ਆਈ.ਕੇ.ਜੀ ਪੀ.ਟੀ.ਯੂ ਵਿਖੇ ਸ਼ਹੀਦੀ ਦਿਵਸ ਸਮਾਗਮ "ਜਜਬੇ ਕੋ ਸਲਾਮ" ਦਾ ਆਯੋਜਨ
ਜਲੰਧਰ/ਕਪੂਰਥਲਾ ,22 ਮਾਰਚ 2023 : ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਵਿਖੇ 22 ਮਾਰਚ ਬੁੱਧਵਾਰ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ! ਯੂਨੀਵਰਸਿਟੀ ਦੇ ਸੈਮੀਨਾਰ ਹਾਲ ਵਿੱਚ ਕਰਵਾਏ ਗਏ ਸਮਾਗਮ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸ਼ਹਾਦਤ ਨੂੰ ਸਲਾਮ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਰਜਿਸਟਰਾਰ ਡਾ. ਐਸ.ਕੇ.ਮਿਸ਼ਰਾ ਦੀ ਅਗਵਾਈ ਹੇਠ ਯੂਨੀਵਰਸਿਟੀ ਦੇ ਸਮੂਹ ਸਟਾਫ਼, ਫੈਕਲਟੀ ਅਤੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਏਕਤਾ ਦਾ ਗੁਣਗਾਨ ਕੀਤਾ ਗਿਆ, ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ!
ਇਸ ਸਮਾਗਮ ਵਿੱਚ ਰਜਿਸਟਰਾਰ ਡਾ. ਮਿਸ਼ਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਦਿੱਤੇ ਸੰਦੇਸ਼ ਨੂੰ ਦੁਹਰਾਇਆ, ਜਿਸ ਵਿੱਚ ਮੁੱਖ ਮੰਤਰੀ ਜੀ ਨੇ ਕਿਹਾ ਹੈ ਕਿ ਸਾਰੇ 23 ਮਾਰਚ ਨੂੰ ਸਰਕਾਰੀ ਛੁੱਟੀ ਦਾ ਦਿਨ ਸਮਝ ਕੇ ਘਰ ਬੈਠ ਕੇ ਨਾ ਰਹਿਣ ਬਲਕਿ ਖਟਕੜ ਕਲਾਂ (ਜ਼ਿਲ੍ਹਾ ਨਵਾਂਸ਼ਹਿਰ) ਵਿੱਚ ਸ਼ਹੀਦੀ ਪੁਰਬ ਮਨਾਉਣ ਜਾਣ। ਸਾਰੀਆਂ ਨੂੰ ਸਰਦਾਰ ਭਗਤ ਸਿੰਘ ਜੀ ਦੇ ਸਮਾਰਕ 'ਤੇ ਪਹੁੰਚ ਕੇ ਉਨ੍ਹਾਂ ਨੂੰ ਫੁੱਲ ਭੇਟ ਕਰਨ ਲਈ ਕਿਹਾ ਗਿਆ! ਰਜਿਸਟਰਾਰ ਡਾ. ਮਿਸ਼ਰਾ ਨੇ ਯੂਨੀਵਰਸਿਟੀ ਸਟਾਫ਼, ਫੈਕਲਟੀ ਅਤੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਖਟਕੜ ਕਲਾਂ (ਜ਼ਿਲ੍ਹਾ ਨਵਾਂਸ਼ਹਿਰ) ਵਿਖੇ ਪਹੁੰਚਣ ਦੀ ਅਪੀਲ ਕੀਤੀ! ਸਮਾਗਮ ਵਿੱਚ ਸਵਾਗਤੀ ਭਾਸ਼ਣ ਫੈਕਲਟੀ ਮੈਂਬਰ ਡਾ. ਚੰਦਰ ਪ੍ਰਕਾਸ਼ ਵੱਲੋਂ ਪੜਿਆ ਗਿਆ!
ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਵਿਭਾਗ ਵੱਲੋਂ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ। ਡੀਨ ਵਿਦਿਆਰਥੀ ਭਲਾਈ ਪ੍ਰੋ. (ਡਾ.) ਗੌਰਵ ਭਾਰਗਵ ਵੱਲੋਂ ਮੰਚ ਤੋਂ ਸਦਭਾਵਨਾ, ਰਾਸ਼ਟਰ ਨਿਰਮਾਣ, ਦੇਸ਼ ਭਗਤੀ ਅਤੇ ਦੇਸ਼ ਹਿੱਤ ਵਿੱਚ ਕੰਮ ਕਰਨ ਸਬੰਧੀ ਆਪਣਾ ਸੰਦੇਸ਼ ਦਿੱਤਾ ਗਿਆ! ਉਨ੍ਹਾਂ ਨੇ ਇਸ ਸਮਾਗਮ ਵਿੱਚ ਇੱਕ ਟੀਮ ਦੇ ਰੂਪ ਵਿੱਚ ਕੰਮ ਕਰਨ ਲਈ ਆਪਣੇ ਵਿਭਾਗ ਦੇ ਐਨ.ਐਸ.ਐਸ ਅਤੇ ਐਨ.ਸੀ.ਸੀ ਵਿੰਗ, ਯੂਨੀਵਰਸਿਟੀ ਦੇ ਸੱਭਿਆਚਾਰਕ ਮਾਮਲੇ ਵਿੰਗ ਅਤੇ ਭਾਸ਼ਾ ਵਿਭਾਗ ਦਾ ਧੰਨਵਾਦ ਕੀਤਾ! ਉਨ੍ਹਾਂ ਸਪੱਸ਼ਟ ਕੀਤਾ ਕਿ 23 ਮਾਰਚ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਯੂਨੀਵਰਸਿਟੀ ਵਿੱਚ 22 ਮਾਰਚ ਨੂੰ ਸਮਾਗਮ ਰੱਖਿਆ ਗਿਆ ਹੈ ਅਤੇ ਸਾਰਿਆਂ ਨੂੰ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਵਿਖੇ ਪਹੁੰਚਣ ਦੀ ਅਪੀਲ ਕੀਤੀ! ਸਟੇਜ ਦਾ ਸੰਚਾਲਨ ਸਹਾਇਕ ਪ੍ਰੋਫ਼ੈਸਰ ਡਾ. ਸਰਬਜੀਤ ਮਾਨ ਨੇ ਕੀਤਾ ਜਦੋਂ ਕਿ ਵਿਦਿਆਰਥੀਆਂ ਨੂੰ ਰਾਸ਼ਟਰ ਭਗਤੀ ਦੇ ਸੱਭਿਆਚਾਰਕ ਸਮਾਗਮ ਦੀ ਤਿਆਰੀ ਸਹਾਇਕ ਡਾਇਰੈਕਟਰ ਸੱਭਿਆਚਾਰਕ ਮਾਮਲੇ ਸਮੀਰ ਸ਼ਰਮਾ ਵੱਲੋਂ ਕਰਵਾਈ ਗਈ!