ਪ੍ਰਾਈਵੇਟ ਸਕੂਲ ਵੱਲੋਂ ਦਿੱਤੇ ਫਰਜ਼ੀ ਰੋਲ ਨੰਬਰਾਂ ਕਾਰਨ ਆਪਣਾ ਪਹਿਲਾ ਪੇਪਰ ਨਹੀਂ ਦੇ ਸਕੇ ਦਸਵੀਂ ਜਮਾਤ ਦੇ ਕਈ ਵਿਦਿਆਰਥੀ
- ਰੋਲ ਨੰਬਰ ਫਰਜ਼ੀ ਹੋਣ ਦਾ ਪਤਾ ਲੱਗਣ ਤੋਂ ਬਾਅਦ ਹਲਕਾ ਵਿਧਾਇਕ ਮਾਣੂਕੇ ਨੂੰ ਮਿਲੇ ਵਿਦਿਆਰਥੀਆਂ ਅਤੇ ਮਾਪਿਆਂ
ਜਗਰਾਉਂ, 25 ਮਾਰਚ 2023 - ਜਗਰਾਓਂ ਨੇੜਲੇ ਪਿੰਡ ਕਾਉਂਕੇ ਕਲਾਂ ਦੇ ਇੱਕ ਨਿੱਜੀ ਸਕੂਲ ਵੱਲੋਂ ਸਕੂਲ ਵਿਚ ਪੜ੍ਹਨ ਵਾਲੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਬੋਰਡ ਦੀ ਪ੍ਰੀਖਿਆ ਦੇ ਰੋਲ ਨੰਬਰ ਬੋਰਡ ਵੱਲੋਂ ਜਾਰੀ ਕਿਤੇ ਫੋਟੋ ਵਾਲੇ ਦੇਣ ਦੀ ਬਜਾਏ ਇੱਕ ਕਾਗ਼ਜ ਦੇ ਟੁਕੜੇ ਉਪਰ ਲਿਖੇ ਕੇ ਦਿੱਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਅਨੁਸਾਰ ਜਦੋਂ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀ ਜਗਰਾਉਂ ਵਿਖੇ ਬਣੇ ਆਪਣੇ ਪ੍ਰੀਖਿਆ ਸੈਂਟਰ ਵਿਚ ਆਪਣਾ ਦਸਵੀਂ ਜਮਾਤ ਦਾ ਪਹਿਲਾ ਪੇਪਰ ਦੇਣ ਗਏ ਤਾਂ ਪ੍ਰੀਖਿਆ ਲੈਣ ਲਈ ਡਿਊਟੀ ਉੱਤੇ ਮਜੂਦ ਸਟਾਫ ਵੱਲੋਂ ਉਹਨਾਂ ਨੂੰ ਇਹ ਕਹਿ ਕੇ ਪ੍ਰੀਖਿਆ ਵਿੱਚ ਬੈਠਣ ਨਹੀਂ ਦਿੱਤਾ ਗਿਆ ਕਿ ਉਨ੍ਹਾਂ ਵੱਲੋਂ ਉਹਨਾਂ ਨੂੰ ਵਿਖਾਏ ਜਾ ਰਹੇ ਰੋਲ ਨੰਬਰ ਲਿਸਟ ਵਿਚ ਨਹੀਂ ਹਨ। ਜਿਸ ਤੋਂ ਬਾਅਦ ਆਪਣਾ ਪਹਿਲਾ ਪੇਪਰ ਦੇਣ ਆਏ ਵਿਦਿਆਰਥੀਆਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਅਤੇ ਉਹ ਪ੍ਰੀਖਿਆ ਸੈਂਟਰ ਵਿੱਚ ਹੀ ਭੁੱਬਾਂ ਮਾਰ ਕੇ ਰੋਣ ਲੱਗ ਪਏ ਅਤੇ ਪੇਪਰ ਨਾ ਦਿੱਤੇ ਜਾਣ ਦੀ ਜਾਣਕਾਰੀ ਆਪਣੇ ਮਾਪਿਆਂ ਨੂੰ ਦਿੱਤੀ।
ਜਿਸ ਤੋਂ ਬਾਅਦ ਮਾਪਿਆਂ ਨੇ ਮੌਕੇ ਤੇ ਪਹੁੰਚੇ ਅਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਬੱਚਿਆਂ ਦਾ ਬੀਤੀ ਇਸ ਘਟਨਾ ਦੀ ਜਾਣਕਾਰੀ ਦੇਣ ਲਈ ਹਲਕਾ ਵਿਧਾਇਕ ਮਾਣੂਕੇ ਦੇ ਦਫਤਰ ਪਹੁੰਚੇ ਅਤੇ ਪਿੰਡ ਕਾਉਕੇ ਕਲਾ ਦੇ ਨਿਜੀ ਸਕੂਲ ਵੱਲੋਂ ਉਨ੍ਹਾਂ ਦੇ ਬੱਚਿਆਂ ਨੂੰ ਦਿੱਤੇ ਗਏ ਫਰਜ਼ੀ ਫੋਨ ਨੰਬਰ ਵਿਧਾਇਕ ਮਾਣੂਕੇ ਨੂੰ ਦਿਖਾਉਂਦੇ ਹੋਏ ਆਪਣੇ ਬੱਚਿਆਂ ਨਾਲ ਵਾਪਰੀ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਆਪਣੇ ਬੱਚਿਆਂ ਵੱਲੋਂ ਇੱਕ ਸਾਲ ਦੀ ਕੀਤੀ ਗਈ ਕੜੀ ਮਿਹਨਤ ਦਾ ਹਵਾਲਾ ਦਿੰਦਿਆਂ ਹੋਇਆਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਦੀ ਅਪੀਲ ਕੀਤੀ।
ਦਸਵੀਂ ਜਮਾਤ ਦੇ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਦੀ ਗੱਲਬਾਤ ਗੰਭੀਰਤਾ ਨਾਲ ਸੁਣਨ ਤੋਂ ਬਾਅਦ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਇਸ ਮਾਮਲੇ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਨਾਲ ਫੋਨ ਤੇ ਰਾਬਤਾ ਕਾਇਮ ਕਰ ਬੱਚਿਆਂ ਵੱਲੋਂ ਕੀਤੀ ਗਈ ਇੱਕ ਸਾਲ ਦੀ ਮਿਹਨਤ ਅਤੇ ਉਨ੍ਹਾਂ ਦੇ ਭਵਿੱਖ ਨੂੰ ਮੁੱਖ ਰੱਖਦੇ ਗੱਲਬਾਤ ਕੀਤੀ ਅਤੇ ਸਿੱਖਿਆ ਮੰਤਰੀ ਨਾਲ ਗੱਲਬਾਤ ਕਰਨ ਤੋਂ ਬਾਅਦ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨੂੰ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਾ ਹੋਣ ਦਾ ਭਰੋਸਾ ਦਿੰਦਿਆ ਸਕੂਲ ਖਿਲਾਫ ਵੀ ਸਖਤ ਕਾਰਵਾਈ ਕਰਨ ਦੀ ਗੱਲ ਆਖੀ।