ਕਿਡਨੈਪ ਹੋਏ ਵਿਅਕਤੀ ਦੇ ਖਿਲਾਫ ਦਰਜ ਕੀਤਾ ਮਾਰਕਟਾਈ ਦਾ ਮਾਮਲਾ, ਕਿਸਾਨਾਂ ਨੇ ਪੁਲਿਸ ਦੀ ਕਾਰਵਾਈ ਤੇ ਸਵਾਲ ਚੁੱਕਦਿਆਂ ਪੁਲਿਸ ਥਾਣੇ ਮੂਹਰੇ ਲਾਇਆ ਧਰਨਾ
ਰੋਹਿਤ ਗੁਪਤਾ
ਗੁਰਦਾਸਪੁਰ 24 ਅਪ੍ਰੈਲ 2024 - ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਜਿੱਥੇ ਹਲਕੇ ਅੰਦਰ ਵੱਧਦੇ ਕ੍ਰਾਈਮ ਨੂੰ ਰੋਕਣ ਲਈ ਅਸਫਲ ਸਾਬਤ ਹੋ ਰਹੀ ਆ ਉੱਥੇ ਇਸ ਥਾਣੇ ਦੀ ਪੁਲਿਸ ਕਈ ਹੋਰ ਕਾਰਨਾਂ ਕਾਰਨ ਵੀ ਅੱਜ ਕੱਲ ਚਰਚਾ ਦਾ ਕਾਰਨ ਬਣੀ ਹੋਈ ਹੈ, ਕਿਉਂਕਿ ਬੀਤੀ 16 ਅਪ੍ਰੈਲ ਨੂੰ ਇਸ ਥਾਣੇ ਦੀ ਪੁਲਿਸ ਨੇ ਇੱਕ ਧਿਰ ਨੂੰ ਪੀੜਤ ਅਤੇ ਦੂਸਰੀ ਧਿਰ ਨੂੰ ਹਮਲਾਵਰ ਦੱਸ ਕੇ ਹਮਲਾਵਰ ਧਿਰ ਦੇ ਖਿਲਾਫ ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ। 16 ਅਪ੍ਰੈਲ ਨੂੰ ਪੀੜਤ ਧਿਰ ਗੁਰਮੀਤ ਸਿੰਘ ਪੁੱਤਰ ਅਜੈਬ ਸਿੰਘ ਜੇ ਬਿਆਨਾਂ ਦੇ ਅਧਾਰ ਤੇ ਥਾਣਾ ਭੈਣੀ ਮੀਆਂ ਖਾਂ ਵਿੱਚ ਦਰਜ ਮੁਕਦਮੇ ਦੇ ਅਨੁਸਾਰ ਗੁਰਜੀਤ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਚਂਚਲ ਸਿੰਘ, ਹਰਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ,ਪੰਜਾਬ ਸਿੰਘ ਪੁੱਤਰ ਮੁਖਤਾਰ ਸਿੰਘ ਅਤੇ ਥੰਮਾ ਸਿੰਘ ਪੁੱਤਰ ਪਾਲ ਸਿੰਘ ਵਾਸੀ ਪੁਰਾਣੀ ਬਾਗੜੀਆਂ ਦੇ ਖਿਲਾਫ ਧਾਰਾ 365, 342,323, 148,149, 25,27,54 59 ਆਰਮਜ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਇਹਨਾਂ ਵਿੱਚੋਂ 365 ਦੀ ਧਾਰਾ ਹੈ ਯਾਨੀ ਕਿ ਦੋਸ਼ੀਆਂ ਵੱਲੋਂ ਗੁਰਮੀਤ ਸਿੰਘ ਨੂੰ ਦਾ ਅਪਹਰਣ ਕਰਕੇ ਉਸ ਨਾਲ ਮਾਰਕਟਾਈ ਕੀਤੀ ਗਈ ਸੀ।
16 ਅਪ੍ਰੈਲ ਨੂੰ ਪੁਲਿਸ ਦੇ ਬਿਆਨਾਂ ਦੇ ਅਨੁਸਾਰ ਗੁਰਮੀਤ ਸਿੰਘ ਪੁੱਤਰ ਅਜੈਬ ਸਿੰਘ ਨੂੰ ਚਂਚਲ ਸਿੰਘ ਧਿਰ ਵੱਲੋਂ ਅਗਵਾਹ ਕੀਤਾ ਗਿਆ ਸੀ, ਪਰ ਇਸ ਘਟਨਾ ਤੋਂ ਸੱਤ ਦਿਨ ਬਾਅਦ 22 ਅਪ੍ਰੈਲ ਨੂੰ ਪੀੜਤ ਧਿਰ ਦੇ ਗੁਰਮੀਤ ਸਿੰਘ ਪੁੱਤਰ ਅਜੈਬ ਸਿੰਘ, ਸਤਨਾਮ ਸਿੰਘ ਪੁੱਤਰ ਸੁਖਦੇਵ ਸਿੰਘ, ਦਿਲਬਾਗ ਸਿੰਘ ਪੁੱਤਰ ਭਜਨ ਸਿੰਘ ਦੇ ਖਿਲਾਫ ਹੀ ਧਾਰਾ 452 ,323, 324,327,148 ਅਤੇ 149 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਪੀੜਤ ਧਿਰ ਦੇ ਖਿਲਾਫ ਹੀ ਮੁਕਦਮਾ ਦਰਜ ਕਰਨ ਤੋਂ ਬਾਅਦ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਪਗੜੀ ਸੰਭਾਲ ਜੱਟਾ ਲਹਿਰ ਅਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਨੂੰ ਜਦੋਂ ਪਤਾ ਲੱਗਾ ਤਾਂ ਇਹ ਕਿਸਾਨ ਜਥੇਬੰਦੀਆਂ ਪੀੜਤ ਗੁਰਮੀਤ ਸਿੰਘ ਧਿਰ ਦੇ ਹੱਕ ਵਿੱਚ ਖੜ ਗਈਆਂ। ਇਹਨਾਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੁਲਿਸ ਥਾਣਾ ਭੈਣੀ ਮੀਆਂ ਖਾਂ ਦੇ ਸਾਹਮਣੇ ਪੁਲਿਸ ਖਿਲਾਫ ਰੋਸਮਈ ਧਰਨਾ ਦਿੱਤਾ ਗਿਆ।
ਇਸ ਰੋਸ ਧਰਨੇ ਦੇ ਵਿੱਚ ਪਗੜੀ ਸੰਭਾਲ ਜੱਟਾ ਲਹਿਰ ਦੇ ਕਨਵੀਨਰ ਸਤਨਾਮ ਸਿੰਘ ਬਾਗੜੀਆਂ, ਗਲੀ ਦਲੀਪ ਸਿੰਘ ਨੂਨ ਮੁੱਖ ਬੁਲਾਰਾ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਬਲਵਿੰਦਰ ਸਿੰਘ ਰਾਜੂ ਕਸ਼ਮੀਰ ਸਿੰਘ ਰਾਜੂ ਧੱਕੜ ਮੀਤ ਪ੍ਰਧਾਨ ਮਾਝਾ ਸੰਘਰਸ਼ ਕਮੇਟੀ, ਹਰਪ੍ਰੀਤ ਸਿੰਘ ਤੁਗਲਵਾਲ ਸੁਖਦੇਵ ਸਿੰਘ ਸਿਸਰਾ ਦਲਜੀਤ ਸਿੰਘ ਸਰਪੰਚ, ਨਵਜੀਤ ਸਿੰਘ ਰਿਆੜ ਲਵਲੀ ਲੰਬੜ ਜਗਜੀਤ ਰੰਧਾਵਾ ਸਮੇਤ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਕਿਸਾਨਾਂ ਨੇ ਸ਼ਾਮਿਲ ਹੋ ਕੇ ਪੀੜਤ ਗੁਰਮੀਤ ਸਿੰਘ ਧਿਰ ਦੇ ਖਿਲਾਫ ਝੂਠੀ ਐਫ ਆਈਆਰ ਦਰਜ ਕਰਨ ਦੇ ਵਿਰੋਧ ਵਿੱਚ ਰੋਸ਼ਮਈ ਧਰਨਾ ਦਿੱਤਾ ਗਿਆ।
ਰੋਸ ਧਰਨੇ ਦੇ ਦੌਰਾਨ ਮੌਕੇ ਤੇ ਪੁੱਜੇ ਹਲਕਾ ਡੀਐਸਪੀ ਰਾਜਬੀਰ ਸਿੰਘ ਨੇ ਧਰਨਾਕਾਰੀ ਕਿਸਾਨਾਂ ਨੂੰ ਵਿਸ਼ਵਾਸ਼ ਦਵਾਇਆ ਕਿ ਇਸ ਸਬੰਧੀ ਸਿੱਟ ਤਿਆਰ ਕੀਤੀ ਜਾ ਰਹੀ, ਜੋ ਐਸਐਸਪੀ ਨੂੰ ਆਪਣੀ ਸਾਰੀ ਰਿਪੋਰਟ ਸੌਂਪੇਗੀ। ਉਹਨਾਂ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਐਮਐਲਆਰ ਪ੍ਰਾਪਤ ਹੋਈ ਹੈ, ਜਿਸ ਦੇ ਆਧਾਰ ਤੇ ਗੁਰਮੀਤ ਸਿੰਘ ਧਿਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਪੁਲਿਸ ਦੀ ਕਾਰਗੁਜ਼ਾਰੀ ਤੇ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਗੁਰਮੀਤ ਸਿੰਘ ਨੂੰ ਚਂਚਲ ਸਿੰਘ ਧਿਰ ਵੱਲੋਂ ਅਗਵਾਹ ਕੀਤਾ ਗਿਆ ਤਾਂ ਗੁਰਮੀਤ ਸਿੰਘ ਵੱਲੋਂ ਚਂਚਲ ਸਿੰਘ ਦੇ ਘਰ ਵਿੱਚ ਕਿਵੇਂ ਦਾਖਲ ਹੋ ਕੇ ਉਹਨਾਂ ਦੇ ਜੀਆਂ ਦੀ ਕੁੱਟਮਾਰ ਕੀਤੀ ਗਈ, ਜਦ ਕਿ ਪੁਲਿਸ ਵੱਲੋਂ 16 ਅਪ੍ਰੈਲ ਨੂੰ ਐਫਆਈਆਰ ਵਿੱਚ ਦਰਜ ਐਫ ਆਈ ਆਰ ਦੀ ਧਾਰਾ 365 ਦਰਜ ਕੀਤੀ ਗਈ ਹੈ।