ਰਾਸ਼ਟਰਪਤੀ ਨੂੰ ਲਾਂਭੇ ਕਰਕੇ ਮੋਦੀ ਵੱਲੋਂ ਸੰਸਦ ਭਵਨ ਦਾ ਉਦਘਾਟਨ ਔਰਤਾਂ ਦਾ ਅਪਮਾਨ: ਲਿਬਰੇਸ਼ਨ
ਅਸ਼ੋਕ ਵਰਮਾ
ਮਾਨਸਾ, 26 ਮਈ 2023: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਹੁਗਿਣਤੀ ਅਪੋਜ਼ੀਸ਼ਨ ਪਾਰਟੀ ਦੇ ਸਾਂਝੇ ਫੈਸਲੇ ਦੇ ਉਲਟ 28 ਮਈ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਗਮ ਵਿਚ ਸ਼ਾਮਲ ਹੋਣ ਦੇ ਫੈਸਲੇ ਦੀ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਸਖ਼ਤ ਆਲੋਚਨਾ ਕੀਤੀ ਹੈ। ਲਿਬਰੇਸ਼ਨ ਦੀ ਦਲੀਲ ਹੈ ਕਿ ਅਸਲ ਵਿੱਚ ਸੁਖਬੀਰ ਬਾਦਲ ਭਾਜਪਾ ਨਾਲ ਗੱਠਜੋੜ ਕਰਨ ਲਈ ਤਰਲੋਮੱਛੀ ਹੋ ਰਹੇ ਹਨ ।ਲਿਬਰੇਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੁਦ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨ ਨੈ ਸਮੁੱਚੇ ਦਲਿਤ ਸ਼ੋਸ਼ਿਤ ਐਸਸੀ-ਐਸਟੀ ਤੇ ਆਦਿਵਾਸੀ ਸਮਾਜ ਦਾ ਘੋਰ ਅਪਮਾਨ ਕਰਾਰ ਦਿੱਤਾ ਹੈ।
ਲਿਬਰੇਸ਼ਨ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਆਦਿਵਾਸੀ ਭਾਈਚਾਰੇ ਵਿਚੋਂ ਪਹਿਲੀ ਵਾਰ ਦੇਸ਼ ਦੇ ਸਰਬ ਉਚ ਅਹੁਦੇ ਉਤੇ ਪਹੁੰਚਣ ਵਾਲੀ ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਦਰਕਿਨਾਰ ਕਰਨਾ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੇ ਉਲਟ ਹੈ ਕਿਉਂਕਿ ਸੰਵਿਧਾਨਕ ਤੌਰ 'ਤੇ ਰਾਸ਼ਟਰਪਤੀ ਮੁਰਮੂ ਹੀ ਦੇਸ਼ ਅਤੇ ਸੰਸਦ ਦੀ ਮੁੱਖੀ ਹੈ। ਇਸ ਲਈ ਇਹ ਉਦਘਾਟਨ ਕਰਨ ਦਾ ਪਹਿਲਾ ਹੱਕ ਵੀ ਰਾਸ਼ਟਰਪਤੀ ਦਾ ਹੀ ਬਣਦਾ ਹੈ।
ਉਨ੍ਹਾਂ ਆਖਿਆ ਕਿ ਸਿਰੇ ਦੀ ਹਊਮੇ ਅਤੇ ਸਵੈ ਪ੍ਰਚਾਰ ਦਾ ਸ਼ਿਕਾਰ ਪ੍ਰਧਾਨ ਮੰਤਰੀ ਮੋਦੀ ਜਿਵੇਂ ਕਈ ਮੌਕਿਆਂ ਪਿਛਲੇ ਰਾਸ਼ਟਰਪਤੀ ਰਾਮ ਨਾਥ ਕੋਬਿੰਦ ਨੂੰ ਜਨਤਕ ਤੌਰ 'ਤੇ ਨਜ਼ਰ ਅੰਦਾਜ਼ ਕਰਦੇ ਰਹੇ ਹਨ, ਉਸੇ ਤਰ੍ਹਾਂ ਹੁਣ ਇਸ ਬੇਹੱਦ ਅਹਿਮ ਮੌਕੇ 'ਤੇ ਮੋਦੀ ਨੇ ਅਪਣੇ ਸਵੈ ਵਿਖਾਵੇ ਵਿਚ ਰੁਕਾਵਟ ਬਣਨ ਦੇ ਡਰੋਂ ਅਤੇ ਜੋਤਸ਼ੀਆਂ ਦੇ ਕਹੇ ਮੌਜੂਦਾ ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਇਸ ਸਮਾਗਮ ਲਈ ਸੱਦਾ ਪੱਤਰ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ।
ਉਨ੍ਹਾਂ ਕਿਹਾ ਕਿ ਐਨਾ ਹੀ ਨਹੀਂ 28 ਮਈ ਨੂੰ ਸਾਵਰਕਰ ਦੇ ਜਨਮ ਦਿਨ ਮੌਕੇ ਇਹ ਸਮਾਗਮ ਕਰਵਾ ਕੇ ਬੀਜੇਪੀ, ਜੇਲ੍ਹ 'ਚੋਂ ਅਪਣੀ ਰਿਹਾਈ ਲਈ ਬਰਤਾਨਵੀ ਸਾਮਰਾਜੀਆਂ ਤੋਂ ਵਾਰ ਵਾਰ ਮਾਫੀਆਂ ਮੰਗਣ ਵਾਲੇ ਹਿੰਦੂ ਰਾਸ਼ਟਰ ਦੀ ਥਿਊਰੀ ਦੇ ਉਸ ਮੋਢੀ ਨੂੰ ਦੇਸ਼ ਦੀ ਜਨਤਾ ਵਿਚ ਧੱਕੇ ਨਾਲ ਹਰਮਨ ਪਿਆਰਾ ਕਰਨ ਦੀ ਗੁੱਝੀ ਕੋਸ਼ਿਸ਼ ਵੀ ਕਰ ਰਹੀ ਹੈ। ਇਸ ਲਈ ਬੀਜੇਪੀ ਸਰਕਾਰ ਨੇ ਖੁਦ ਅਪਣੇ ਵੱਲੋਂ ਜਿਤਾਈ ਗਈ ਦੇਸ਼ ਦੀ ਐਸਟੀ ਵਰਗ ਨਾਲ ਸਬੰਧਤ ਪਹਿਲੀ ਮਹਿਲਾ ਰਾਸ਼ਟਰਪਤੀ ਨੂੰ ਸਮਾਗਮ ਵਿੱਚ ਸੱਦਾ ਦੇਣ ਤੋਂ ਹੀ ਟਾਲਾ ਵੱਟ ਲਿਆ।
ਲਿਬਰੇਸ਼ਨ ਆਗੂ ਦਾ ਕਹਿਣਾ ਹੈ ਕਿ ਸੰਘ-ਬੀਜੇਪੀ ਅਤੇ ਮੋਦੀ ਦੇ ਅਜਿਹੇ ਸਿਰੇ ਦੇ ਤਰਕਹੀਣ ਅਤੇ ਮਨਮਾਨੇ ਫੈਸਲੇ ਖਿਲਾਫ ਰੋਸ ਵਜੋਂ 19 ਵਿਰੋਧੀ ਪਾਰਟੀਆਂ ਨੇ ਸਮਾਗਮ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਪਰ ਇਸ ਦੇ ਉਲਟ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਵਿੱਖ ਵਿਚ ਬੀਜੇਪੀ ਨਾਲ ਮੁੜ ਗਲਵਕੜੀ ਪਾਉਣ ਦਾ ਰਾਹ ਖੋਹਲਣ ਲਈ ਸਿਰੇ ਦੀ ਚਾਪਲੂਸੀ ਕਰਦਿਆਂ ਇਸ ਸਮਾਗਮ ਵਿਚ ਸ਼ਾਮਲ ਹੋਣ ਦਾ ਬਿਆਨ ਦਿੱਤਾ ਹੈ ਜੋ ਸ਼ੋਸ਼ਿਤ ਐਸਸੀ-ਐਸਟੀ ਭਾਈਚਾਰੇ ਦਾ ਖੁੱਲੇਆਮ ਅਪਮਾਨ ਕਰਨ ਦੇ ਤੁੱਲ ਹੈ ਜਿਸ ਦੀ ਸਿਆਸੀ ਕੀਮਤ ਉਨ੍ਹਾਂ ਨੂੰ ਅਦਾ ਕਰਨੀ ਪਵੇਗੀ ।