ਰੇਲ ਗੱਡੀਆਂ 'ਤੇ ਪੱਥਰ ਮਾਰਨ 'ਤੇ ਜਾਣਾ ਪੈ ਸਕਦਾ ਹੈ ਜੇਲ੍ਹ, ਰੇਲਵੇ ਪੁਲਿਸ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਇਆ ਸੈਮੀਨਾਰ
ਰੋਹਿਤ ਗੁਪਤਾ
ਗੁਰਦਾਸਪੁਰ 2 ਅਪ੍ਰੈਲ 2024 - ਅਕਸਰ ਦੇਖਿਆ ਗਿਆ ਹੈ ਕਿ ਰੇਲਵੇ ਟ੍ਰੈਕ ਦੇ ਨੇੜੇ ਰਹਿੰਦੇ ਪਰਿਵਾਰਾਂ ਦੇ ਬੱਚੇ ਆਪਣਾ ਸਮਾਂ ਲੰਘਾਉਣ ਲਈ ਖੇਡ ਖੇਡ ਵਿੱਚ ਚੱਲਦੀਆਂ ਗੱਡੀਆਂ 'ਤੇ ਪੱਥਰ ਸੁੱਟਦੇ ਹਨ। ਇਹ ਬੱਚਿਆਂ ਦੀ ਤਾਂ ਖੇਡ ਹੋ ਜਾਂਦੀ ਹੈ ਪਰ ਅਜਿਹੀ ਪੱਥਰਬਾਜ਼ੀ ਨਾਲ ਰੇਲ ਗੱਡੀਆਂ ਦੇ ਨੁਕਸਾਨ ਦੇ ਨਾਲ-ਨਾਲ ਅੰਦਰ ਬੈਠਾ ਯਾਤਰੀ ਵੀ ਪੱਥਰ ਲੱਗਣ ਨਾਲ ਜਖਮੀ ਹੋ ਸਕਦਾ ਹੈ। ਅਜੋਕੇ ਸਮੇਂ ਵਿੱਚ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ।
ਇਸ ਨੂੰ ਰੋਕਣ ਲਈ ਜੀ.ਆਰ.ਪੀ ਨੂੰ ਮੁੱਖ ਤੌਰ 'ਤੇ ਰੇਲਵੇ ਲਾਈਨ ਦੇ ਸਮਾਨਾਂਤਰ ਸਥਿਤ ਕਲੋਨੀਆਂ ਅਤੇ ਸਕੂਲਾਂ ਵਰਗੇ ਸੰਵੇਦਨਸ਼ੀਲ ਖੇਤਰਾਂ 'ਤੇ ਧਿਆਨ ਕੇਂਦਰਤ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ। ਆਰਪੀਐਫ ਤੋਂ ਬਾਅਦ ਹੁਣ ਜੀਆਰਪੀ ਨੂੰ ਚੱਲਦੀ ਟਰੇਨ ’ਤੇ ਪਥਰਾਅ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਗਏ ਹਨ।
ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਸਥਿਤ ਜੀਆਰਪੀ ਚੌਕੀ ਦੇ ਇੰਚਾਰਜ ਭੁਪਿੰਦਰ ਸਿੰਘ ਦੱਸਿਆ ਕਿ ਡੀ.ਜੀ.ਪੀ ਰੇਲਵੇ ਪੰਜਾਬ ਸ਼ਸ਼ੀ ਪ੍ਰਭਾ ਵਲੋਂ ਹੋਰ ਘਟਨਾਵਾਂ ਦੇ ਨਾਲ-ਨਾਲ ਰੋਲਿੰਗ ਸਟਾਕ 'ਤੇ ਪੱਥਰ ਜਾਂ ਕੋਈ ਹੋਰ ਚੀਜ਼ ਸੁੱਟਣ ਵਾਲੇ ਦੇ ਖਿਲਾਫ ਕੇਸ ਦਰਜ ਕਰਣ ਦੀਆ ਹਿਦਾਇਤਾਂ ਦਿੱਤੀਆਂ ਗਈਆਂ ਹਨ। ਇਸ ਤਹਿਤ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਮੱਦੇਨਜ਼ਰ ਜੀਆਰਪੀ ਨੇ ਰੇਲਵੇ ਲਾਈਨਾਂ ਦੇ ਆਲੇ ਦੁਆਲੇ ਵਸਦੇ ਲੋਕਾਂ ਵਿੱਚ ਜਾ ਕੇ ਸੈਮੀਨਾਰ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਅੱਜ ਪਠਾਨਕੋਟ ਰੋਡ ਸਥਿਤ ਰੇਲਵੇ ਫਾਟਕ ਦੇ ਨਜ਼ਦੀਕ ਰੇਲਵੇ ਲਾਈਨ ਦੇ ਕਿਨਾਰੇ ਵੱਸਦੇ ਸ਼ਹਿਜ਼ਾਦਾ ਨਗਰ ਦੇ ਲੋਕਾਂ ਨੂੰ ਇਕੱਠਿਆ ਕਰਕੇ ਸੈਮੀਨਾਰ ਲੱਗਾਇਆ ਗਿਆ ਤੇ ਉਹਨਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਗਿਆ। ਨਾਲ ਹੀ ਲੋਕਾਂ ਖਾਸ ਕਰ ਬੱਚਿਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਪੱਥਰ ਮਾਰਨ ਦੀ ਹਰਕਤ ਕਰਨ ਵਾਲੇ ਨੂੰ ਗ੍ਰਫਤਾਰ ਕੀਤਾ ਜਾ ਸਕਦਾ ਹੈ।
ਇਸ ਮੌਕੇ ਸਭ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਲੇਡੀ ਕਾਂਸਟੇਬਲ ਈਸ਼ਰਦੀਪ ਕੌਰ ਵੀ ਹਾਜ਼ਰ ਸਨ਼।