ਸਿਵਲ ਸਰਜਨ ਡਾ. ਜਗਦੀਪ ਚਾਵਲਾ ਨੇ ਕੀਤਾ ਜ਼ਿਲ੍ਹੇ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਰੀਵਿਊ
- ਜਿਲਾ ਪ੍ਰੋਗਰਾਮ ਅਫਸਰਾਂ ਅਤੇ ਸਮੂਹ ਐਸ.ਐਮ.ਓਜ਼ ਨਾਲ ਸਿਵਲ ਸਰਜਨ ਦਫ਼ਤਰ ਵਿਖੇ ਕੀਤੀ ਗਈ ਮੀਟਿੰਗ
ਜਲੰਧਰ (2-05-2024): ਸਿਵਲ ਸਰਜਨ ਡਾ. ਜਗਦੀਪ ਚਾਵਲਾ ਵੱਲੋਂ ਵੀਰਵਾਰ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਜਿਲ੍ਹਾ ਪ੍ਰੋਗਰਾਮ ਅਫਸਰਾਂ ਅਤੇ ਜਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਸਿਵਲ ਸਰਜਨ ਵੱਲੋਂ ਜਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਦੀਆਂ ਪ੍ਰਗਤੀ ਰਿਪੋਰਟਾਂ ਨੂੰ ਵਾਚਿਆ ਗਿਆ ਅਤੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਤੋਂ ਸਿਹਤ ਸੰਸਥਾਵਾਂ ਵਿੱਚ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਸੰਬੰਧੀ ਦੀ ਜਾਣਕਾਰੀ ਲਈ ਗਈ। ਇਸ ਉਪਰੰਤ ਉਨ੍ਹਾਂ ਵੱਲੋਂ ਸਿਹਤ ਸੇਵਾਵਾਂ ਦਾ ਰੀਵਿਊ ਕੀਤਾ ਗਿਆ ਅਤੇ ਸਟਾਫ ਨੂੰ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਜਗਦੀਪ ਚਾਵਲਾ ਵੱਲੋਂ ਜਿਲ੍ਹੇ ਵਿੱਚ ਸਿਹਤ ਸੇਵਾਵਾਂ ਜਨ-ਜਨ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਕੰਮ ਦੀ ਸਮੀਖਿਆ ਕੀਤੀ ਗਈ ਅਤੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਸੰਬੰਧੀ ਲੋੜੀਂਦੀ ਰਿਪੋਰਟਿੰਗ ਸਮੇਂ ਸਿਰ ਜਿਲ੍ਹਾ ਹੈਡਕਵਾਰਟਰ ਨੂੰ ਭੇਜਣ ਸੰਬੰਧੀ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸਿਹਤ ਸੰਸਥਾਵਾਂ ਵਿੱਚ ਦਵਾਈਆਂ ਦੀ ਉਪਲੱਬਧਤਾ ਸੰਬੰਧੀ ਮੁਕੰਮਲ ਜਾਣਕਾਰੀ ਹੋਣਾ ਯਕੀਨੀ ਬਣਾਇਆ ਜਾਵੇ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਸਿਹਤ ਸੰਸਥਾਵਾਂ ਦੀ ਸਾਫ-ਸਫਾਈ ਦਾ ਖਾਸ ਧਿਆਨ ਰੱਖਣ ਅਤੇ ਸਿਹਤ ਸਟਾਫ ਦਾ ਸਮੇਂ ਦਾ ਪਾਬੰਦ ਹੋਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ।
ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਮਨਦੀਪ ਕੋਰ ਵੱਲੋਂ ਗਰਭਵਤੀ ਔਰਤਾਂ ਦਾ ਐਂਟੀਨੇਟਲ ਚੈਕਅਪ ਕਰਨਾ 100 ਫੀਸਦ ਯਕੀਨੀ ਬਣਾਉਣਾ ਅਤੇ ਹਾਈ ਰਿਸਕ ਕੇਸ ਦਾ ਫਾਲੋਅਪ ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਅਤੇ ਸਰਵਿਲੈਂਸ ਮੈਡੀਕਲ ਅਫ਼ਸਰ (ਡਬਲਯੂ.ਐਚ.ਓ.) ਡਾ. ਗਗਨ ਸ਼ਰਮਾ ਵਲੋਂ ਸਮੂਹ ਐਸ.ਐਮ.ਓਜ਼. ਨੂੰ ਕਿਹਾ ਗਿਆ ਕਿ ਆਪਣੇ ਅਧੀਨ ਆਉਂਦੇ ਸਲੱਮ ਏਰੀਏ ਅਤੇ ਸ਼ਹਿਰ ਦੇ ਨਾਲ ਲੱਗਦੇ ਸਲੱਮ ਏਰੀਏ ਵਿੱਚ ਰੂਟੀਨ ਵੈਕਸੀਨੇਸ਼ਨ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਸ਼ਰਮਾ, ਜਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਬਲਜੀਤ ਕੌਰ ਰੂਬੀ, ਸਹਾਇਕ ਸਿਹਤ ਅਫ਼ਸਰ ਡਾ. ਸੱਤਜੀਤ ਕੌਰ, ਜਿਲ੍ਹਾ ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ ਅਤੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਮੌਜੂਦ ਸਨ।