ਨਾਰੀ ਸ਼ਕਤੀਕਰਨ ਕੇਂਦਰ ਵਿਖੇ ਇਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ, 25 ਅਪ੍ਰੈਲ 2024 - ਨਾਰੀ ਸ਼ਕਤੀਕਰਨ ਕੇਂਦਰ, ਗੁਰਦਾਸਪੁਰ ਵਿਖੇ ਅੱਜ ਇਕ ਵਰਕਸ਼ਾਪ/ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਬਲਾਕ ਕਲਾਨੌਰ ਦੀਆ ਮਹਿਲਾ ਕਿਸਾਨ ਅਤੇ ਆਂਗਣਵਾੜੀ ਵਰਕਰਾਂ ਨੂੰ ਮਧੂਮੱਖੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਦੇ ਕਿੱਤੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਸ ਵਰਕਸ਼ਾਪ ਵਿੱਚ ਡਾ. ਅੰਕੁਸ਼ ਸ਼ਰਮਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਗੁਰਦਾਸਪੁਰ ਨੇ ਸਿਖਲਾਈ ਦਿੰਦਿਆਂ ਦੱਸਿਆ ਕਿ ਮਧੂ ਮੱਖੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਦੇ ਕਿੱਤੇ ਘਰੇਲੂ ਔਰਤਾਂ, ਮਹਿਲਾ ਕਿਸਾਨਾਂ ਅਤੇ ਆਂਗਣਵਾੜੀ ਵਰਕਰਾਂ ਲਈ ਬਹੁਤ ਵਧੀਆ ਹਨ ਅਤੇ ਇਨ੍ਹਾਂ ਕਿੱਤਿਆਂ ਨੂੰ ਸ਼ੁਰੂ ਕਰਕੇ ਮਹਿਲਾਵਾਂ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿੱਤਿਆਂ ਨੂੰ ਸ਼ੁਰੂ ਕਰਨ ਲਈ ਹਰ ਦੀ ਸਿਖਲਾਈ ਅਤੇ ਸਹਾਇਤਾ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਸਹਾਇਕ ਕਿੱਤਿਆਂ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ।
ਇਸ ਮੌਕੇ ਸ਼੍ਰੀ ਸੁਨੀਲ ਜੋਸ਼ੀ, ਬਾਲ ਸੁਰੱਖਿਆ ਅਫ਼ਸਰ, ਜਿੱਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਬੱਚਿਆਂ ਤੇ ਔਰਤਾਂ ਦੀ ਸਾਂਭ ਅਤੇ ਸੁਰੱਖਿਆ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਸ਼੍ਰੀਮਤੀ ਦਿਕਸ਼ਾ ਮਹਾਜਨ ਪੈਰਾ ਲੀਗਲ ਪਰਸਨਲ/ਵਕੀਲ ਵੱਲੋਂ ਪੋਕਸੋ ,ਜੇ ਜੇ ਐਕਟ ਬਾਰੇ ਦੱਸਿਆ ਗਿਆ ਅਤੇ ਸਖੀ ਵਨ ਸਟਾਪ ਸੈਂਟਰ, ਸ਼੍ਰੀ ਅੰਕੁਸ਼ ਸ਼ਰਮਾ ਜ਼ਿਲ੍ਹਾ ਮਿਸ਼ਨ ਕੋਆਰਡੀਨੇਟਰ ਵੱਲੋਂ ਮਹਿਲਾ ਸ਼ਕਤੀਕਰਨ ਅਤੇ ਮੰਨਤ ਮਹਾਜਨ, ਸਪੈਸ਼ਲਿਸਟ ਇਨ ਫਾਇਨਾਂਸ਼ੀਅਲ ਲਿਟਰੇਸੀ ਵੱਲੋਂ ਡੀ.ਐੱਚ.ਈ.ਡਬਲਿਊ ਸਕੀਮ ਦੇ ਬਾਰੇ ਜਾਣਕਾਰੀ ਦਿੱਤੀ ਗਈ।