ਤਪੋਬਣ ਢੱਕੀ ਸਾਹਿਬ ਵਿਖੇ ਪਹਿਲੇ ਸਰਬਲੋਹ ਰਾਗ ਦਰਬਾਰ ਨੇ ਆਸ ਪਾਸ ਦੀ ਬਨਸਪਤੀ ਨੂੰ ਖੁਮਾਰੀ ਚ ਮਖਮੂਰ ਕੀਤਾ
- ਸੰਤ ਢੱਕੀ ਸਾਹਿਬ ਵਾਲੇ ਸਿੱਖ ਕੌਮ ਦੇ ਪਹਿਲੇ ਮਹਾਂਪੁਰਸ਼ ਜਿੰਨਾ ਨੇ ਸਰਬ ਲੋਹ ਰਾਗ ਦਰਬਾਰ ਕਰਵਾਇਆ।
ਰਵਿੰਦਰ ਸਿੰਘ ਢਿੱਲੋਂ
ਖੰਨਾ, 5 ਮਈ 2024 - ਢੱਕ ਦੇ ਰੁੱਖਾਂ ਨਾਲ ਸਜੀ ਪੁਰਾਤਨ ਢੱਕੀ ਸਾਹਿਬ ਦੀ ਵਿਸ਼ਾਲ ਧਰਤੀ ਤੇ ਅੱਜ ਗੁਰਬਾਣੀ ਦੇ ਕੀਰਤਨ ਦੀਆਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਵਿੱਚੋਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ ਸਰਬਲੋਹ ਗ੍ਰੰਥ ਵਿਚਲੀ ਬਾਣੀ ਅਧਾਰਤ ਪਹਿਲਾ "ਸਰਬਲੋਹ ਰਾਗ ਦਰਬਾਰ" ਕਰਵਾਇਆ ਗਿਆ । ਸ਼ਰਧਾ ਸਤਿਕਾਰ 'ਚ ਲਬਰੇਜ ਮਹਾਨ ਕੀਰਤਨੀਆਂ ਨੇ ਆਪਣੇ ਸਾਜ਼ਾਂ ਨੂੰ ਸੁਰ ਕਰਦਿਆਂ, ਸਾਜ਼ਾਂ ਤੇ ਕੀਤੀ ਮਿਹਨਤ ਤੇ ਕਲਾਤਮਿਕ ਰਿਆਜੀ ਉਗਲਾਂ ਫੇਰਦਿਆਂ ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਰਬਲੋਹ ਗ੍ਰੰਥ ਵਿਚਲੀ ਬਾਣੀ ਦਾ ਰਾਗ ਦਰਬਾਰ ਵਿੱਚ ਕੀਰਤਨ ਕੀਤਾ ਉਥੇ ਕੌਮ ਦੇ ਵਿਦਵਾਨ ਕਥਾ ਵਾਚਕਾਂ ਨੇ ਮਹਾਂਪੁਰਸ਼ਾਂ ਦੇ ਪਿਆਰ ਦੀ ਤਮੀਲ ਕਰਦਿਆਂ ਹਾਜ਼ਰੀਆਂ ਭਰੀਆਂ।
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਗ ਸਮਰਾਟ ਭਾਈ ਗੁਰਮੀਤ ਸਿੰਘ ਸ਼ਾਤ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਜਦ ਸਰਬਲੋਹ ਗ੍ਰੰਥ ਵਿਚਲੀ ਬਾਣੀ ਦੇ ਕੀਰਤਨ ਕੀਤੇ ਤਾਂ ਸੰਗਤਾਂ ਨੂੰ ਮਨ ਦੀਆਂ ਅਦਿੱਖ ਅਤੇ ਗਹਿਰੀਆਂ ਪਰਤਾਂ, ਧੁਰ ਅੰਦਰਲੀਆਂ ਤਾਰਾਂ "ਗੁਰੂ ਸਾਹਿਬ" ਰੂਪ ਸ਼ਕਤੀ ਨਾਲ ਜੁੜੀਆਂ ਪ੍ਰਤੀਤ ਹੋਈਆਂ। ਢੱਕੀ ਸਾਹਿਬ ਵਿਖੇ ਪਹਿਲੇ ਸਰਬਲੋਹ ਰਾਗ ਦਰਬਾਰ ਨੇ ਆਸ ਪਾਸ ਦੀ ਬਨਸਪਤੀ ਨੂੰ ਖੁਮਾਰੀ ਚ ਮਖਮੂਰ ਮਖਮੂਰ ਕਰ ਦਿੱਤਾ। ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਸ਼ੇਰ ਸਿੰਘ ਜੀ ਅੰਬਾਲਾ ਵਾਲਿਆਂ ਨੇ ਮਹਾਂਪੁਰਸ਼ਾਂ ਦੀ ਕਾਰਜਸ਼ੀਲਤਾ ਦਾ ਜਿਕਰ ਕਰਦਿਆਂ ਗੁਰੂਘਰ ਦੀ ਮਰਿਯਾਦਾ ਅਤੇ ਪੁਰਾਤਨ ਪੱਖਾਂ ਦੀ ਬਹਾਲੀ ਲਈ ਕੀਤਾ ਜਾ ਰਹੇ ਕਾਰਜ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰਬਾਣੀ ਗਿਆਨ ਹਾਸਲ ਕਰਨਾ ਜਨਮਾ ਜਨਮਾਂਤਰਾਂ ਦੀ ਘਾਲਣਾ ਨਾਲ ਹੀ ਸੰਭਵ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਸਖਤ ਤਪੱਸਿਆ ਤੋਂ ਬਾਅਦ ਹੀ ਗੁਰਮਤਿ ਦੀ ਮਿੱਠੀ ਦਾਤ ਝੋਲੀ ਪੈਂਦੀ ਹੈ ਅਤੇ ਜਿਸ ਮਨੁੱਖ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਸਭ ਤੋਂ ਵਧੀਕ ਖੁਸ਼ ਹੁੰਦੇ ਨੇ ਤਾਂ ਉਸ ਨੂੰ ਸਿੱਧੇ ਤੌਰ ਤੇ ਗੁਰਸਿੱਖੀ ਦੀ ਬਖਸ਼ਿਸ਼ ਕਰਦੇ ਹਨ। ਉਨ੍ਹਾਂ ਅਜੋਕੇ ਪ੍ਰਚਾਰ ਸਾਧਨਾਂ ਆਸਰੇ ਵਿਦਵਤਾ ਦੇ ਭਰਮ ਵਿੱਚ ਉਲਝਿਆਂ ਨੂੰ ਕਰਾਰੇ ਹੱਥੀ ਲੈਂਦਿਆਂ ਕਿਹਾ ਉਹ ਕੀ ਜਾਨਣ ਕਿ ਦਸਮ ਪਿਤਾ ਜੀ ਦੀ ਬਾਣੀ ਸੂਰਬੀਰ ਯੋਧਿਆਂ ਦੀ ਨਿਡਰਤਾ ਦਇਆ ਤੇ ਕੁਰਬਾਨੀ ਦਾ ਜਜ਼ਬਾ ਪੈਦਾ ਕਰਦੀ ਹੈ। ਗਿਆਨੀ ਜੀ ਨੇ ਸਰਬਲੋਹ ਗ੍ਰੰਥ ਨਾਲ ਜੁੜੇ ਇਕ ਇਕ ਪਹਿਲੂ ਨੂੰ ਵਿਸਤਾਰ ਨਾਲ ਜਾਣਕਾਰੀ ਦਿੰਦਿਆਂ ਇਸ ਵਿਚਲੀਆਂ 52 ਭਾਸ਼ਾਵਾਂ ਅਤੇ 300 ਰਾਗਾਂ ਸਬੰਧੀ ਦੱਸਦਿਆਂ ਕਿਹਾ ਕਿ ਗੁਰੂ ਸਾਹਿਬ ਜੀ ਨੇ 42 ਵਰ੍ਹਿਆਂ ਦੀ ਉਮਰ ਵਿੱਚ ਇਨਾ ਵੱਡਾ ਕਾਰਜ ਸਾਨੂੰ ਕਰਕੇ ਦਿੱਤਾ। ਜਦਕਿ ਅਖੌਤੀ ਅਗਿਆਨੀ ਲੋਕ ਭਰਮ ਪੈਦਾ ਕਰਨ ਤੋਂ ਬਿਨਾਂ ਕੁਝ ਵੀ ਨਹੀਂ ਕਰਦੇ। ਬੁੱਢਾ ਦਲ ਦੇ ਵਿਦਵਾਨ ਭਾਈ ਸੁਖਜੀਤ ਸਿੰਘ ਘਨ੍ਹਈਆ ਨੇ ਅਜੋਕੇ ਸਮਾਜ ਦੀ ਦਸ਼ਾ ਚ ਦਸਮ ਬਾਣੀ ਦੇ ਮਹੱਤਵ ਦਾ ਜਿਕਰ ਕਰਦਿਆਂ ਕਿਹਾ ਕਿ ਦਸ਼ਮੇਸ਼ ਪਿਤਾ ਜੀ ਵਰਗਾ ਮੁਰਸ਼ਿਦ ਨਾ ਕੋਈ ਹੋਇਆ ਤੇ ਨਾ ਹੀ ਹੋਣਾ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਉਸਤਤ ਕਰਦਿਆਂ ਸ਼ਬਦ ਵੀ ਥੁੜ੍ਹ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਨੇ ਇਸ ਬਾਣੀਂ 'ਚ ਬੀਰਰਸ ਦੇ ਨਾਲ ਨਾਲ ਪ੍ਰੇਮਰਸ ਅਤੇ ਵੈਰਾਗ ਨੂੰ ਵੀ ਸਰਬਲੋਹ ਵਿਚ ਪਰੋ ਦਿੱਤਾ। ਹੁਣ ਤੱਕ ਧਾਰਮਿਕ ਗੁਰੂਆਂ ਦੀ ਉਸਦੇ ਚੇਲੇ ਵਡਿਆਈ ਕਰਦੇ ਰਹੇ ਪਰ ਸਰਬਲੋਹ ਗ੍ਰੰਥ ਵਿੱਚ ਗੁਰੂ ਅਪਣੇ ਸਿੱਖਾਂ ਦੀ ਵਡਿਆਈ ਕਰਦੇ ਹਨ। ਸਮਾਗਮ ਦੌਰਾਨ ਰੇਡੀਓ ਟੀਵੀ ਪਰਮਾਣਿਤ ਸਿੰਘ ਬੰਧੂ ਭਾਈ ਪ੍ਰਭਪ੍ਰੀਤ ਸਿੰਘ-ਨਵਕਰਨਦੀਪ ਸਿੰਘ ਦੇ ਜਥੇ ਨੇ ਸਰਬਲੋਹ ਗ੍ਰੰਥ ਵਿਚਲੀ ਬਾਣੀ ਦੇ ਕੀਰਤਨ ਕੀਤੇ। ਨਿਹੰਗ ਮੁਖੀ ਜੱਥੇ: ਰਾਜਾਰਾਜ ਸਿੰਘ ਅਰਬਖਰਬਾਂ ਵਾਲੇ ਅਪਣੇ ਜੱਥੇ ਸਮੇਤ ਪੁੱਜੇ। ਜੱਥੇ ਜਗਦੇਵ ਸਿੰਘ ਮਾਨਸਾ ਨੇ ਵੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਭਾਈ ਹਰਦੀਪ ਸਿੰਘ ਨਿਹੰਗ ਸਿੰਘ ਅਤੇ ਸਹਿਯੋਗੀਆਂ ਨੇ ਸੰਗਤਾਂ ਲਈ ਸ਼ਰਦਾਈ ਦੀ ਸੇਵਾ ਕੀਤੀ।
ਇਸ ਮੌਕੇ ਸਿੱਖ ਧਰਮ ਨਾਲ ਸਬੰਧਿਤ ਪੁਰਾਤਨਤਾ ਨੂੰ ਦਰਸਾਉਂਦੇ ਸ਼ਸ਼ਤਰਾਂ ਦੀ ਪ੍ਰਦਰਸ਼ਨੀ ਕੀਤੀ ਗਈ। "ਗੁਰਦੁਆਰਾ ਢੱਕੀ ਸਾਹਿਬ" ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਤਨੇ ਮਿਠੜੇ ਸ਼ਬਦਾਂ ਨੂੰ ਸਰਵਣ ਕਰਦੀਆਂ ਸੰਗਤਾਂ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਅੱਜ ਦਾ ਸਰਬਲੋਹ ਸਮਾਗਮ "ਸੰਗੀਤਕ ਆਬੇ ਹਜਾਤੀ" ਝਰਨਿਆ ਦਾ ਇੱਕ ਵਿਸ਼ਾਲ ਸਾਗਰ ਹੋਵੇ। ਸਮਾਗਮ ਦੇ ਅਖੀਰ ਚ ਸੰਤ ਬਾਬਾ ਦਰਸ਼ਨ ਸਿੰਘ ਜੀ ਨੇ ਧੰਨਵਾਦੀ ਸਬਦਾਂ ਚ ਕਿਹਾ ਕਿ ਗੁਰਮਤਿ ਸੰਗੀਤਕ ਸ਼ੈਲੀ ਸ਼ਾਨਾ ਮੱਤੀ ਪਰੰਪਰਾ ਗੁਰੂ ਸਾਹਿਬਾਨ ਵੇਲੇ ਡਾਢੀ ਫਲੀ ਫੁਲੀ, ਇਹ ਧੁਰ ਦਰਗਾਹੀ ਪਰੰਪਰਾ ਨੂੰ ਕਾਇਮ ਰੱਖਦਿਆਂ ਗੁਰੂ ਸਾਹਿਬ ਨੇ ਨਿਰੰਤਰ ਅਗਾਹ ਤੋਰਿਆ ਅਤੇ ਆਪਣੇ ਗੁਰਸਿੱਖਾਂ ਨੂੰ ਵੀ ਪ੍ਰੇਰਿਆ। ਸੰਸਾਰ ਪ੍ਰਸਿੱਧ ਉੱਚਤਮ ਧਾਰਮਿਕ ਅਸਥਾਨਾਂ ਤੇ ਦਸਮੇਸ਼ ਪਿਤਾ ਜੀ ਦੀ ਬਾਣੀ ਦੀ ਕਥਾ ਹੁੰਦੀ ਹੈ, ਹੁਣ ਸਤਿਗੁਰੂ ਜੀ ਨੇ ਕਿਰਪਾ ਦੀ ਦ੍ਰਿਸ਼ਟੀ ਪਾ ਕੇ ਆਪਣਾ ਕਾਰਜ ਆਪ ਹੀ ਕਰਵਾਇਆ ਹੈ। ਇਸ ਮੌਕੇ ਭਾਈ ਗੁਰਦੀਪ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਹਰਬੰਤ ਸਿੰਘ, ਜੱਥੇਦਾਰ ਮਸਤਾਨ ਸਿੰਘ ਕੁਰਾਲੀ, ਗੁਰਬਚਨ ਸਿੰਘ ਸੰਗਰੂਰ, ਜਸਵਿੰਦਰ ਸਿੰਘ ਗੁੱਜਰਵਾਲ, ਦਵਿੰਦਰ ਸਿੰਘ ਬਰੀਮਾ ਆਦਿਕ ਵੀ ਹਾਜ਼ਰ ਸਨ।