ਨਿਊਜ਼ੀਲੈਡ ਪੁਲਿਸ ’ਚ ਭਰਤੀ ਹੋਏ 235 ਭਾਰਤੀ ਮੂਲ ਦੇ ਅਫਸਰ
ਨਿਊਜ਼ੀਲੈਂਡ ਪੁਲਿਸ ਗਿਣਤੀ ’ਚ ਹੁੱਣ ਤੱਕ ਦਾ ਰਿਕਾਰਡ ਵਾਧਾ-ਕੁੱਲ ਗਿਣਤੀ ਹੋਈ 10,700
62 ਨਵੇਂ ਪੁਲਿਸ ਅਫਸਰ ਅੱਜ ਸ਼ਾਮਿਲ ਹੋਏ
ਕੁੱਲ ਗਿਣਤੀ ਚੋਂ 64.5% ਪੁਰਸ਼ ਅਤੇ 35.5% ਮਹਿਲਾਵਾਂ
129 ਭਾਰਤੀ ਪੁਰਸ਼ ਅਤੇ 29 ਭਾਰਤੀ ਮਹਿਲਾਵਾਂ ਵੀ ਹਨ (2.19%)
ਹਰਜਿੰਦਰ ਸਿੰਘ ਬਸਿਆਲਾ
ਆਕਲੈਂਡ, 01 ਜੂਨ, 2023:-ਨਿਊਜ਼ੀਲੈਂਡ ਪੁਲਿਸ ਦੇ ਵਿਚ ਅੱਜ 62 ਨਵੇਂ ਪੁਲਿਸ ਅਫਸਰ 366ਵੇਂ ਵਿੰਗ ਦੀ ਪਾਸਿੰਗ ਪ੍ਰੇਡ ਉਪਰੰਤ ਸ਼ਾਮਿਲ ਹੋ ਗਏ। ਇਨ੍ਹਾਂ ਦੇ ਸ਼ਾਮਿਲ ਹੋਣ ਨਾਲ ਲੇਬਰ ਸਰਕਾਰ ਨੇ 1800 ਨਵੇਂ ਪੁਲਿਸ ਅਫਸਰ ਭਰਤੀ ਕਰਨ ਦਾ ਆਪਣਾ ਵਾਅਦਾ ਵੀ ਪੂਰਾ ਕੀਤਾ। ਹੁਣ ਦੇਸ਼ ਵਿਚ ਕੁੱਲ ਕਾਂਸਟੇਬਲ ਪੱਧਰ (ਵਰਕਫੋਰਸ) ਦੇ ਪੁਲਿਸ ਅਫਸਰਾਂ ਦੀ ਗਿਣਤੀ 10,700 ਹੋ ਗਈ ਹੈ। 2017 ਤੋਂ ਲੈ ਕੇ ਜੂਨ 2023 ਤੱਕ ਇਹ ਵਾਧਾ 21% ਦਰਜ ਹੋਇਆ ਹੈ, ਜਿਸ ਦੇ ਵਿਚ 40% ਮਾਓਰੀ ਅਫਸਰ, ਪੈਸਫਿਕਾ 83%, ਏਸ਼ੀਅਨ 157%, ਅਤੇ ਮਹਿਲਾਵਾਂ ਦਾ 61% ਵਾਧਾ ਹੋਇਆ ਹੈ। 480 ਨਿਊਜ਼ੀਲੈਂਡ ਵਾਸੀਆਂ ਮਗਰ ਇਕ ਪੁਲਿਸ ਅਫ਼ਸਰ ਇਸ ਵੇਲੇ ਆ ਰਿਹਾ ਹੈ। ਪਿਛਲੀ ਸਰਕਾਰ ਨੇ 9 ਸਾਲਾਂ ਵਿਚ ਸਿਰਫ 643 ਦਾ ਵਾਧਾ ਕੀਤਾ ਸੀ ਪਰ ਲੇਬਰ ਸਰਕਾਰ ਨੇ 6 ਸਾਲਾਂ ਵਿਚ 1800 ਨਵੇਂ ਪੁਲਿਸ ਅਫਸਰ ਸ਼ਾਮਿਲ ਕੀਤੇ। ਨਵੇਂ ਵਿੰਗ ਦੇ ਵਿਚ 35% ਮਹਿਲਾਵਾਂ, 14% ਮਾਓਰੀ, 16% ਪੈਸੇਫਿਕ ਲੋਕ ਅਤੇ 5% ਏਸ਼ੀਅਨ ਲੋਕ ਸ਼ਾਮਿਲ ਸਨ। ਇਸ ਵਿੰਗ ਦੇ ਵਿਚ ਵੀਅਤਨਾਮ, ਅਰਜਨਟੀਨਾ, ਨੀਦਰਲੈਂਡ ਅਤੇ ਹੰਗਰੀ ਆਦਿ ਦੇ ਲੋਕ ਵੀ ਸ਼ਾਮਿਲ ਸਨ। ਨਵੇਂ ਪੁਲਿਸ ਅਫਸਰਾਂ ਵਿਚੋਂ ਨੌਰਥਲੈਂਡ ਵਿਖੇ 2, ਔਕਲੈਂਡ ਸਿਟੀ 5, ਕਾਊਂਟੀਜ਼ ਮੈਨੁਕਾਓ 8, ਵਾਇਟੀਮਾਟਾ 5, ਵਾਇਕਾਟੋ 8, ਬੇਅ ਆਫ ਪਲੈਂਟੀ 6, ਈਸਟਰਨ 3, ਸੈਂਟਰਲ 2, ਵਲਿੰਗਟਨ 9, ਟੈਸਮਨ 1, ਕੈਂਟਰਬਰੀ 4 ਅਤੇ ਸਦਰਰਨ ਵਿਖੇ 9 ਜਾਣਗੇ ਜੋ ਕਿ 12 ਜੂਨ ਤੋਂ ਆਪਣੀ ਡਿਊਟੀ ਸ਼ੁਰੂ ਕਰਨਗੇ।
ਇਸ ਵੇਲੇ ਸਭ ਤੋਂ ਵੱਧ ਪੁਲਿਸ ਗਿਣਤੀ (2948) ਔਕਲੈਂਡ ਖੇਤਰ ਵਿਚ ਹੈ। ਇਸ ਤੋਂ ਬਾਅਦ ਕੈਂਟਰਬਰੀ 987 ਅਤੇ ਵਲਿੰਗਟਨ ਵਿਖੇ 857 ਹੈ। ਅੱਜ ਦੀ ਪਾਸਿਗ ਪ੍ਰੇਡ ਵਿਚ ਪੁਲਿਸ ਕਮਿਸ਼ਨਰ ਸ੍ਰੀ ਐਂਡਰੀਊ ਕੋਸਟਰ, ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਤੇ ਪੁਲਿਸ ਮੰਤਰੀ ਗਿੱਨੀ ਐਂਡਰਸਨ ਸ਼ਾਮਿਲ ਹੋਏ।
ਨਿਊਜ਼ੀਲੈਂਡ ਦੇ ਵਿਚ ਭਾਰਤੀ ਪੁਲਿਸ ਅਫਸਰਾਂ ਦੀ ਗਿਣਤੀ: ਇਸ ਵੇਲੇ ਨਿਊਜ਼ੀਲੈਂਡ ਪੁਲਿਸ ਦੇ ਵਿਚ ਭਾਰਤੀ ਪੁਰਸ਼ਾਂ ਅਤੇ ਮਹਿਲਾਵਾਂ ਦੀ ਦਰ 2.19% ਹੈ। 9 ਮਈ 2023 ਤੱਕ ਜਾਰੀ ਰਿਪੋਰਟ ਵਿਚ ਇਸ ਪੱਤਰਕਾਰ ਨੂੰ ਵਿਭਾਗ ਵੱਲੋਂ ਦੱਸਿਆ ਗਿਆ ਸੀ ਕਿ ਇਸ ਵੇਲੇ 206 ਭਾਰਤੀ ਮੂਲ ਦੇ ਪੁਰਸ਼ ਪੁਲਿਸ ਅਫਸਰ ਅਤੇ 29 ਭਾਰਤੀ ਮੂਲ ਦੀਆਂ ਮਹਿਲਾਵਾਂ ਪੁਲਿਸ ਅਫਸਰ ਕੰਮ ਕਰ ਰਹੀਆਂ ਹਨ। ਪਿਛਲੇ 12 ਮਹੀਨਿਆਂ ਦੇ ਵਿਚ 8 ਪੁਲਿਸ ਅਫਸਰਾਂ ਨੇ ਨੌਕਰੀ ਤੋਂ ਅਸਤੀਫਾ ਵੀ ਦਿੱਤਾ ਹੈ।