ਮਾਨਸਾ ਦਾ ਸੀ-206 ਰੇਲਵੇ ਫਾਟਕ ਬੰਦ ਕਰਨ ਸਬੰਧੀ ਐਸ ਡੀ ਐਮ ਨੂੰ ਰੇਲਵੇ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰ ਨੂੰ ਵਾਪਸ ਕਰਨ ਦੀ ਕੀਤੀ ਅਪੀਲ
- ਜੇਕਰ ਸੀ-206 ਰੇਲਵੇ ਫਾਟਕ ਬੰਦ ਕੀਤਾ ਜਾਂਦਾ ਹੈ ਤਾਂ ਮਾਨਸਾ ਸ਼ਹਿਰ ਦੋ ਹਿੱਸਿਆਂ ਵਿਚ ਵੰਡਿਆ ਜਾਵੇਗਾ : ਐਡਵੋਕੇਟ ਮਾਹਲ
ਸੰਜੀਵ ਜਿੰਦਲ
ਮਾਨਸਾ, 8 ਫਰਵਰੀ 2023 : ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਐਸ.ਡੀ.ਐਮ ਦਫਤਰ ਮਾਨਸਾ ਨੂੰ ਰੇਲਵੇ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਆਇਆ ਹੈ ਜਿਸ ਰਾਹੀਂ ਐਸ.ਡੀ.ਐਮ ਮਾਨਸਾ ਨੂੰ 28-02-2023 ਤੱਕ ਮਾਨਸਾ ਦਾ ਸੀ-206 ਰੇਲਵੇ ਫਾਟਕ ਬੰਦ ਕਰਨ ਦਾ ਹੁਕਮ ਕੀਤਾ ਗਿਆ ਹੈ l ਜੋ ਕਿ ਬਿਲਕੁਲ ਸਹੀ ਨਹੀਂ ਹੈ। ਕਿਉਕਿ ਇਸ ਸਬੰਧੀ ਸਮੂਹ ਮਾਨਸਾ ਵਾਸੀਆ ਨੂੰ ਇਤਰਾਜ ਹੈ।
ਮਾਨਸਾ ਸ਼ਹਿਰ ਦੀ ਆਬਾਦੀ ਤਕਰੀਬਨ ਡੇਢ ਲੱਖ ਦੇ ਕਰੀਬ ਹੋ ਚੁੱਕੀ ਹੈ ਜੋ ਰੇਲਵੇ ਲਾਇਨ ਮਾਨਸਾ ਸ਼ਹਿਰ ਵਿੱਚ ਦੀ ਲੰਘਦੀ ਹੈ ਉਹ ਸ਼ਹਿਰ ਨੂੰ ਬਰਾਬਰ ਦੋ ਹਿੱਸਿਆ ਵਿੱਚ ਵੰਡ ਦੀ ਹੈ। ਮਾਨਸਾ ਸ਼ਹਿਰ ਪੁਰਾਤਨ ਮੰਡੀ ਹੋਣ ਕਾਰਨ ਇਸ ਦੇ ਬਾਜਾਰ ਅੰਦਰੂਨੀ ਰਸਤੇ ਤੰਗ ਹਨ। ਜਿਸ ਲਈ ਕੇਵਲ ਇੱਕ ਸਾਈਡ ਤੋਂ ਦੂਜੀ ਸਾਈਡ ਤੇ ਜਾਣ ਲਈ ਸਭ ਤੋਂ ਵੱਧ ਵਰਤਿਆਂ ਜਾਣ ਵਾਲਾ ਰਸਤਾ ਸੀ-206 ਰੇਲਵੇ ਫਾਟਕ ਹੀ ਹੈ। ਜੇਕਰ ਇਹ ਬੰਦ ਕੀਤਾ ਜਾਂਦਾ ਹੈ ਤਾਂ ਸ਼ਹਿਰ ਨੂੰ ਦੋ ਹਿੱਸਿਆ ਵਿੱਚ ਵੰਡਿਆ ਜਾਵੇਗਾ ਅਤੇ ਸ਼ਹਿਰ ਦੇ ਇੱਕ ਪਾਸੇ ਦੇ ਲੋਕਾਂ ਨੂੰ ਦੂਜੇ ਪਾਸੇ ਜਾਣ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਦੱਸਣਯੋਗ ਇਹ ਕਿ ਮਾਨਸਾ ਦੇ ਰੇਲਵੇ ਲਾਈਨ ਦੇ ਇੱਕ ਸਾਈਡ ਬੱਸ ਅੱਡਾ ਜਿਲ੍ਹਾ ਕਚਹਿਰੀਆਂ, ਡੀ.ਸੀ. ਦਫਤਰ , ਐਸ.ਐਸ.ਪੀ ਦਫਤਰ, ਕੁੜੀਆਂ ਦਾ ਮਾਤਾ ਸੁੰਦਰੀ ਕਾਲਜ ਅਤੇ ਇੱਕੋ ਇੱਕ ਨਹਿਰੂ ਮੈਮੋਰੀਅਲ ਕਾਲਜ ਹੈ ਜਦ ਕਿ ਦੂਸਰੀ ਸਾਈਡ ਰੇਲਵੇ ਸਟੇਸ਼ਨ, ਗੁਰਦੁਆਰਾ ਸਾਹਿਬ, ਮੇਨ ਬਾਜਾਰ, ਮੰਦਰ, ਡਾਕਘਰ, ਕੁੜੀਆਂ ਤੇ ਮੁੰਡਿਆਂ ਦਾ ਸਰਕਾਰੀ ਸਕੂਲ, ਸਿਵਲ ਹਸਪਤਾਲ, ਨਿੱਜੀ ਸਰਕਾਰੀ ਬੈਂਕ, ਪ੍ਰਮੁੱਖ ਪ੍ਰਾਈਵੇਟ ਹਸਪਤਾਲ ਅਤੇ ਟਿਊਸ਼ਨ ਸੈਂਟਰ ਹਨ, ਜਿਸ ਕਾਰਨ ਮਾਨਸਾ ਵਾਸੀਆਂ ਨੂੰ ਸ਼ਹਿਰ ਤੋਂ ਇਕ ਪਾਸੇ ਤੋਂ ਦੂਜੇ ਪਾਸੇ ਜਾਣ ਲਈ ਰੇਲਵੇ ਲਾਈਨ ਪਾਰ ਕਰਨੀ ਪੈਂਦੀ ਹੈ। ਜੇਕਰ ਇਹ ਫਾਟਕ ਬੰਦ ਹੋ ਗਿਆ ਤਾਂ ਸ਼ਹਿਰ ਵਾਸੀਆਂ ਨੂੰ ਆਪਣੀਆਂ ਮੁੱਢਲੀਆਂ ਸਹੂਲਤਾਂ ਲਈ ਦੋ- ਚਾਰ ਹੋਣਾ ਪਵੇਗਾ।
ਜ਼ਿਕਰਯੋਗ ਹੈ ਕਿ ਮਾਨਸਾ ਵਿੱਚ ਇੱਕ ਅੰਡਰ ਬ੍ਰਿਜ ਬਣਿਆ ਹੋਇਆ ਹੈ ਜੋ ਸ਼ਹਿਰ ਦੇ ਮੇਨ ਬਾਜਾਰ ਤੋਂ ਸਾਈਡ ਤੇ ਹੈ l ਇਸ ਅੰਡਰ ਬ੍ਰਿਜ ਨੂੰ ਵਰਤਣ ਲਈ ਕੋਈ ਰਾਸਤਾ ਨਹੀਂ ਹੈ ਅਤੇ ਸ਼ਹਿਰ ਵਿੱਚ ਸੀਵਰੇਜ ਅਤੇ ਮੀਂਹ ਪੈਣ ਕਾਰਨ ਇਹ ਅੰਡਰ ਬ੍ਰਿਜ ਨੂੰ ਜਾਣ ਵਾਲੇ ਰਾਸਤੇ ਮੀਂਹ ਦੇ ਪਾਣੀ ਨਾਲ ਭਰ ਜਾਂਦੇ ਹਨ ਜਿਸ ਕਾਰਨ ਇਸ ਅੰਡਰ ਬ੍ਰਿਜ ਦੀ ਵਰਤੋਂ ਆਮ ਲੋਕ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਮਾਨਸਾ ਸ਼ਹਿਰ ਦਾ ਇੱਕੋ ਇੱਕ ਸਮਸ਼ਾਨ ਘਾਟ (ਰਾਮ ਬਾਗ) ਬੱਸ ਅੱਡੇ ਵਾਲੀ ਸਾਈਡ ਹੈ ਜਿਸ ਦੀ ਵਰਤੋਂ ਲਗਭਗ ਸਾਰਾ ਸ਼ਹਿਰ ਕਰਦਾ ਹੈ ਜੇਕਰ ਇਹ ਫਾਟਕ ਬੰਦ ਹੋ ਗਿਆ ਤਾਂ ਸ਼ਹਿਰ ਦੀ ਹਸਪਤਾਲ ਸਾਈਡ ਵਾਲੇ ਲੋਕਾਂ ਨੂੰ ਆਪਣੇ ਮ੍ਰਿਤਕਾਂ ਦੇ ਸਸਕਾਰ ਲਈ ਪ੍ਰੇਸ਼ਾਨੀ ਝੱਲਣੀ ਪਵੇਗੀ।
ਇਹ ਕਿ ਮਾਨਸਾ ਸ਼ਹਿਰ ਦੇ ਜੋ ਲੋਕ ਪੈਦਲ, ਹੱਥ ਰੇਹੜੀਆਂ ਰਿਕਸ਼ਾ ਰੇਹੜੀਆਂ, ਅਪੰਗ ਵਿਅਕਤੀ ਅੰਗਹੀਣ ਸਾਈਕਲਾਂ ਰਾਹੀਂ ਸ਼ਹਿਰ ਦੀ ਇੱਕ ਸਾਈਡ ਤੋਂ ਰੇਲਵੇ ਲਾਈਨ ਪਾਰ ਕਰਕੇ ਜਾਂਦੀ ਹੈ ਉਹਨਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਸੰਵਿਧਾਨ ਬਚਾਓ ਮੰਚ ਦੇ ਆਗੂ ਗੁਰਲਾਭ ਸਿੰਘ ਮਾਹਲ ਐਡਵੋਕੇਟ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਗਈ ਇਸ ਰੇਲਵੇ ਫਾਟਕ ਨੂੰ ਬੰਦ ਨਾ ਕੀਤਾ ਜਾਵੇ ਇਸ ਤੋਂ ਇਲਾਵਾ ਰੇਲਵੇ ਵਿਭਾਗ ਤੋਂ ਵੀ ਮੰਗ ਕੀਤੀ ਕਿ ਜੇਕਰ ਮਾਨਸਾ ਰੇਲਵੇ ਸਟੇਸ਼ਨ ਮਾਨਸਾ ਦੇ ਵਿਕਾਸ ਲਈ ਕੋਈ ਯੋਜਨਾ ਹੈ ਉਸ ਨੂੰ ਇਸ ਤਰੀਕੇ ਨਾਲ ਲਾਗੂ ਕੀਤਾ ਜਾਵੇ ਕਿ ਮਾਨਸਾ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀ ਨਾ ਆਵੇ ਅਤੇ ਸੀ-206 ਰੇਲਵੇ ਫਾਟਕ ਚੱਲਦਾ ਰਹੇ। ਇਸ ਤੋਂ ਇਲਾਵਾ ਉਹਨਾਂ ਮਾਨਸਾ ਸ਼ਹਿਰ ਦੀਆਂ ਵਾਪਰਿਕ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸਾਂਝੀ ਯੋਜਨਾ ਬਣਾ ਕਿ ਸੀ-206 ਰੇਲਵੇ ਫਾਟਕ ਨੂੰ ਬੰਦ ਕਰਵਾਉਣ ਸਬੰਧੀ ਯੋਜਨਾ ਨੂੰ ਰੇਲਵੇ ਅਤੇ ਸਰਕਾਰ ਤੋਂ ਬੰਦ ਕਰਵਾਉਣ।