ਮਾਨਸਾ 'ਚ 6 ਸਾਲਾ ਬੱਚੇ ਦੀ ਗੋਲੀ ਮਾਰ ਕੇ ਹੱਤਿਆ ਮਾਮਲੇ 'ਚ 2 ਭਰਾਵਾਂ ਸਮੇਤ 3 ਗ੍ਰਿਫਤਾਰ
ਭੀਸ਼ਮ ਗੋਇਲ
ਮਾਨਸਾ, 18 ਮਾਰਚ 2023 : ਮਾਨਸਾ ਦੇ ਪਿੰਡ ਕੋਟਲੀ 'ਚ 6 ਸਾਲਾ ਬੱਚੇ ਉਦੈਵੀਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਇਸ ਮਾਮਲੇ 'ਚ ਪੁਲਸ ਨੇ 2 ਅਸਲੀ ਭਰਾਵਾਂ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਵਾਰਦਾਤ ਦੌਰਾਨ ਵਰਤਿਆ ਗਿਆ ਦੇਸੀ ਪਿਸਤੌਲ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਐਸਐਸਪੀ ਮਾਨਸਾ ਡਾ ਨਾਨਕ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਘਟਨਾ ਵਿੱਚ ਜਸਪ੍ਰੀਤ ਸਿੰਘ ਨੂੰ ਮਾਰਨ ਦੀ ਯੋਜਨਾ ਸੀ ਪਰ ਗੋਲੀ ਉਸ ਦੇ ਲੜਕੇ ਉਦੈਵੀਰ ਸਿੰਘ ਨੂੰ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਸਤਨਾਮ ਸਿੰਘ ਦੀ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ, ਜਿਸ ਨੂੰ ਜਸਪ੍ਰੀਤ ਅਕਸਰ ਰੋਕਦਾ ਰਹਿੰਦਾ ਸੀ, ਜਿਸ ਕਾਰਨ ਉਸ ਨੇ ਜਸਪ੍ਰੀਤ ਸਿੰਘ ਨੂੰ ਮਾਰਨ ਦੀ ਯੋਜਨਾ ਬਣਾਈ ਸੀ ਪਰ ਗੋਲੀ ਜਸਪ੍ਰੀਤ ਨੂੰ ਨਹੀਂ ਲੱਗੀ ਅਤੇ ਉਸ ਦੇ ਬੱਚੇ ਉਦੈਵੀਰ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।