ਟੀਚਿੰਗ ਫ਼ੈਲੋਜ਼ ਘੁਟਾਲਾ, ਨਵੇਂ ਖ਼ੁਲਾਸਿਆਂ ਦੀ ਆਸ ਡੇਢ ਮਹੀਨੇ ਤੱਕ ਟਲੀ
ਜਾਅਲੀ ਤਜ਼ੁਰਬਾ ਸਰਟੀਫਿਕੇਟ ਜਾਰੀ ਕਰਨ ਵਾਲੀਆਂ ਸਿੱਖਿਅਕ ਸੰਸਥਾਵਾਂ ਦਾ ਵੀ ਰੋਲ ਆਵੇਗਾ ਸਾਹਮਣੇ?
ਰੋਹਿਤ ਗੁਪਤਾ
ਗੁਰਦਾਸਪੁਰ 30 ਮਈ 2023- ਵੱਡੀ ਚਰਚਾ ਵਿੱਚ ਚੱਲ ਰਹੇ ਟੀਚਿੰਗ ਫ਼ੈਲੋਜ਼ ਘੋਟਾਲੇ ਦੀ ਜਾਂਚ ਲਗਭਗ ਡੇਢ ਮਹੀਨੇ ਲਈ ਲਮਕ ਗਈ ਹੈ। ਹਾਈ ਕੋਰਟ ਦੀਆਂ ਛੁੱਟੀਆਂ ਅਤੇ ਹਾਈਕੋਰਟ ਦੇ ਵਕੀਲਾਂ ਤੇ ਟੀਚਿੰਗ ਫ਼ੈਲੋਜ਼ ਦੀ ਸੁਣਵਾਈ ਕਰਨ ਰਹੇ ਮਾਨਯੋਗ ਜੱਜ ਅਨਿਲ ਖੇਤਰਪਾਲ ਵਿੱਚ ਵਿਵਾਦ ਦੇ ਚਲਦਿਆਂ ਮਾਮਲੇ ਦੀ ਅਗਲੀ ਤਰੀਕ ਡੇਢ ਮਹੀਨੇ ਦੀ ਦੇਰੀ ਨਾਲ ਦਿੱਤੀ ਗਈ ਹੈ।ਹੁਣ ਇਸ ਦੀ ਅਗਲੀ ਸੁਣਵਾਈ 17 ਜੁਲਾਈ ਨੂੰ ਹੋਵੇਗੀ।
ਯਾਦ ਰਹੇ 15 ਸਾਲ ਪੁਰਾਣੇ ਟੀਚਿੰਗ ਫ਼ੈਲੋਜ਼ ਘੁਟਾਲੇ ਦੀ ਐਫ ਆਈ ਆਰ 18 ਮਈ ਨੂੰ ਵਿਜੀਲੈਂਸ ਬਿਊਰੋ ਵੱਲੋਂ ਮੋਹਾਲੀ ਵਿਖੇ ਦਰਜ ਕੀਤੀ ਗਈ ਸੀ ਜਿਸ ਵਿਚ ਤਿੰਨ ਰਿਟਾਇਰ ਅਤੇ ਦੋ ਮੌਜੂਦਾ ਸਿੱਖਿਆ ਵਿਭਾਗ ਕਰਮਚਾਰੀਆਂ ਤੇ ਘੁਟਾਲੇ ਨਾਲ ਸਬੰਧਤ ਰਿਕਾਰਡ ਨੂੰ ਖੁਰਦ ਬੁਰਦ ਕਰਨ ਦਾ ਦੋਸ਼ ਲਗਾਉਂਦੇ ਹੋਏ ਵਿਜੀਲੈਂਸ ਵੱਲੋਂ ਨਾਮਜ਼ਦ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।
ਐਫ ਆਈ ਆਰ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਮਾਮਲੇ ਵਿੱਚ ਸਿੱਖਿਆ ਵਿਭਾਗ ਵਿੱਚ ਰਹੇ 2007 ਤੋਂ ਬਾਅਦ ਦੇ ਡੀਲਿੰਗ ਹੈਡਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਸ਼ਮੂਲੀਅਤ ਬਾਰੇ ਗਹਿਰਾਈ ਨਾਲ ਜਾਂਚ ਕਰਨ ਦੀ ਗੱਲ ਕਹੀ ਗਈ ਸੀ।ਇਸ ਦੇ ਨਾਲ ਹੀ ਉਮੀਦਵਾਰਾਂ ਨੂੰ ਜਾਲੀ ਤਜੁਰਬਾ ਸਰਟੀਫਿਕੇਟ ਜਾਰੀ ਕਰਨ ਵਾਲੀਆਂ ਸਿੱਖਿਅਕ ਸੰਸਥਾਵਾਂ ਦੇ ਰੋਲ ਬਾਰੇ ਵੀ ਗਹਿਰਾਈ ਨਾਲ ਜਾਂਚ ਕਰਕੇ ਖੁਲਾਸਾ ਕਰਨ ਦੀ ਗੱਲ ਵੀ ਕਹੀ ਗਈ ਸੀ।
ਸਿੱਖਿਆ ਵਿਭਾਗ ਦੇ ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਮਾਮਲੇ ਵਿੱਚ ਬਹੁਤ ਸਾਰੇ ਉਮੀਦਵਾਰਾਂ ਵੱਲੋਂ ਜਾਲੀ ਤਜੁਰਬਾ ਸਰਟੀਫਿਕੇਟ ਲਗਾ ਕੇ ਨੌਕਰੀ ਹਾਸਿਲ ਕੀਤੀ ਗਈ ਸੀ ਜਿਨ੍ਹਾਂ ਵਿਚੋਂ ਜ਼ਿਆਦਾਤਰ ਤਜਰਬਾ ਸਰਟੀਫਿਕੇਟ ਜਿਲਾ ਗੁਰਦਾਸਪੁਰ ਦੀਆਂ ਸਿੱਖਿਆ ਸੰਸਥਾਵਾਂ ਵਲੋਂ ਹੀ ਜਾਰੀ ਹੋਏ ਸਨ। ਸੂਤਰਾਂ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਤੋਂ ਬਾਹਰ ਦੇ ਜ਼ਿਲਿਆਂ ਵਿਚ ਵੀ ਟੀਚਿੰਗ ਫੈਲੋ ਦੀ ਨੌਕਰੀ ਹਾਸਲ ਕਰਨ ਵਾਲੇ ਕੁਝ ਉਮੀਦਵਾਰਾਂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਿੱਖਿਅਕ ਸੰਸਥਾਵਾਂ ਵੱਲੋਂ ਜਾਰੀ ਕੀਤੇ ਗਏ ਤਜੁਰਬਾ ਸਰਟੀਫਿਕੇਟਸ ਵਰਤੇ ਗਏ।
ਜਿਸ ਦੀ ਵਿਜੀਲੈਂਸ ਵਿਭਾਗ ਵੱਲੋਂ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਵਿਚ ਮਾਣਯੋਗ ਅਦਾਲਤ ਦੀ ਦਿਲਚਸਪੀ ਕਾਰਨ ਸਿੱਖਿਅਕ ਖੇਤਰਾਂ ਵਿਚ ਇਹ ਚਰਚਾ ਸੁਣੀ ਜਾ ਰਹੀ ਕਿ ਜਲਦੀ ਹੀ ਵਿਜੀਲੈਂਸ ਬਿਊਰੋ ਉਮੀਦਵਾਰਾਂ ਨੂੰ ਤਜੁਰਬਾ ਸਰਟੀਫਿਕੇਟ ਦੇਣ ਵਾਲੀਆਂ ਅਜਿਹੀਆਂ ਸਿੱਖਿਅਕ ਸੰਸਥਾਵਾਂ ਅਤੇ ਉਮੀਦਵਾਰਾਂ ਨੂੰ ਤਜ਼ੁਰਬਾ ਸਰਟੀਫਕੇਟਸ ਦਵਾਉਣ ਵਾਲੇ ਸਿੱਖਿਆ ਵਿਭਾਗ ਦੇ ਤਤਕਾਲੀਨ ਕਰਮਚਾਰੀਆਂ ਦਾ ਵੀ ਖੁਲਾਸਾ ਕਰ ਸਕਦਾ ਹੈ ਪਰ ਹੁਣ ਸੁਣਵਾਈ ਦੀ ਅਗਲੀ ਤਰੀਕ 17 ਜੁਲਾਈ ਪੈਣ ਕਾਰਨ ਇਹ ਆਸ ਵੀ ਡੇਢ ਮਹੀਨੇ ਤੱਕ ਲਟਕ ਗਈ ਹੈ।