ਵੂਲਣ ਮਿੱਲ ਵਿੱਚੋਂ ਪਾਈਪਾਂ ਚੋਰੀ ਕਰਦੇ ਰੰਗੇ ਹੱਥੀ ਚੋਰ ਕਾਬੂ
ਰੋਹਿਤ ਗੁਪਤਾ
ਗੁਰਦਾਸਪੁਰ , 4 ਮਈ 2024 : ਅਰਸੇ ਤੋਂ ਬੰਦ ਪਈ ਵੂਲਣ ਮਿੱਲ ਧਾਰੀਵਾਲ ਵਿਚੋਂ 7 ਲੋਹੇ ਦੀਆਂ ਪਾਇਪਾਂ ਚੋਰੀ ਕਰਨ ਵਾਲੇ ਇਕ ਨੌਜਵਾਨ ਨੂੰ ਪੁਲਸ ਨੇ ਕਾਬੂ ਕਰਕੇ ਧਾਰਾ 380,454,411 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਧਾਰੀਵਾਲ ਪੁਲਸ ਸਟੇਸ਼ਨ’ਚ ਤਾਇਨਾਤ ਏ.ਐੱਸ.ਆਈ ਨਿਰਮਲ ਸਿੰਘ ਨੇ ਦੱਸਿਆ ਕਿ ਰਵੀ ਸ਼ਾਹੀ ਪੁੱਤਰ ਜੰਗ ਬਹਾਦਰ ਵਾਸੀ ਵੂਲਣ ਮਿੱਲ ਕੁਆਰਟਰ ਧਾਰੀਵਾਲ ਨੇ ਦੱਸਿਆ ਕਿ ਉਹ ਵੂਲਣ ਮਿੱਲ ਧਾਰੀਵਾਲ ਵਿਚ 23 ਸਾਲ ਤੋਂ ਸਕਿਊਰਿਟੀ ਗਾਡਰ ਵਜੋਂ ਡਿਊਟੀ ਕਰ ਰਿਹਾ ਹੈ।
ਬੀਤੇ ਦਿਨ ਉਹ ਅਤੇ ਉਸ ਦਾ ਸਾਥੀ ਮਿਤੱਜਨ ਮਿਸ਼ਰਾ ਪੁੱਤਰ ਕੈਲਾਸ ਮਿਸ਼ਰਾ ਵਾਸੀ ਮਿੱਲ ਕੁਆਰਟਰ ਧਾਰੀਵਾਲ ਮਿੱਲ ਦੇ ਅੰਦਰ ਸਕਿਊਰਿਟੀ ਡਿਊਟੀ ਕਰ ਰਹੇ ਸੀ ਕਿ ਜਦ ਉਹ ਗੋਰਖਾ ਕਲੱਬ ਨਜ਼ਦੀਕ ਪਹੁੰਚੇ ਤਾਂ ਵੇਖਿਆ ਕਿ ਇਕ ਨੌਜਵਾਨ ਵਿਕਾਸ ਪੁੱਤਰ ਫੰਨਟੂਸ ਚੌਧਰੀ ਵਾਸੀ ਰਾਜੀਵ ਕਲੋਨੀ ਧਾਰੀਵਾਲ ਪਲਾਸਟਿਕ ਦੀ ਪੱਲੀ ਵਿਚ 7 ਲੋਹੇ ਦੀਆਂ ਪਾਇਪਾਂ ਬੰਨ ਕੇ ਮਿੱਲ ਦੀ ਕੰਧ ਟੱਪ ਰਿਹਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲਣ ’ਤੇ ਤੁਰੰਤ ਮੌਕੇ ’ਤੇ ਪਹੁੰਚ ਕੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸ ਤੋਂ 7 ਲੋਹੇ ਦੀਆਂ ਪਾਇਪਾਂ ਬਰਾਮਦ ਕੀਤੀਆਂ ਗਈਆਂ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।