ਮਲੇਸ਼ੀਆ ਜ਼ੇਲ੍ਹ ਤੋਂ ਵਾਪਸ ਘਰ ਪੁੱਜੀਆਂ ਸੱਤ ਪੰਜਾਬਣ ਮੁਟਿਆਰਾਂ
- ਸਪੀਕਰ ਸੰਧਵਾਂ ਦੇ ਯਤਨਾ ਸਦਕਾ ਮਲੇਸ਼ੀਆ ਜ਼ੇਲ ਤੋਂ ਵਾਪਸ ਘਰ ਪੁੱਜੀਆਂ ਸੱਤ ਪੰਜਾਬਣ ਮੁਟਿਆਰਾਂ
- ਨੌਜਵਾਨ ਲੜਕੇ-ਲੜਕੀਆਂ ਨੂੰ ਵਿਦੇਸ਼ ਭੇਜਣ ਮੌਕੇ ਸਾਵਧਾਨੀ ਜਰੂਰੀ : ਸਪੀਕਰ ਸੰਧਵਾਂ
ਕੋਟਕਪੂਰਾ, 4 ਮਈ 2024 - ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਈਆਂ ਮਲੇਸ਼ੀਆ ਤੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਯਤਨਾ ਸਦਕਾ ਵਾਪਸ ਪਹੁੰਚੀਆਂ 7 ਲੜਕੀਆਂ ਤੇ ਔਰਤਾਂ ਜਿੱਥੇ ਖੁਸ਼ੀ ਦੇ ਹੰਝੂ ਵਹਾ ਰਹੀਆਂ ਸਨ, ਉੱਥੇ ਮਾਪਿਆਂ ਦੇ ਗਲ ਲੱਗ ਕੇ ਫੁੱਟ ਫੁੱਟ ਕੇ ਰੋਣ ਲਈ ਮਜਬੂਰ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਠੱਗ ਏਜੰਟਾਂ ਵੱਲੋਂ ਵਿਦੇਸ਼ ਦੀ ਚਮਕ ਦਮਕ ਦਾ ਹਵਾਲਾ ਦਿੰਦਿਆਂ ਰਾਜਦੀਪ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਪਿੰਡ ਜੀਦਾ ਜ਼ਿਲਾ ਬਠਿੰਡਾ ਨੂੰ ਮਲੇਸ਼ੀਆ ਭੇਜਿਆ, ਜਿੱਥੇ ਰਾਜਦੀਪ ਕੌਰ ਦਾ ਆਪਣੇ ਮਾਪਿਆਂ ਨਾਲ ਪੂਰੀ ਤਰਾਂ ਸੰਪਰਕ ਟੁੱਟ ਗਿਆ।
ਮਲੇਸ਼ੀਆ ਦੀ ਜ਼ੇਲ੍ਹ ਵਿੱਚ ਫਸ ਜਾਣ ਕਰਕੇ ਰਾਜਦੀਪ ਕੌਰ ਦੇ ਪਤੀ ਅਤੇ ਪਿਤਾ ਨੇ ਸਪੀਕਰ ਸੰਧਵਾਂ ਤੱਕ ਪਹੁੰਚ ਕਰਕੇ ਦੁੱਖ ਸਾਂਝਾ ਕੀਤਾ ਤਾਂ ਸਪੀਕਰ ਸੰਧਵਾਂ ਨੇ ਤੁਰਤ ਅੰਬੈਸੀ ਨਾਲ ਸੰਪਰਕ ਕੀਤਾ। ਸੰਪਰਕ ਕਰਨ ਉਪਰੰਤ ਪਤਾ ਲੱਗਾ ਕਿ ਰਾਜਦੀਪ ਕੌਰ ਦੀ ਤਰਾਂ 6 ਹੋਰ ਲੜਕੀਆਂ ਵੀ ਜੇਲ ਵਿੱਚ ਬੰਦ ਹਨ, ਉਹਨਾਂ ’ਚੋਂ ਦੋ ਬਰਨਾਲਾ, ਇਕ ਹਰੀਕੇ ਪੱਤਣ, ਇਕ ਕਲਿਆਣ ਅਤੇ ਦੋ ਹੋਰ ਵੱਖ ਵੱਖ ਪਿੰਡਾਂ ਦੀਆਂ ਲੜਕੀਆਂ ਦੇ ਵੀ ਮਲੇਸ਼ੀਆ ਦੀ ਜੇਲ ਵਿੱਚ ਬੰਦ ਹੋਣ ਬਾਰੇ ਪਤਾ ਲੱਗਣ ’ਤੇ ਸਪੀਕਰ ਸੰਧਵਾਂ ਦੇ ਦਫਤਰ ਵਲੋਂ ਕਾਰਵਾਈ ਕਰਕੇ ਉਕਤ ਲੜਕੀਆਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ। ਰਾਜਦੀਪ ਕੌਰ ਦੇ ਪਤੀ ਗੁਰਮੇਲ ਸਿੰਘ ਨੇ ਦੱਸਿਆ ਕਿ ਅਜਿਹੇ ਧੋਖੇਬਾਜ ਏਜੰਟਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਸਪੀਕਰ ਸੰਧਵਾਂ ਨੇ ਪੰਜਾਬ ਭਰ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਧੀ-ਪੁੱਤ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਸਾਰੇ ਪੱਖਾਂ ਦੀ ਤਸੱਲੀ ਨਾਲ ਛਾਣਬੀਣ ਅਤੇ ਪੜਤਾਲ ਕਰ ਲੈਣ, ਕਿਉਂਕਿ ਖਾੜੀ ਦੇ ਦੇਸ਼ਾਂ ਦੇ ਕਾਨੂੰਨ ਵੱਖਰੇ ਅਤੇ ਸਖਤ ਹਨ, ਪੰਜਾਬ ਤੋਂ ਗਏ ਅਣਜਾਣ ਨੋਜਵਾਨ ਲੜਕੇ-ਲੜਕੀਆਂ ਅਕਸਰ ਮਾਮੂਲੀ ਜਿਹੀ ਅਣਗਹਿਲੀ ਜਾਂ ਲਾਪ੍ਰਵਾਹੀ ਕਰਕੇ ਅਪਰਾਧੀ ਬਣ ਜਾਂਦੇ ਹਨ, ਜਿਸ ਕਰਕੇ ਪੰਜਾਬ ਵਿੱਚ ਉਹਨਾਂ ਦੇ ਮਾਪਿਆਂ ਦਾ ਵੀ ਬੁਰਾ ਹਾਲ ਹੋ ਜਾਂਦਾ ਹੈ। ਉਂਝ ਸਪੀਕਰ ਸੰਧਵਾਂ ਨੇ ਆਖਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਲੋਂ ਨੌਜਵਾਨਾ ਨੂੰ ਇੱਥੇ ਹੀ ਰੁਜਗਾਰ ਦੇਣ ਦੇ ਯਤਨ ਜਾਰੀ ਹਨ, ਰੁਜਗਾਰ ਸਬੰਧੀ ਬਕਾਇਦਾ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਨੌਜਵਾਨਾ ਨੂੰ ਵਿਦੇਸ਼ ਜਾਣ ਦੀ ਜਰੂਰਤ ਹੀ ਨਾ ਪਵੇ।