← ਪਿਛੇ ਪਰਤੋ
ਪਹਿਲੇ ਦਿਨ ਕਾਲਜ ਜਾ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਦੀ ਮੌਤ-ਦੂਜਾ ਜ਼ਖਮੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 24 ਅਪ੍ਰੈਲ 2024- ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਤੋਂ ਡੱਲਾ ਰੋਡ ਸਥਿਤ ਇੱਕ ਪੈਟ੍ਰੋਲ ਪੰਪ ਨੇੜੇ ਹੋਏ ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਇੱਕ ਜਖਮੀ ਹੋ ਗਿਆ ਹੈ। ਜਿਸ ਦੀ ਖਬਰ ਮਿਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਦੇ ਮੁਹੱਲਾ ਸੈਂਟਰ ਟਾਊਨ ਦਾ 18 ਸਾਲਾ ਨਵਦੀਪ ਸਿੰਘ ਪੁੱਤਰ ਜਸਵੀਰ ਸਿੰਘ ਮਲਸੀਆਂ ਵਿਖੇ ਏਪੀਜੇ ਨਰਸਿੰਗ ਕਾਲਜ ਵਿਖੇ ਨਰਸਿੰਗ ਦੀ ਪੜ੍ਹਾਈ ਕਰਦਾ ਸੀ ਅਤੇ ਦੋ ਮਹੀਨੇ ਦੀ ਟਰੇਨਿੰਗ ਤੋਂ ਬਾਅਦ ਅੱਜ ਪਹਿਲੇ ਦਿਨ ਆਪਣੇ ਸਾਥੀ ਅਜੇ ਪੁੱਤਰ ਰਾਜੂ ਵਾਸੀ ਪਿੰਡ ਜੈਨ ਪੁਰ ਨਾਲ ਪੀਬੀ 08 ਈਸੀ 6926 ਮੋਟਰਸਾਈਕਲ 'ਤੇ ਕਾਲਜ ਮਲਸੀਆਂ ਜਾ ਰਿਹਾ ਸੀ। ਜਦੋਂ ਉਹ ਡੱਲਾ ਰੋਡ ਨੇੜੇ ਇੱਕ ਪਟਰੋਲ ਪੰਪ ਕੋਲ ਪੁੱਜਾ ਤਾਂ ਅੱਗੇ ਤੋਂ ਅਚਾਨਕ ਇੱਕ ਟਿੱਪਰ ਆ ਗਿਆ। ਮੋਟਰਸਾਈਕਲ ਦਾ ਸੰਤੁਲਨ ਵਿਗੜਨ ਨਾਲ ਹੇਠਾਂ ਡਿਗਦਿਆਂ ਹੀ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ ਅਤੇ ਦੂਸਰਾ ਨੋਜਵਾਨ ਜ਼ਖ਼ਮੀ ਹੋ ਗਿਆ। ਆਸ ਪਾਸ ਦੇ ਲੋਕਾਂ ਨੇ ਮੌਕੇ ਤੇ ਹੀ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਮੌਕੇ ਤੇ ਪਹੁੰਚੇ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਦੋਂਨਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਇੱਕ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਿਸ ਦੀ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ ਅਤੇ ਜ਼ਖ਼ਮੀ ਦਾ ਇਲਾਜ ਕੀਤਾ ਗਿਆ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Total Responses : 309