਲ ਲੰਬੇ ਸਮੇਂ ਤੋਂ ਫੁੱਟ ਪਾਊ, ਗੈਰਸੰਵਿਧਾਨਕ, ਗੈਰ ਜਥੇਬੰਦਕ, ਗੁੱਟਬੰਦਕ ਅਮਲ ਚਲਾ ਰਿਹਾ ਹੈ। ਹੁਣ 5 ਫਰਬਰੀ ਨੂੰ ਬੁਖਲਾਹਟ ਵਿੱਚ ਆ ਕੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਸਮੇਤ ਦੋ ਹੋਰ ਸੀਨੀਅਰ ਸੂਬਾਈ ਆਗੂਆਂ ਨੂੰ ਜਥੇਬੰਦੀ ਵਿੱਚੋਂ ਖਾਰਜ ਕਰਨ ਦਾ ਤਾਨਾਸ਼ਾਹੀ ਫੁਰਮਾਨ ਜਾਰੀ ਕਰ ਦਿੱਤਾ ਹੈ। ਬੂਟਾ ਸਿੰਘ ਬੁਰਜਗਿੱਲ ਦਾ ਗੁੱਟ ਅਜਿਹੀਆਂ ਕਾਰਵਾਈਆਂ ਸੰਵਿਧਾਨ ਦੇ ਸਾਰੇ ਅਸੂਲਾਂ ਨੂੰ ਛਿੱਕੇ ਟੰਗ ਕੇ ਬੁਖਲਾਹਟ ਵਿੱਚ ਆਕੇ ਅਜਿਹੀਆਂ ਕਾਰਵਾਈਆਂ ਰਾਹੀਂ ਸੱਚ ਦੀ ਆਵਾਜ਼ ਨੂੰ ਦਬਾਉਣ ਦੀਆਂ ਸਾਜ਼ਿਸ਼ਾਂ ਰਚ ਰਿਹਾ ਹੈ।
ਆਗੂਆਂ ਕਿਹਾ ਕਿ ਸਾਡੇ ਸੂਬਾ ਆਗੂ ਦਿੱਲੀ ਮੋਰਚੇ ਦੌਰਾਨ ਬੂਟਾ ਸਿੰਘ ਬੁਰਜਗਿੱਲ, ਜਗਮੋਹਨ ਸਿੰਘ ਪਟਿਆਲਾ ਅਤੇ ਗੁਰਮੀਤ ਸਿੰਘ ਭੱਟੀਵਾਲ ਵੱਲੋਂ ਕੇਂਦਰੀ ਏਜੰਸੀਆਂ ਦੇ ਇਸ਼ਾਰਿਆਂ ਤੇ ਕੀਤੀਆਂ ਸਾਂਝ ਭਿਆਲੀ ਵਾਲੀਆਂ ਕਾਰਵਾਈਆਂ ਨੂੰ ਸੰਵਿਧਾਨਕ ਅਦਾਰਿਆਂ ਵਿੱਚ ਵਿਚਾਰਨ ਲਈ ਲਿਖਤੀ ਅਤੇ ਜ਼ੁਬਾਨੀ ਇੱਕ ਸਾਲ ਤੋਂ ਮੰਗ ਕਰ ਰਹੇ ਸਨ ਪਰ ਇਹ ਗੁੱਟ ਅਦਾਰਿਆਂ ਵਿੱਚ ਇਨ੍ਹਾਂ ਵਿਸ਼ਿਆਂ ਉੱਪਰ ਵਿਚਾਰ ਵਟਾਂਦਰਾ ਕਰਨ ਤੋਂ ਟਾਲਾ ਵੱਟ ਰਿਹਾ ਸੀ। ਬੂਟਾ ਸਿੰਘ ਬੁਰਜਗਿੱਲ ਦਾ ਗੁੱਟ ਕੇਂਦਰੀ ਏਜੰਸੀਆਂ ਦੇ ਇਸ਼ਾਰੇ ਅਨੁਸਾਰ ਦਿੱਲੀ ਮੋਰਚੇ ਸਮੇਂ ਚਲਦੇ ਘੋਲ ਦੌਰਾਨ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕਿਆ। ਹੁਣ ਇੱਕ ਵਾਰ ਫੇਰ ਐੱਸਕੇਐੱਮ ਦੀ ਅਗਵਾਈ ਵਿੱਚ 9 ਦਸੰਬਰ 2021 ਨੂੰ ਲਿਖਤੀ ਸਮਝੌਤਾ ਕਰਨ ਵੇਲੇ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਲਈ ਸਾਂਝਾ ਕਿਸਾਨ ਸੰਘਰਸ਼ ਦਿੱਲੀ ਦੀਆਂ ਬਰੂਹਾਂ ਵੱਲ ਵਹੀਰਾਂ ਘੱਤਣ ਦੀਆਂ ਤਿਆਰੀਆਂ ਕਰ ਰਿਹਾ ਹੈ ਤਾਂ ਜਥੇਬੰਦੀ ਵਿੱਚੋਂ ਸੂਬਾ ਆਗੂਆਂ ਨੂੰ ਸੰਵਿਧਾਨ ਦੀਆਂ ਮਰਿਆਦਾਵਾਂ ਨੂੰ ਉਲੰਘਕੇ ਖਾਰਜ ਕਰਕੇ ਇੱਕ ਜੁੱਟ ਕਿਸਾਨ ਨੂੰ ਗੰਭੀਰ ਹਰਜ਼ਾ ਪਹੁੰਚਣ ਦੀ ਸਾਜ਼ਿਸ਼ ਰਚ ਰਿਹਾ ਹੈ।
ਆਗੂਆਂ ਕਿਹਾ ਕਿ ਬੂਟਾ ਸਿੰਘ ਬੁਰਜਗਿੱਲ ਦੇ ਗੁੱਟ ਵੱਲੋਂ ਬੁਖਲਾਹਟ ਵਿੱਚ ਆ ਕੇ ਕੀਤੀਆਂ ਜਾ ਰਹੀਆਂ ਇਹਨਾਂ ਤਾਨਾਸ਼ਾਹ, ਗੈਰਸੰਵਿਧਾਨਕ, ਗੁੱਟ ਬੰਦਕ ਕਾਰਵਾਈਆਂ ਦਾ ਡਟਕੇ ਲੋਕ ਸੱਥਾਂ ਵਿੱਚ ਵਿਰੋਧ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੰਵਿਧਾਨ ਅਤੇ ਐਲਾਨਨਾਮੇ ਨੂੰ ਹਰ ਹਾਲਾਤ ਵਿੱਚ ਬੁਲੰਦ ਰੱਖਿਆ ਜਾਵੇਗਾ।
ਬੂਟਾ ਸਿੰਘ ਬੁਰਜਗਿੱਲ ਦੀਆਂ ਫੁੱਟ ਪਾਊ, ਗੈਰਸੰਵਿਧਾਨਕ ਕਾਰਵਾਈਆਂ ਨੂੰ ਵਿਚਾਰਨ ਲਈ ਜਲਦ ਹੀ ਜਥੇਬੰਦੀ ਦੀ ਸੰਵਿਧਾਨਕ ਮਰਿਆਦਾ ਅਨੁਸਾਰ ਉੱਚਤਮ ਅਦਾਰੇ ਜਨਰਲ ਕੌਂਸਲ ਬੁਲਾਈ ਗਈ ਹੈ। ਇਹ ਜਨਰਲ ਕੌਂਸਲ ਮਨਜੀਤ ਧਨੇਰ, ਗੁਰਦੀਪ ਰਾਮਪੁਰਾ, ਬਲਵੰਤ ਉੱਪਲੀ, ਕਿਸ਼ਨਗੜ੍ਹ ਅਤੇ ਹੋਰ ਸੂਬਾਈ ਆਗੂਆਂ ਦੀ ਅਗਵਾਈ ਹੇਠ ਹੋਵੇਗੀ।
ਇਸ ਮੌਕੇ ਰੂਪ ਸਿੰਘ ਗਹਿਲ, ਅੰਗਰੇਜ ਸਿੰਘ ਤੇ ਜੱਗੀ ਸਿੰਘ ਰਾਏਸਰ, ਭਾਗ ਸਿੰਘ, ਸੁਖਦੇਵ ਸਿੰਘ ਕੁਰੜ, ਜਗਜੀਤ ਸਿੰਘ ਅਤੇ ਸੁਖਵਿੰਦਰ ਕੌਰ, ਰਾਜਦੀਪ ਕੌਰ ਧਨੇਰ, ਚਮਕੌਰ ਸਿੰਘ ਸਹਿਜੜਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਹੰਢਿਆਇਆ, ਰਾਜ ਸਿੰਘ ਹਮੀਦੀ, ਅਮਰਜੀਤ ਠੁੱਲੀਵਾਲ, ਮੱਘਰ ਸਿੰਘ ਤੇ ਜੱਗਾ ਸਿੰਘ ਅਤੇ ਜਸਵੰਤ ਕੌਰ ਮਹਿਲਕਲਾਂ, ਜਸਵਿੰਦਰ ਕੌਰ ਕਲਾਲਮਾਜਰਾ, ਭਾਗ ਸਿੰਘ ਕੁਰੜ, ਜਗਤਾਰ ਸਿੰਘ, ਮਕੰਦ ਸਿੰਘ ਹਰਦਾਸਪੁਰਾ, ਹਰਬੰਸ ਸਿੰਘ ਗੋਬਿੰਦਗੜ੍ਹ, ਮਨਦੀਪ ਦੱਧਾਹੂਰ, ਬਲਦੇਵ ਸਿੰਘ, ਬਿੰਦਰ ਸਿੰਘ ਗੰਗੋਹਰ, ਕੁਲਵੰਤ ਸਿੰਘ ਜਸਵੰਤ ਸਿੰਘ ਹਰਪਾਲ ਸਿੰਘ ਹੰਢਿਆਇਆ, ਕੁਲਵਿੰਦਰ ਸਿੰਘ ਉੱਪਲੀ, ਕਾਲਾ ਸਿੰਘ ਜੈਦ, ਕੁਲਵੰਤ ਸਿੰਘ ਭਦੌੜ, ਅਮਨਦੀਪ ਸਿੰਘ ਭਦੌੜ, ਹਰਮੰਡਲ ਸਿੰਘ ਜੋਧਪੁਰ ਆਦਿ ਇਕਾਈਆਂ ਦੇ ਆਗੂਆਂ ਨੇ ਬੀਕੇਯੂ ਏਕਤਾ ਡਕੌਂਦਾ ਜ਼ਿਲ੍ਹਾ ਬਰਨਾਲਾ ਦੇ ਜਨਰਲ ਕੌਂਸਲ ਮੈਂਬਰਾਂ ਨੂੰ ਪੂਰੇ ਇਨਕਲਾਬੀ ਜ਼ੋਰ ਸ਼ਾਮਿਲ ਹੋਣ ਦੀ ਅਪੀਲ ਕੀਤੀ।