ਔਰਤ ਨੂੰ ਨੋਚ ਨੋਚ ਕੇ ਮਾਰਿਆ ਆਦਮ ਖੋਰ ਕੁੱਤਿਆਂ ਨੇ
ਰੋਹਿਤ ਗੁਪਤਾ
ਗੁਰਦਾਸਪੁਰ 2 ਅਪ੍ਰੈਲ 2024 - ਪੁਲਿਸ ਥਾਣਾ ਭੈਣੀ ਮੀਆਂ ਖਾਂ ਦੇ ਅਧੀਨ ਪੈਂਦੇ ਪਿੰਡ ਕਿਸ਼ਨਪੁਰ ਵਿੱਚ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਲਈ ਆਈ ਇੱਕ ਵਿਆਹੁਤਾ ਔਰਤ ਨੂੰ ਸਵੇਰੇ ਤੜਕਸਾਰ ਖੁੰਖਾਰ ਅਤੇ ਅਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਸ ਵਿੱਚ ਉਸ ਵੇਲੇ ਨੋਚ ਨੋਚ ਕੇ ਮਾਰ ਮੁਕਾਇਆ ਜਦੋਂ ਉਹ ਆਪਣੇ ਪੇਕੇ ਘਰ ਤੋਂ ਸੈਰ ਕਰਨ ਲਈ ਨਿਕਲੀ ਸੀ।ਸੈਰ ਕਰਦੇ ਸਮੇਂ ਜਦੋਂ ਉਹ ਜਾਗੋਵਾਲ ਬੇਟ ਦੇ ਸ਼ਮਸ਼ਾਨ ਘਾਟ ਦੇ ਕੋਲ ਪੁੱਜੀ ਤਾਂ ਉੱਥੇ ਝੁੰਡ ਬਣਾ ਕੇ ਬੈਠੇ ਖੁੰਖਾਰ ਕੁੱਤਿਆਂ ਨੇ ਉਸ ਤੇ ਹਮਲਾ ਕਰ ਦਿੱਤਾ।
25 ਸਾਲ ਦੀ ਮ੍ਰਿਤਕ ਔਰਤ ਹਰਜੀਤ ਕੌਰ ਪੁੱਤਰੀ ਪ੍ਰੀਤਮ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨਾਂ ਦੀ ਲੜਕੀ ਪਿੰਡ ਖੋਜਕੀਪੁਰ ਵਿੱਚ ਹਰਜਿੰਦਰ ਸਿੰਘ ਨਾਲ ਵਿਆਹੀ ਹੋਈ ਹੈ,ਜੋ ਬੀਐਸਐਫ ਚ ਨੌਕਰੀ ਕਰਦਾ ਹੈ ਅਤੇ ਇਸ ਵੇਲੇ ਛੱਤੀਸਗੜ੍ਹ ਵਿਖੇ ਤੈਨਾਤ ਹੈ। ਉਸ ਦਾ ਇੱਕ ਅੱਠ ਸਾਲ ਅਤੇ ਦੂਸਰਾ ਚਾਰ ਸਾਲ ਦਾ ਲੜਕਾ ਹੈ।ਉਹ ਕੁਝ ਦਿਨ ਤੋਂ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਲਈ ਕਿਸ਼ਨਪੁਰ ਵਿੱਚ ਆਈ ਹੋਈ ਸੀ।ਅੱਜ ਸਵੇਰੇ ਉਹ ਘਰੋਂ ਕਰੀਬ 5 ਵਜੇ ਸੈਰ ਕਰਨ ਲਈ ਨਿਕਲੀ।ਜਦੋਂ ਉਹ ਕਾਫੀ ਦੇਰ ਤੱਕ ਘਰ ਨਹੀਂ ਪਰਤੀ ਤਾਂ ਤਾਂ ਅਸੀਂ ਉਸਦੀ ਭਾਲ ਸ਼ੁਰੂ ਕਰ ਦਿੱਤੀ।ਅਸੀਂ ਜਦੋਂ ਪਿੰਡ ਜਾਗੋਵਾਲ ਬੇਟ ਦੇ ਸ਼ਮਸ਼ਾਨ ਘਾਟ ਕੋਲ ਪੁੱਜੇ ਤਾਂ ਸਾਡੀ ਲੜਕੀ ਹਰਜੀਤ ਕੌਰ ਮ੍ਰਿਤਕ ਹਾਲਤ ਵਿੱਚ ਪਈ ਸੀ ਅਤੇ ਉਸ ਦੀ ਲਾਸ਼ ਤੋਂ ਕੁਝ ਦੂਰ ਆਦਮਖੋਰ ਕੁੱਤਿਆਂ ਦਾ ਝੁੰਡ ਬੈਠਾ ਹੋਇਆ ਸੀ।
ਮ੍ਰਿਤਕਾ ਹਰਜੀਤ ਕੌਰ ਦੇ ਪੇਕੇ ਪਰਿਵਾਰ ਵਾਲਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਵਾਰਾ ਅਤੇ ਖੁੰਖਾਰ ਕੁੱਤਿਆਂ ਦੇ ਉੱਪਰ ਨਕੇਲ ਕੱਸੀ ਜਾਵੇ ਤਾਂ ਜੋ ਇਹ ਆਦਮ ਖੋਰ ਕੁੱਤੇ ਕਿਸੇ ਹੋਰ ਨੂੰ ਆਪਣਾ ਸ਼ਿਕਾਰ ਨਾ ਬਣਾਉਣ।
ਇਸ ਘਟਨਾ ਬਾਰੇ ਪਤਾ ਲੱਗਣ ਤੇ ਮੌਕੇ ਤੇ ਪੁੱਜੀ ਥਾਣਾ ਭੈਣੀ ਮੀਆਂ ਖਾਨ ਦੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਦਿੱਤੀ ਗਈ ਹੈ।