ਸਰੀਰਕ ਅਤੇ ਮਾਨਸਿਕ-ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ
- ਡਾ: ਰੀਟਾ ਚੋਪੜਾ ਅਤੇ ਸ਼੍ਰੀ ਸ਼ਲਿਲ ਚੋਪੜਾ ਨੇ ਬੱਚਿਆਂ ਨੂੰ ਚੰਗੀ ਸਿਹਤ ਲਈ ਪ੍ਰੇਰਿਤ ਕੀਤਾ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 24 ਅਪ੍ਰੈਲ 2024:ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚੱਲ ਰਹੀਆਂ ਸਿੱਖਿਆ-ਸੰਸਥਾਵਾਂ ' ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ’ ਵਿਖੇ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਕੀਤਾ ਗਿਆ। ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਅਜਮੇਰ ਸਿੰਘ ਦੀ ਅਗਵਾਈ ਵਿੱਚ ਆਏ ਵਿਸ਼ਾ ਮਹਿਰਾਂ ਡਾ: ਰੀਟਾ ਕਾਲੜਾ ਅਤੇ ਸ੍ਰੀ ਸ਼ਲਿਲ ਚੋਪੜਾ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਰੌਚਿਕਤਾ ਨਾਲ ਆਪਣੇ-ਆਪ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਰਿਸ਼ਟ ਪੁਸਟ ਰਹਿਣ ਲਈ ਪ੍ਰੇਰਿਆ।
ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਹਰ ਰੋਜ਼ ਨਹਾਉਣ, ਖਾਣਾ ਖਾਣ ਉਪਰੰਤ ਦੰਦ ਸਾਫ਼ ਕਰਨ, ਕਸਰਤ ਕਰਨ, ਸਕਰੀਨ ਸਮਾਂ ਸੀਮਤ ਕਰਨ, ਕੀ ਵੇਖਣਾ ਹੈ ਅਤੇ ਕੀ ਨਹੀਂ ਵੇਖਣਾ ਤੈਅ ਕਰਨ, ਹਰੀਆਂ ਸਬਜ਼ੀਆਂ, ਦਾਲਾਂ ਦਾ ਸੇਵਨ ਕਰਨ, ਮਿੱਠੇ ਪਕਵਾਨਾ ਦਾ ਸੇਵਨ ਸੀਮਤ ਕਰਨ, ਤਲ਼ੀਆਂ ਹੋਈਆਂ ਵਸਤਾਂ ਅਤੇ ਜੰਕ ਫੂਡ ਦਾ ਸੇਵਨ ਨਾ ਕਰਨ। ਇਹ ਵੀ ਦੱਸਿਆ ਗਿਆ ਕਿ ਹਰ ਵਿਦਿਆਰਥੀ ਆਪਣੀ ਰੁਚੀ ਅਨੁਸਾਰ ਜੀਵਨ ਵਿੱਚ ਕੁੱਝ ਨਾ ਕੁੱਝ ਕਰਨ ਦਾ ਟੀਚਾ ਮਿਥੇ, ਆਪਣੇ ਆਦਰਸ਼ ਮਿਥੇ, ਕਦੇ ਵੀ ਆਪਣੇ ਮਾਪਿਆਂ, ਅਧਿਆਪਕਾਂ ਅਤੇ ਉਸ ਲਈ ਸਹਾਈ ਹੋਣ ਵਾਲੇ ਹੋਰਾਂ ਦਾ ਧੰਨਵਾਦ ਕਰਨਾ ਨਾ ਭੁੱਲੇ। ਦੱਸਿਆ ਗਿਆ ਕਿ ਜਦੋਂ ਅਸੀਂ ਧੰਨਵਾਦ ਕਰਦੇ ਹਾਂ ਤਾਂ ਆਸ਼ੀਰਵਾਦ ਦਾ ਵਰਦਾਨ ਆਪਣੇ-ਆਪ ਮਿਲਦਾ ਹੈ।
ਇਹ ਵੀ ਦੱਸਿਆ ਗਿਆ ਕਿ ਸਤਿ ਸ੍ਰੀ ਅਕਾਲ ਅਤੇ ਨਮਸਕਾਰ ਦੀ ਉਮਰ ਬਹੁਤ ਲੰਮੀਂ ਹੁੰਦੀ ਹੈ, ਬਸ਼ਰਤੇ ਕਿ ਇਸਦਾ ਪ੍ਰਗਟਾਵਾ, ਦਿਲੀ ਹਾਵ ਭਾਵ ਨਾ ਕੀਤਾ ਜਾਵੇ। ਵਿਸ਼ਾ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਕ ਵੀਡੀਓ ਵੀ ਵਿਖਾਏ। ਵਿਦਿਆਰਥਣਾ ਸੁਖਮਨਦੀਪ ਕੌਰ, ਜਸ਼ਨਪ੍ਰੀਤ ਕੌਰ ਅਤੇ ਕੰਵਲਪ੍ਰੀਤ ਕੌਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਵੱਖਰੇ ਤੌਰ ’ਤੇ ਡਾ: ਰੀਟਾ ਕਾਲੜਾ ਨੇ ਵਿਦਿਆਰਥਣਾ ਅਤੇ ਔਰਤ ਸਟਾਫ ਮੈਂਬਰਾਂ ਨੂੰ, ਵਿਗਿਆਨਕ ਨਜ਼ਰੀਏ ਤੋਂ ਸਰੀਰਕ ਸਿਹਤ ਦੀ ਪਹਿਰੇਦਾਰੀ ਕਰਨ ਲਈ ਪ੍ਰੇਰਿਆ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਅਨੁਭਵੀ ਵਕਤਾਵਾਂ ਦੀ ਇਸ ਮੁਬਾਰਕ ਆਮਦ ਨੂੰ ਸੰਸਥਾਵਾਂ ਦਾ ਧੰਨਭਾਗ ਕਿਹਾ ਅਤੇ ਰੋਟਰੀ ਕਲੱਬ ਰੋਪੜ ਸੈਂਟਰਲ ਦਾ ਧੰਨਵਾਦ ਕੀਤਾ।
ਇਸ ਵਿਸ਼ੇਸ਼ ਇਕੱਤਰਤਾ ਨੂੰ ਪ੍ਰਿੰਸੀਪਲ ਅਮਨਦੀਪ ਕੌਰ ਅਤੇ ਸੰਗੀਤ ਅਧਿਆਪਕ ਸਰਬਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਡਰੀਮਲੈਂਡ ਪਬਲਿਕ ਸਕੂਲ ਦੀ ਪ੍ਰਿੰਸੀਪਲ ਨਵਪ੍ਰੀਤ ਕੌਰ, ਬੇਅੰਤ ਕੌਰ, ਨਰਿੰਦਰ ਸਿੰਘ, ਰੁਪਿੰਦਰ ਕੌਰ, ਗਗਨਪ੍ਰੀਤ ਕੌਰ, ਕਿਰਨਜੋਤ ਕੌਰ, ਦਲਜੀਤ ਕੌਰ, ਰੋਟਰੀਟ ਕਲੱਬ ਫਾਰਮੇਸੀ ਕਾਲਜ ਬੇਲਾ ਤੋਂ ਕੰਵਲਪ੍ਰੀਤ ਕੌਰ, ਅਮਰਜੋਤ ਕੌਰ, ਨੋਇਲ, ਹਰਪ੍ਰੀਤ ਕੌਰ ਅਤੇ ਨਵਜੀਤ ਕੌਰ ਆਦਿ ਹਾਜ਼ਰ ਸਨ।