ਸੀ. ਪੀ. ਐਫ. ਕਰਮਚਾਰੀ ਯੂਨੀਅਨ ਨੇ ਮੋਟਰਸਾਇਕਲ ਰੈਲੀ ਕਰ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ
- ਕੈਬਨਿਟ ਪਾਸ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਮੁਕੰਮਲ ਨੋਟੀਫਿਕੇਸ਼ਨ ਕਰੇ ਡਰਾਮੇਬਾਜੀ ਬੰਦ: ਵਿਰਕ
ਜੀ ਐਸ ਪੰਨੂ
ਪਟਿਆਲਾ, 8 ਫਰਵਰੀ ,2023:ਪੁਰਾਣੀ ਪੈਨਸ਼ਨ ਬਹਾਲੀ ਦਾ ਮੁਕੰਮਲ ਨੋਟੀਫਿਕੇਸ਼ਨ ਨਾ ਜਾਰੀ ਕਰਨ ਤੋਂ ਖਫਾ ਸਮੂਹ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖਿਲਾਫ ਪੂਰੇ ਪੰਜਾਬ ਵਿਚ ਮੋਟਰਸਾਇਕਲ ਰੈਲੀਆਂ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੁਕੰਮਲ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਗਈ।ਇਸੇ ਤਰ੍ਹਾਂ ਹੀ ਪਟਿਆਲਾ ਵਿਚ ਸੀ. ਪੀ. ਐਫ. ਕਰਮਚਾਰੀ ਯੂਨੀਅਨ ਵਲੋਂ ਪ੍ਰਧਾਨ ਗੁਰਮੇਲ ਸਿੰਘ ਵਿਰਕ ਦੀ ਅਗਵਾਈ ਵਿਚ ਮੋਟਰਸਾਈਕਲ ਰੈਲੀ ਕੱਢੀ ਗਈ ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਗੁਰਮੇਲ ਸਿੰਘ ਵਿਰਕ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਮੁਲਾਜਮ ਵਰਗ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਕੀ ਸੂਬਿਆਂ ਵਿੱਚ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਵਿੱਚ 2004 ਤੋਂ ਬੰਦ ਕੀਤੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਰਸਮੀ ਐਲਾਨ ਕੀਤਾ ਸੀ, ਪਰ ਇਹ ਐਲਾਨ ਸਿਰਫ ਤੇ ਸਿਰਫ ਚੋਣਾਂ ਮੌਕੇ ਸਿਆਸੀ ਲਾਹਾ ਲੈਣ ਵਾਸਤੇ ਹੀ ਕੀਤਾ ਗਿਆ ਸੀ ਪੰਜਾਬ ਵਿੱਚ ਇਸ ਨੂੰ ਹਾਲੇ ਤੱਕ ਅਮਲੀ ਜਾਮਾਂ ਨਹੀਂ ਪਾਇਆ ਗਿਆ ।
ਇਸ ਸਭ ਸਥਿਤੀ ਦੇ ਮੱਦੇਨਜਰ ਪੰਜਾਬ ਦੇ ਐਨ.ਪੀ.ਐੱਸ. ਤੋਂ ਪੀੜਤ ਦੋ ਮੁਲਾਜਮ ਹੁਣ ਸੂਬਾ ਸਰਕਾਰ ਵੱਲੋਂ ਮੁਲਾਜਮਾਂ ਨਾਲ ਕੀਤੀ ਵਾਅਦਾ ਖਿਲਾਫੀ ਵਿਰੁੱਧ ਸੰਘਰਸ਼ ਦੇ ਮੈਦਾਨ ਵਿੱਚ ਕੁੱਦਣ ਲਈ ਤਿਆਰੀ ਕਰ ਚੁੱਕੇ ਹਨ। ਸੋ ਪੰਜਾਬ ਸਰਕਾਰ ਜੋ ਲੋਕ ਹਿਤੈਸ਼ੀ ਹੋਣ ਦਾ ਢਿੰਡੋਰਾ ਪਿੱਟਦੇ ਹੋਏ ਨਹੀਂ ਥੱਕਦੀ, ਉਸ ਨੂੰ ਤੁਰੰਤ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦੇਣੀ ਚਾਹੀਦੀ ਹੈ, ਨਹੀਂ ਤਾਂ ਆਉਣ ਵਾਲੇ ਥੋੜੇ ਸਮੇਂ ਦੌਰਾਨ ਸੂਬੇ ਦੀਆਂ ਸੜਕਾਂ, ਦਫਤਰਾਂ, ਚੌਰਾਹਿਆਂ ਤੇ ਮੁਲਾਜਮਾਂ ਦੇ ਧਰਨੇ ਪ੍ਰਦਰਸ਼ਨਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਸੀ. ਪੀ. ਐਫ. ਕਰਮਚਾਰੀ ਯੂਨੀਅਨ ਨੇ ਕਿਹਾ ਕਿ ਸੂਬੇ ਦਾ ਸਮੁੱਚਾ ਮੁਲਾਜਮ ਵਰਗ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦੀ ਮੁੱਖ ਮੰਗ ਦੀ ਪੂਰਤੀ ਲਈ ਵੱਡੇ ਸੰਘਰਸ਼ ਉਲੀਕਣ ਉਪਰੰਤ ਆਰ ਪਾਰ ਦੀ ਲੜਾਈ ਦੇ ਰੌਂਅ ਵਿੱਚ ਹੈ। ਸੋ ਪੰਜਾਬ ਸਰਕਾਰ ਵੱਲੋਂ ਵੋਟਾਂ ਤੋਂ ਪਹਿਲਾਂ ਮੁਕੰਮਲ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਕੀਤਾ ਵਾਅਦਾ ਤੁਰੰਤ ਪੂਰਾ ਕਰਨਾ ਚਾਹੀਦਾ ਹੈ, ਕਿਉਂਕਿ ਕੈਬਨਿਟ ਵਿੱਚ ਪਾਸ ਕਰਨ ਉਪਰੰਤ ਕਮੇਟੀ ਦਾ ਗਠਨ ਕਰਨਾ ਉਚਿਤ ਨਹੀਂ ਸਗੋਂ ਹਾਸੋਹੀਣਾ ਜਾਪਦਾ ਹੈ।
ਸਰਕਾਰ ਨੂੰ ਮੁਲਾਜਮਾਂ ਦੀ ਇਸ ਅਹਿਮ ਮੰਗ ਵੱਲ ਵਿਸ਼ੇਸ਼ ਧਿਆਨ ਦੇ ਕੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਮੁਕੰਮਲ ਨੋਟੀਫਿਕੇਸ਼ਨ ਤੁਰੰਤ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਸੂਬੇ ਵਿੱਚ ਸਰਕਾਰੀ ਦਫਤਰਾਂ ਦਾ ਕੰਮ ਠੱਪ ਨਾ ਹੋਵੇ, ਇਸ ਲਈ ਮੁਲਾਜਮਾਂ ਦੀ ਇਸ ਹੱਕੀ ਤੇ ਜਾਇਜ਼ ਮੰਗ ਦੀ ਪੂਰਤੀ ਹਿੱਤ ਸੂਬੇ ਦੇ ਮੁੱਖ ਮੰਤਰੀ ਸਮੇਤ ਪੂਰੀ ਕੈਬਨਿਟ ਨੂੰ ਇਸ ਵੱਲ ਜਲਦੀ ਧਿਆਨ ਦੇਣ ਦੀ ਲੋੜ ਹੈ।
ਇਸ ਮੌਕੇ ਜਿ਼ਲ੍ਹਾ ਚੇਅਰਮੈਨ ਰਵਿੰਦਰ ਸ਼ਰਮਾ, ਜਰਨਲ ਸਕੱਤਰ ਗੁਰਜੰਟ ਸਿੰਘ, ਭਗਵਾਨ ਸਿੰਘ , ਸੁਖਵਿੰਦਰ ਸਿੰਘ ਪ੍ਰਧਾਨ ਮੈਡੀਕਲ ਕਾਲਜ, ਗੁਰਪ੍ਰੀਤ ਸਿੰਘ , ਟੋਨੀ ਭਾਗਰੀਆ , ਲਵਜੀਤ ਸਿੰਘ ,ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਰਵਿੰਦਰ ਸਿੰਘ , ਇਕਬਾਲ ਸਿੰਘ , ਅਜੀਤਪਾਲ ਸਿੰਘ ,ਕੇਸਰ ਸਿੰਘ , ਅੰਗਰੇਜ ਸਿੰਘ , ਲਾਲ ਸਿੰਘ ,ਬਲਵੀਰ ਕੌਰ ,ਹਰਪਾਲ ਸਿੰਘ , ਨਿਰਮਲ ਸਿੰਘ , ਬਲਜੀਤ ਸਿੰਘ , ਜਸਵਿੰਦਰ ਕੁਮਾਰ , ਰਜਨੀਤ ਕੌਰ, ਰਾਜਵਿੰਦਰ ਕੌਰ , ਸਤਨਾਮ ਸਿੰਘ ਲੁਬਾਣਾ , ਮਨਜੋਤ ਕੌਰ , ਹਰਪ੍ਰੀਤ ਕੌਰ , ਮਨਪ੍ਰੀਤ ਕੌਰ , ਜਗਜੀਤ ਕੌਰ , ਹਰਪ੍ਰੀਤ ਕੌਰ , ਗਰੇਵਾਲ , ਪ੍ਰਿੰਸ , ਸੰਜੀਵ ਕੁਮਾਰ , ਲਲੀਤ ਕੁਮਾਰ, ਦੇਸਰਾਜ ਰਵੀਨਾ , ਜਗਮੀਤ ਸਿੰਘ , ਲਖਵਿੰਦਰ ਸਿੰਘ , ਮਨਪ੍ਰੀਤ ਸਿੰਘ , ਦੀਪਕ ਸ਼ਰਮਾ , ਲਖਮੀਰ ਸਿੰਘ ਪ੍ਰਧਾਨ ਨਾਭਾ , ਜਸਪ੍ਰੀਤ ਸਿੰਘ ਆਦਿ ਅਤੇ ਐਕਸਾਈਜ ਵਿਭਾਗ, ਪੀ.ਡਬਲਯੂ.ਡੀ.ਬੀ.ਐਂਡ ਆਰ. , ਆਈ.ਟੀ.ਆਈ.ਵਿਭਾਗ , ਦਫਤਰ ਡਿਪਟੀ ਕਮਿਸ਼ਨਰ ਪਟਿਆਲਾ , ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ , ਭਾਸ਼ਾ ਵਿਭਾਗ ਪੰਜਾਬ , ਪੰਜਾਬ ਮੰਡੀ ਬੋਰਡ ਆਦਿ ਵਿਭਾਗਾਂ ਤੋਂ ਸਾਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।