ਅਮਰੀਕਾ: ਭਾਈ ਅੰਮ੍ਰਿਤਪਾਲ ਸਿੰਘ ’ਤੇ ਹੋਏ ਐਕਸ਼ਨ ਦੇ ਵਿਰੋਧ ਵਿੱਚ ਫਰਿਜ਼ਨੋ ‘ਚ ਹੋਇਆ ਰੋਸ ਮੁਜ਼ਾਹਰਾ
ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ), 26 ਮਾਰਚ, 2023:
ਪੰਜਾਬ ਵਿਚ ਭਾਈ ਅੰਮ੍ਰਿਤਪਾਲ ਸਿੰਘ ’ਤੇ ਹੋਏ ਐਕਸ਼ਨ ਉਪਰੰਤ ਦੁਨੀਆਂ ਪੱਧਰ ਵਿਚ ਰੋਸ ਮੁਜ਼ਾਹਰੇ ਹੋ ਰਹੇ ਹਨ, ਇਸੇ ਕੜੀ ਤਹਿਤ ਸਥਾਨਿਕ ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ ਵਿੱਚ ਜੈਕਾਰਾ ਮੂਵਮੈਂਟ ਦੇ ਸੱਦੇ ’ਤੇ ਵੀ ਇੱਕ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਹੱਥਾਂ ਵਿੱਚ ਪੰਜਾਬ ਸਰਕਾਰ ਅਤੇ ਭਾਰਤੀ ਹਕੂਮਤ ਦੇ ਖਿਲਾਫ ਬੈਨਰ ਫੜੇ ਹੋਏ ਸਨ ‘ਤੇ ਖਾਲਿਸਤਾਨੀ ਝੰਡੇ ਵੀ ਲਹਿਰਾਏ ਗਏ। ਸਮਾਗਮ ਦੀ ਸ਼ੁਰੂਆਤ ਚੋਪਈ ਸਹਿਬ ਦੇ ਪਾਠ ਨਾਲ, ਅਰਦਾਸ ਉਪਰੰਤ ਹੋਈ। ਇਸ ਮੌਕੇ ਬੋਲਣ ਵਾਲੇ ਬੁਲਾਰਿਆ ਨੇ ਕਿਹਾ ਕਿ ਪੰਜਾਬ ਅੰਦਰ ਜਿਸ ਤਰੀਕੇ ਭਗਵੰਤ ਸਰਕਾਰ ਸਿੱਖ ਵਿਰੋਧੀ ਮਹੌਲ ਸਿਰਜਕੇ ਅੰਮ੍ਰਿਤਪਾਲ ਸਿੰਘ ਖਿਲਾਫ ਇੱਕ ਵੱਡੀ ਸਾਜਸ਼ ਰਚ ਰਹੀ ਹੈ, ਸਿੱਖ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ, ਅਤੇ ਜਦੋਂ ਤੱਕ ਸਿੱਖ ਆਪਣਾ ਘਰ ਖਾਲਿਸਤਾਨ ਨਹੀਂ ਬਣਾ ਲੈਂਦੇ ਉਦੋ ਤੱਕ ਇਹੋ ਜਿਹੀਆ ਸਾਜ਼ਿਸ਼ਾਂ ਹੁੰਦੀਆਂ ਰਹਿਣਗੀਆਂ । ਬੁਲਾਰਿਆ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਕੌਮ ਦਾ ਹੀਰਾ ਹੈ, ਜੋ ਪੰਜਾਬ ਦੀ ਜਵਾਨੀ ਨੂੰ ਨਸ਼ੇ ਵਿੱਚੋਂ ਬਾਹਰ ਕੱਢਕੇ ਅੰਮ੍ਰਿਤ ਛੱਕਾਕੇ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ, ਜੋ ਕਿ ਸਰਕਾਰ ਨੂੰ ਹਜ਼ਮ ਨਹੀਂ ਆਇਆ ‘ਤੇ ਉਹਨਾਂ ਨਜਾਇਜ਼ ਉਸਨੂੰ ਹਿਰਾਸਤ ਵਿੱਚ ਰੱਖਿਆ ਹੋਇਆ ਅਤੇ ਉਸਨੂੰ ਬਦਨਾਮ ਕਰਨ ਲਈ ਫਰਾਰ ਹੋਣ ਵਰਗੀ ਘਿਨਾਉਣੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਹਨਾਂ ਕਿਹਾ ਭਾਰਤੀ ਹਕੂਮਤ ਹਮੇਸ਼ਾ ਸਿੱਖਾਂ ਨਾਲ ਗੁਲਾਮਾਂ ਵਾਲਾ ਵਿਵਹਾਰ ਕਰਦੀ ਆ ਰਹੀ ਹੈ, ਇਸਦਾ ਇੱਕੋ ਇੱਕ ਹੱਲ ਆਜ਼ਾਦੀ ਹੈ। ਉਹਨਾਂ ਕਿਹਾ ਕਿ ਦੁਨੀਆਂ ਭਰ ਦੇ ਸਿੱਖਾਂ ਨੂੰ ਇੱਕ ਮੁੱਠ ਹੋਕੇ ਭਾਰਤੀ ਹਕੂਮਤ ਖਿਲਾਫ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਜੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਨਸਾਫ ਦੁਆਇਆ ਜਾ ਸਕੇ। ਇਸ ਮੌਕੇ ਬੋਲਦਿਆਂ ਗੁਰਦੀਪ ਸ਼ੇਰਗਿੱਲ ਨੇ ਕਿਹਾ ਕਿ ਹਿੰਸਕ ਮੁਜ਼ਾਹਰੇ ਸਿੱਖ ਕੌਮ ਦਾ ਮਿਸ਼ਨ ਕਮਜ਼ੋਰ ਕਰ ਰਹੇ ਹਨ ਅਤੇ ਸਾਨੂੰ ਸੰਜਮ ਨਾਲ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰਨਾ ਚਾਹੀਦਾ ਹੈ। ਮਨਜੀਤ ਸਿੰਘ ਪੱਤੜ ਨੇ ਇੱਕ ਕਵਿਤਾ ਰਾਹੀ ਹਾਜ਼ਰੀ ਭਰੀ। ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਸਿੱਖ ਬਹੁਤ ਦੇਰ ਤੋਂ ਭਾਰਤੀ ਹਕੂਮਤ ਵੱਲੋ ਕੀਤੇ ਜਾ ਰਹੇ ਅੱਤਿਆਚਾਰ ਦਾ ਛੇਕ ਸਹਿੰਦੇ ਆ ਰਹੇ ਹਨ, ਪਰ ਸਿੱਖ ਝੁਕਣ ਵਾਲੇ ਨਹੀਂ, ਅਸੀਂ ਅਜ਼ਾਦੀ ਦੀ ਗੱਲ ਕਰਦੇ ਰਹਾਂਗੇ। ਅੰਤ ਵਿੱਚ ਅਰਦਾਸ ਉਪਰੰਤ ਸੁੱਖ ਸ਼ਾਂਤੀ ਨਾਲ ਇਹ ਰੋਸ ਮੁਜ਼ਾਹਰਾ ਨੇਪਰੇ ਚੜਿਆ, ਅਤੇ ਇਸ ਰੋਸ ਮੁਜ਼ਾਹਰੇ ਵਿੱਚ ਵੱਡੀ ਗਿਣਤੀ ਵਿਚ ਨੌਜੁਵਾਨ ਮੁੰਡੇ ਕੁੜੀਆਂ ਨੇ ਹਾਜ਼ਰੀ ਭਰੀ।