ਨੌਜਵਾਨ ਕੌਂਸਲ ਹਿਮਾਂਸ਼ੂ ਮਲਿਕ ਨੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਦਾ ਕੀਤਾ ਬਾਈਕਾਟ
- ਕਿਸੇ ਦੇ ਹੱਕ ਵਿੱਚ ਨਹੀਂ ਪਾਈ ਵੋਟ
ਦੀਪਕ ਜੈਨ
ਜਗਰਾਓਂ, 2 ਜੂਨ 2023 - ਨਗਰ ਕੌਂਸਲ ਜਗਰਾਉ ਦੇ ਨੌਜਵਾਨ ਕੌਂਸਲਰ ਹਿਮਾਂਸ਼ੂ ਮਲਿਕ ਨੇ ਅੱਜ ਨਗਰ ਕੌਂਸਲ ਜਗਰਾਉਂ ਦੇ ਟਾਊਨ ਹਾਲ ਵਿਖੇ ਹੋਈ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਦੌਰਾਨ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਨਾ ਕਰਦਿਆਂ ਚੋਣ ਦਾ ਬਾਈਕਾਟ ਕੀਤਾ ਅਤੇ ਕਿਸੇ ਦੇ ਪੱਖ ਵਿੱਚ ਵੀ ਵੋਟ ਨਹੀਂ ਪਾਈ। ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦੇ ਹਿਮਾਂਸ਼ੂ ਮਲਿਕ ਨੇ ਕਿਹਾ ਕਿ ਨਗਰ ਕੌਂਸਲ ਜਗਰਾਉਂ ਪੁਲੀਸ ਛਾਉਣੀ ਵਿੱਚ ਤਬਦੀਲ ਕਰਦਿਆਂ ਇੰਨੇ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਚੋਣ ਕਰਵਾਉਣ ਦਾ ਕੋਈ ਵੀ ਮੰਤਵ ਮੁੱਖ ਨਹੀਂ ਰਹਿ ਜਾਂਦਾ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਦੇ ਵਿਕਾਸ ਕਾਰਜ ਰੁਕੇ ਪਏ ਹਨ।
ਕੌਂਸਲਰ ਹਿਮਾਂਸ਼ੂ ਮਲਿਕ ਨੇ ਕਿਹਾ ਕਿ ਅੱਜ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਦੌਰਾਨ ਉਨ੍ਹਾਂ ਨੇ ਕਿਸੇ ਦੇ ਹੱਕ ਵਿਚ ਵੀ ਆਪਣੀ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਕੌਂਸਲਰ ਬਣਨ ਦਾ ਮੁੱਖ ਮੰਤਵ ਆਮ ਲੋਕਾਂ ਦੀ ਸੇਵਾ ਕਰਨਾ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਉਣਾ ਹੁੰਦਾ ਹੈ ਜਦ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਹੀ ਸ਼ਹਿਰ ਵਿਚ ਹੋਣ ਵਾਲੇ ਵਿਕਾਸ ਕਾਰਜ ਰੁਕੇ ਪਏ ਹਨ ਜਿਸ ਦੇ ਚਲਦਿਆਂ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।