ਸਰਕਾਰੀ ਸਿਹਤ ਸੰਸਥਾਵਾਂ ਵਿਚ ਨਵਜੰਮੇ ਬੱਚਿਆਂ ਦੀ ਜਮਾਂਦਰੂ ਨੁਕਸਾਂ ਦੀ ਸਕਰੀਨਿੰਗ ਯਕੀਨੀ ਬਣਾਈ ਜਾਵੇ: ਸਿਵਲ ਸਰਜਨ ਡਾ. ਜਸਪ੍ਰੀਤ ਕੌਰ
ਲੋੜਵੰਦ ਬੱਚਿਆਂ ਨੂੰ ਮਿੱਥੇ ਸਮੇਂ ’ਚ ਸਿਹਤ ਸੇਵਾਵਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 05 ਜੂਨ 2023: ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਰਾਸ਼ਟਰੀ ਬਾਲ ਸੁਰੱਖਿਆ ਕਾਰਿਆਕ੍ਰਮ (ਆਰ.ਬੀ.ਐੱਸ.ਕੇ.) ਤਹਿਤ ਬੱਚਿਆਂ ਵਿਚ ਜਮਾਂਦਰੂ ਨੁਕਸਾਂ, ਸਰੀਰਕ ਕਮੀਆਂ, ਬਚਪਨ ਦੀਆਂ ਬਿਮਾਰੀਆਂ ਅਤੇ ਮਾਨਸਿਕ ਤੇੇ ਸਰੀਰਕ ਵਿਕਾਸ ਵਿਚ ਦੇਰੀ ਆਦਿ ਦੀ ਸਮੇਂ ਸਿਰ ਪਛਾਣ ਕਰਨ ਅਤੇ ਮੁਫਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਨੋਡਲ ਅਫਸਰ ਸਮੇਤ ਆਰ.ਬੀ.ਐੱਸ.ਕੇ. ਅਧੀਨ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਅੱਜ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ।
ਇਸ ਮੌਕੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਆਯੂਰਵੈਦਿਕ ਮੈਡੀਕਲ ਅਫਸਰ, ਸਟਾਫ ਨਰਸਾਂ ਤੇ ਫਾਰਮੇਸੀ ਅਫਸਰਾਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਬਾਲ ਸਵੱਸਥਿਆ ਕਾਰਿਆਕ੍ਰਮ ਤਹਿਤ ਮੋਬਾਇਲ ਸਿਹਤ ਟੀਮਾਂ ਮਿੱਥੇ ਸਮੇਂ 'ਚ ਲੋੜਵੰਦ ਬਿਮਾਰ ਬੱਚਿਆਂ ਦਾ ਇਲਾਜ ਯਕੀਨੀ ਬਣਾਉਣ। ਉਨ੍ਹਾਂ ਹਦਾਇਤ ਕੀਤੀ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਡਲਿਵਰੀ ਪੁਆਇੰਟਾਂ ’ਤੇ ਜਨਮ ਲੈਣ ਵਾਲੇ ਬੱਚਿਆਂ ਦੀ ਮੌਕੇ ’ਤੇ ਹੀ ਜਮਾਂਦਰੂ ਨੁਕਸਾਂ ਦੀ ਸਕਰੀਨਿੰਗ ਕਰਵਾਈ ਜਾਵੇ ਤਾਂ ਜੋ ਲੋੜਵੰਦ ਬੱਚਿਆਂ ਦਾ ਜਲਦੀ ਤੋਂ ਜਲਦੀ ਇਲਾਜ ਕਰਵਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਅਤੇ ਡਲਿਵਰੀ ਪੁਆਇਟਾਂ ’ਤੇ ਆਰ.ਬੀ.ਐੱਸ.ਕੇ. ਅਧੀਨ ਜਮਾਂਦਰੂ ਨੁਕਸਾਂ ਦੀ ਅਤੇ 31 ਬਿਮਾਰੀਆਂ ਦੇ ਫਲੈਕਸ ਲਗਵਾਉਣੇ ਯਕੀਨੀ ਬਣਾਏ ਜਾਣ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਹਰੇਕ ਡਲਿਵਰੀ ਪੁਆਇੰਟ ’ਤੇ ਛੁੱਟੀ ਹੋਣ ਵਾਲੇ ਨਵਜੰਮੇ ਬੱਚਿਆਂ ਦੇ ਕਾਰਡ ’ਤੇ 9 ਜਮਾਂਦਰੂ ਨੁਕਸਾਂ ਦੀ ਮੋਹਰ ਲਗਾ ਕੇ ਸਕਰੀਨਿੰਗ ਦੀ ਤਸਦੀਕ ਕੀਤੀ ਜਾਵੇ ਕਿ ਇਸ ਬੱਚੇ ਦੀ ਜਮਾਂਦਰੂ ਨੁਕਸਾਂ ਲਈ ਸਕਰੀਨਿੰਗ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਉਮੰਗ ਕਲੀਨਿਕਾਂ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਅਤੇ ਕਿਸ਼ੋਰ ਲੜਕੀਆਂ ਨੂੰ ਮੈਂਸਟਰੂਅਲ ਸਿਹਤ ਅਤੇ ਸਾਫ-ਸਫਾਈ ਮਨਟੇਨ ਕਰਨ ਬਾਰੇ ਜਾਗਰੂਕ ਕੀਤਾ ਜਾਵੇ। ਇਸ ਤੋਂ ਇਲਾਵਾ ਸਮੇਂ-ਸਮੇਂ ’ਤੇ ਕਿਸ਼ੋਰ ਲੜਕੀਆਂ ਦੀ ਕੌਂਸਲੰਿਗ ਕਰਨੀ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਜ਼ਿਲ੍ਹੇ ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਦੇ ਹੋਏ ਸਰੀਰਕ ਗਤੀਵਿਧੀਆਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਉਤਸ਼ਾਹਿਤ ਕਰਨ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਅਕ ਸੰਸਥਾਵਾਂ ਵਿਚ ਯੋਗਾ ਅਤੇ ਮੈਡੀਟੇਸ਼ਨ ਸੈਸ਼ਨ ਆਯੋਜਿਤ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ, ਰੈੱਫ਼ਰ ਕਰਨਾ, ਬਿਮਾਰੀਆਂ ਤੋਂ ਪੀੜਿਤ ਬੱਚਿਆਂ ਦੇ ਇਲਾਜ ਲਈ ਢੁੱਕਵੇਂ ਪ੍ਰਬੰਧ ਕਰਨਾ ਅਤੇ ਇਲਾਜ ਲਈ ਪ੍ਰੇਰਿਤ ਕਰਨਾ ਆਰ.ਬੀ.ਐੱਸ.ਕੇ. ਦੇ ਮੁੱਖ ਅੰਸ਼ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਮ ਤੋਂ ਲੈ ਕੇ ਗੰਭੀਰ ਬਿਮਾਰੀਆਂ ਤੋਂ ਪ੍ਰਭਾਵਿਤ ਸ਼ੱਕੀ ਕੇਸਾਂ ਨੂੰ ਢੁੱਕਵੀਂ ਜਾਂਚ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ। ਉਨ੍ਹਾਂ ਅੱਗੇ ਕਿਹਾ ਕਿ ਬੱਚਿਆਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਬਿਮਾਰੀ ਦਾ ਪਹਿਲੇ ਪੜਾਅ ਵਿੱਚ ਪਤਾ ਲਗਾਉਣਾ ਅਤੀ ਜ਼ਰੂਰੀ ਹੁੰਦਾ ਹੈ ਤਾਂ ਜੋ ਬੱਚੇ ਨੂੰ ਕਿਸੇ ਵੀ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮਨਦੀਪ ਕਮਲ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਤਰਸੇਮ ਲਾਲ ਅਤੇ ਜ਼ਿਲ੍ਹਾ ਸਕੂਲ ਸਿਹਤ ਕੋਆਡੀਨੇਟਰ ਰਮਨਦੀਪ ਕੌਰ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।