ਧਰਮਗੜ੍ਹ ਦੇ ਲੋਕਾਂ ਵੱਲੋਂ ਸਾਲਿਡ ਵੇਸਟ ਮੈਨੇਜਮੈਂਟ ਤਹਿਤ ਬਣਾਏ ਜਾਣ ਵਾਲੇ ਯੂਨਿਟ ਦੀ ਮੁਖਾਲਫ਼ਤ
ਮਲਕੀਤ ਸਿੰਘ ਮਲਕਪੁਰ
ਲਾਲੜੂ 5 ਮਈ 2024: ਸਾਲਿਡ ਵੇਸਟ ਮੈਨੇਜਮੈਂਟ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਪਿੰਡ ਧਰਮਗੜ੍ਹ ਵਿਖੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਸਟੋਰ ਕਰਨ ਲਈ ਬਣਾਏ ਜਾਣ ਵਾਲੇ ਯੂਨਿਟ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਧਰਮਗੜ੍ਹ ਵਾਸੀ ਜਗਤਾਰ ਸਿੰਘ, ਬਲਜਿੰਦਰ ਕੌਰ, ਮਾਇਆ ਦੇਵੀ, ਹਰਬੰਸ ਕੌਰ, ਸੁਨੀਤਾ ਦੇਵੀ, ਧਰਮ ਕੌਰ, ਦਲਵਿੰਦਰ ਕੌਰ, ਗੁਰਮੀਤ ਕੌਰ, ਸੌਨਾ ਦੇਵੀ, ਬਲਵਿੰਦਰ ਕੌਰ, ਹਰਜੀਤ ਕੌਰ, ਜਸਵਿੰਦਰ ਕੌਰ, ਭਜਨ ਕੌਰ ਤੇ ਦਲਜੀਤ ਕੌਰ ਆਦਿ ਨੇ ਦੋਸ਼ ਲਾਇਆ ਕਿ ਪਿੰਡ ਵਿੱਚ ਸਾਲਿਡ ਵੇਸਟ ਮੈਨੇਜਮੈਂਟ ਦੇ ਤਹਿਤ ਸੁੱਕਾ ਅਤੇ ਗਿੱਲਾ ਕੂੜਾ ਰੱਖ ਵਾਲੀ ਥਾਂ ਦੀ ਸਹੀ ਚੋਣ ਨਹੀਂ ਕੀਤੀ ਗਈ, ਜਿਸ ਨੂੰ ਪਿੰਡ ਦੇ ਨੇੜੇ ਹੀ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਥਾਂ ਦੀ ਚੋਣ ਕੀਤੀ ਗਈ ਹੈ, ਉਸ ਦੇ ਨੇੜੇ ਗੁਰਦੁਆਰਾ ਸਾਹਿਬ, ਗੁੱਗਾ ਮਾੜੀ ਅਤੇ ਮੰਦਰ ਪੈਂਦਾ ਹੈ, ਜਿੱਥੇ ਰੋਜ਼ਾਨਾ ਪਿੰਡ ਵਾਸੀਆਂ ਦਾ ਆਉਣਾ ਜਾਣਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕੂੜਾ ਸੁਟਣ ਨਾਲ ਜਿੱਥੇ ਪਿੰਡ ਦੀ ਦਿੱਖ ਖਰਾਬ ਹੋਵੇਗੀ, ਉੱਥੇ ਹੀ ਉਸ ਦੇ ਨੇੜੇ ਪੈਂਦੇ ਧਾਰਮਿਕ ਸਥਾਨਾਂ ਉੱਤੇ ਆਉਣ-ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਵਿਕਾਸ ਕਰਨਾ ਚੰਗੀ ਗੱਲ ਹੈ, ਪਰ ਬਿਨ੍ਹਾਂ ਤਰਤੀਬ ਤੋਂ ਬਣਾਈ ਜਾਣ ਵਾਲੀ ਚੀਜ ਜੋ ਪਿੰਡ ਵਾਸੀਆਂ ਲਈ ਸਿਰਦਰਦੀ ਬਣ ਜਾਵੇ, ਉਹ ਚੰਗਾ ਵਿਕਾਸ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਲਿਡ ਵੇਸਟ ਮੈਨੇਜਮੈਂਟ ਦੇ ਬਣਾਏ ਜਾ ਰਹੇ ਯੂਨਿਟ ਨੂੰ ਇਥੋਂ ਬੰਦ ਕਰਕੇ ਪਿੰਡ ਤੋਂ ਦੂਰ ਬਣਾਇਆ ਜਾਵੇ ਤਾਂ ਜੋ ਪਿੰਡ ਵਾਸੀਆਂ ਲਈ ਇਹ ਕੂੜਾ ਸਿਰਦਰਦੀ ਨਾ ਬਣੇ।
ਉਨ੍ਹਾਂ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਤੋਂ ਮੰਗ ਕੀਤੀ ਹੈ ਕਿ ਸਾਲਿਡ ਵੇਸਟ ਮੈਨੇਜਮੈਂਟ ਦੇ ਬਣਾਏ ਜਾ ਰਹੇ ਇਸ ਯੂਨਿਟ ਨੂੰ ਇਥੋਂ ਤਬਦੀਲ ਕਰਕੇ ਪਿੰਡ ਤੋਂ ਦੂਰ ਕਿਸੇ ਖਾਲੀ ਥਾਂ ਵਿੱਚ ਬਣਾਇਆ ਜਾਵੇ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਇਸ ਯੂਨਿਟ ਨੂੰ ਇਥੋਂ ਚੁੱਕਿਆ ਨਾ ਗਿਆ ਤਾਂ ਉਹ ਵੱਡੇ ਪੱਧਰ ਉੱਤੇ ਸੰਘਰਸ਼ ਕਰਨਗੇ, ਜਿਸ ਦੀ ਜਿੰਮੇਵਾਰੀ ਸੂਬਾ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਸੰਪਰਕ ਕਰਨ ਤੇ ਪਿੰਡ ਧਰਮਗੜ੍ਹ ਦੀ ਪੰਚਾਇਤ ਦੇ ਪ੍ਰਬੰਧਕ ਤੇ ਪੰਚਾਇਤ ਅਫਸਰ ਮਨਦੀਪ ਸਿੰਘ ਦਰਦੀ ਨੇ ਕਿਹਾ ਕਿ ਫਿਲਹਾਲ ਕੰਮ ਬੰਦ ਕਰ ਦਿੱਤਾ ਗਿਆ ਅਤੇ ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਹੀ ਫੈਸਲਾ ਲਿਆ ਜਾਵੇਗਾ।