ਫ਼ਤਹਿਗੜ੍ਹ ਸਾਹਿਬ: ਵੋਟਰ ਕਾਰਡ ਨਾਲ ਆਧਾਰ ਲਿੰਕ ਕਰਨ ਲਈ 12 ਫਰਵਰੀ ਨੂੰ ਬੂਥ ਪੱਧਰ ਤੇ ਲਗਾਏ ਜਾਣਗੇ ਕੈਂਪ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 08 ਫਰਵਰੀ 2023 - ਮੌਜੂਦਾ ਵੋਟਰ ਸੂਚੀ ਵਿੱਚ ਦਰਜ਼ ਵੋਟਰਾਂ ਦੇ ਡਾਟੇ ਨੂੰ ਆਧਾਰ ਡਾਟੇ ਨਾਲ ਲਿੰਕ ਕਰਨ ਵਾਸਤੇ 12 ਫਰਵਰੀ ਨੂੰ ਬੂਥ ਪੱਧਰ ਤੇ ਕੈਂਪ ਲਗਾਏ ਜਾਣਗੇ ਤਾਂ ਜੋ ਜ਼ਿਲ੍ਹੇ ਦੇ 100 ਫੀਸਦੀ ਵੋਟਰਾਂ ਦੇ ਵੋਟਰ ਸ਼ਨਾਖਤੀ ਕਾਰਡ ਨਾਲ ਆਧਾਰ ਲਿੰਕ ਕੀਤਾ ਜਾ ਸਕੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵੋਟਰ ਸ਼ਨਾਖਤੀ ਕਾਰਡ ਨਾਲ ਆਧਾਰ ਲਿੰਕ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹੇ ਦੇ 88.26 ਫੀਸਦੀ ਵੋਟਰਾਂ ਦਾ ਆਧਾਰ ਉਨ੍ਹਾਂ ਦੇ ਵੋਟਰ ਸ਼ਨਾਖਤੀ ਕਾਰਡ ਨਾਲ ਲਿੰਕ ਹੋ ਚੁੱਕਿਆ ਹੈ ਅਤੇ ਬਾਕੀ ਰਹਿੰਦੇ ਵੋਟਰਾਂ ਦਾ ਆਧਾਰ ਲਿੰਕ ਕਰਨ ਲਈ ਇਹ ਕੈਂਪ ਲਗਾਏ ਜਾ ਰਹੇ ਹਨ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ 544 ਪੋਲਿੰਗ ਬੂਥਾਂ ਤੇ 12 ਫਰਵਰੀ ਨੂੰ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ ਅਤੇ ਇਨ੍ਹਾਂ ਕੈਂਪਾਂ ਵਿੱਚ ਸਬੰਧਤ ਬੀ.ਐਲ.ਓ. ਪੋਲਿੰਗ ਬੂਥਾਂ ਤੇ ਬੈਠ ਕੇ ਅਤੇ ਲੋੜ ਅਨੁਸਾਰ ਵੋਟਰਾਂ ਦੇ ਘਰ-ਘਰ ਜਾ ਕੇ ਫਾਰਮ ਨੰ: 6-ਬੀ ਵਿੱਚ ਆਧਾਰ ਦੇ ਵੇਰਵੇ ਇਕੱਤਰ ਕਰਨਗੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੋਟਰ ਕੋਲ ਆਧਾਰ ਨੰਬਰ ਨਹੀਂ ਹੈ ਜਾਂ ਕੋਈ ਵੋਟਰ ਆਧਾਰ ਦੇਣ ਦੇ ਸਮਰੱਥ ਨਹੀਂ ਹੈ ਤਾਂ ਸਬੰਧਤ ਵੋਟਰ ਫਾਰਮ ਨੰ: 6-ਬੀ ਵਿੱਚ ਦਰਜ਼ 11 ਕਿਸਮ ਦੇ ਦਸਤਾਵੇਜਾਂ ਵਿੱਚੋਂ ਕਿਸੇ ਇੱਕ ਦਸਤਾਵੇਜ ਦੀ ਕਾਪੀ ਆਪਣੇ ਬੀ.ਐਲ.ਓ. ਕੋਲ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੋਟਰ ਵੈਬਸਾਈਟ ਐਨ.ਵੀ.ਐਸ.ਪੀ. ਤੇ ਆਨ ਲਾਇਨ ਵੀ ਆਪਣੇ ਆਧਾਰ ਵੋਟਰ ਸ਼ਨਾਖਤੀ ਕਾਰਡ ਨਾਲ ਲਿੰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਵੋਟਰ ਹੈਲਪ ਲਾਇਨ ਐਪ ਜਾਂ ਵੋਟਰ ਪੋਰਟਲ ਤੇ ਵੀ ਆਧਾਰ ਨੰਬਰ ਪ੍ਰਮਾਣਤ ਕੀਤਾ ਜਾ ਸਕਦਾ ਹੈ।
ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਵੋਟਰ ਵੱਲੋਂ ਆਧਾਰ ਨੰਬਰ ਦੇ ਦਿੱਤੇ ਜਾਣ ਵਾਲੇ ਵੇਰਵੇ ਉਸ ਵੱਲੋਂ ਸਵੈ ਇੱਛਤ ਹਨ। ਉਨ੍ਹਾਂ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਇਸ ਵਿਸ਼ੇਸ਼ ਕੈਂਪ ਦੌਰਾਨ ਸੁਪਰਵਾਈਜਰਾਂ ਅਤੇ ਬੂਥ ਲੈਵਲ ਅਫਸਰਾਂ ਨੂੰ ਆਧਾਰ ਕਾਰਡ ਦੇ ਵੇਰਵੇ ਲਿੰਕ ਕਰਵਾਉਣ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਜੋ ਚੋਣ ਕਮਿਸ਼ਨ ਵੱਲੋਂ ਚਲਾਈ ਗਈ ਮੁਹਿੰਮ ਨੂੰ ਸਫਲਤਾ ਪੂਰਬਕ ਨੇਪਰੇ ਚਾੜਿਆ ਜਾ ਸਕੇ।