ਹਰਜੋਤ ਬੈਂਸ ਵੱਲੋਂ ਸਿੱਖਿਆ ਬੋਰਡ ਦੇ 3 ਅਧਿਕਾਰੀ ਸਸਪੈਂਡ, DO ਸਮੇਤ BEO ਨੂੰ ਕਾਰਨ ਦੱਸੋ ਨੋਟਿਸ ਜਾਰੀ
- ਜ਼ਿਲ੍ਹਾ ਮੈਨੇਜਰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਡਿਪੂ, ਡਿਪਟੀ ਮੈਨੇਜਰ ਮੋਹਾਲੀ ਡਿਪੂ ਅਤੇ ਅੰਕੜਾ ਸਹਾਇਕ, ਮੁੱਖ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਤੁਰੰਤ ਅਹੁਦੇ ਤੋਂ ਮੁਅੱਤਲ
ਮੋਹਾਲੀ, 30 ਮਈ 2023 - ਅੱਜ ਮਿਤੀ 30/05/2023 ਨੂੰ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਲੰਬਿਆਂ, ਬਲਾਕ ਖਰੜ-3, ਜਿਲਾ ਐਸ ਏ ਐਸ ਨਗਰ (ਮੋਹਾਲੀ) ਦੀ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਜਦੋਂ ਮੈਂ ਬੱਚਿਆਂ ਨੂੰ ਕਿਤਾਬਾਂ ਮਿਲਣ ਸਬੰਧੀ ਪੁੱਛਿਆ ਤਾਂ ਪੰਜਵੀਂ ਕਲਾਸ ਦੇ ਸਾਰੇ ਬੱਚਿਆਂ ਨੇ ਮੈਂਨੂੰ ਦੱਸਿਆ ਕਿ ਉਹਨਾਂ ਨੂੰ ਅੰਗਰੇਜੀ ਵਿਸ਼ੇ ਦੀ ਕਿਤਾਬ ਨਹੀਂ ਮਿਲੀ।
ਬੱਚਿਆਂ ਵੱਲੋਂ ਦੱਸੇ ਜਾਣ ਦੇ ਤੁਰੰਤ ਬਾਅਦ ਇਸ ਮੌਕੇ ਤੇ ਹੀ ਬੀ.ਪੀ.ਈ.ਓ. ਖਰੜ-3 ਬਲਾਕ ਨੂੰ ਬੁਲਾਇਆ ਗਿਆ ਤਾਂ ਉਹਨਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਉਹਨਾਂ ਨੂੰ ਅੰਗਰੇਜੀ ਵਿਸ਼ੇ ਦੀਆਂ ਕਿਤਾਬਾਂ ਪ੍ਰਾਪਤ ਨਹੀਂ ਹੋਈਆਂ।
ਫਿਰ ਮੌਕੇ ਤੇ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਬੰਧਤ ਕਰਮਚਾਰੀਆਂ ਨੂੰ ਬੁਲਾਇਆ ਗਿਆ। ਕਰਮਚਾਰੀਆਂ ਦੀ ਗਲਤੀ ਕਾਰਨ ਤਕਰੀਬਨ 3500 ਕਿਤਾਬਾਂ ਛਪਵਾਉਣ ਤੋਂ ਰਹਿ ਗਈਆਂ ਅਤੇ ਇਹ ਬੱਚਿਆਂ ਤੱਕ ਨਹੀਂ ਪਹੁੰਚ ਸਕੀਆਂ।
ਪੜਤਾਲ ਦੌਰਾਨ ਮੇਰੇ ਧਿਆਨ ਵਿੱਚ ਆਇਆ ਹੈ ਕਿ ਜ਼ਿਲ੍ਹਾ ਮੋਹਾਲੀ ਦੇ ਡੇਰਾ ਬੱਸੀ ਬਲਾਕ ਵਿੱਚ 1135 ਅਤੇ ਬਨੂੜ ਬਲਾਕ ਵਿੱਚ 1400 ਅੰਗਰੇਜੀ ਵਿਸ਼ੇ ਦੀਆਂ ਕਿਤਾਬਾਂ ਹਾਲੇ ਤੱਕ ਪ੍ਰਾਪਤ ਨਹੀਂ ਹੋਈਆਂ, ਜਿਸ ਕਾਰਨ ਬੱਚਿਆਂ ਦੀ ਪੜਾਈ ਤੇ ਬੁਰਾ ਅਸਰ ਪਿਆ।
ਇਹ ਇੱਕ ਬਹੁਤ ਗੰਭੀਰ ਕੁਤਾਹੀ ਹੈ। ਸਕੂਲਾਂ ਵਿੱਚ ਨਵਾਂ ਵਿਦਿਅਕ ਸੈਸ਼ਨ ਇੱਕ ਅਪ੍ਰੈਲ ਤੋਂ ਸ਼ੁਰੂ ਹੋ ਚੁੱਕਾ ਹੈ ਜਦਕਿ ਕਿਤਾਬਾਂ ਦੀ ਵੰਡ ਫਰਵਰੀ/ਮਾਰਚ ਮਹੀਨਿਆਂ ਦੌਰਾਨ ਹੀ ਕਾਫ਼ੀ ਹੱਦ ਤੱਕ ਮੁਕੰਮਲ ਕਰ ਲਈ ਗਈ ਸੀ।
ਉਪਰੋਕਤ ਤੱਥਾਂ ਨੂੰ ਮੁੱਖ ਰੱਖਦੇ ਹੋ ਜ਼ਿਲ੍ਹਾ ਮੈਨੇਜਰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਡਿਪੂ, ਡਿਪਟੀ ਮੈਨੇਜਰ ਮੋਹਾਲੀ ਡਿਪੂ ਅਤੇ ਅੰਕੜਾ ਸਹਾਇਕ, ਮੁੱਖ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਤੁਰੰਤ ਅਹੁਦੇ ਤੋਂ ਮੁਅੱਤਲ ਕਰਨ ਅਤੇ ਨਾਲ ਹੀ ਇਸ ਅਣਗਿਹਲੀ ਲਈ ਜਿੰਮੇਵਾਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੋਹਾਲੀ ਅਤੇ ਸਬੰਧਿਤ ਬਲਾਕਾਂ ਦੇ ਬਲਾਕ ਸਿੱਖਿਆ ਅਫਸਰਾਂ ਨੂੰ ਸ਼ੋਅ ਕਾਜ ਨੋਟਿਸ ਜਾਰੀ ਕਰਨ ਦਾ ਆਦੇਸ਼ ਦੇ ਦਿੱਤੇ ਹਨ। ਨਵੇ ਵਿਦਿਅਕ ਸੈਸ਼ਨ ਦੇ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਹਨਾਂ ਅਧਿਕਾਰੀਆਂ ਨੇ ਇਸ ਸੰਜੀਦਾ ਮਸਲੇ ਪ੍ਰਤੀ ਆਪਣੀ ਜਿੰਮੇਵਾਰੀ ਨਹੀਂ ਨਿਭਾਈ।