ਟਰੂਡੋ ਦੀ ਬੋਲੀ ਬੋਲ ਰਿਹੈ ਚੰਨੀ : ਜਾਖੜ
ਚੰਡੀਗੜ੍ਹ, 6 ਮਈ 2024 : ਬੀਤੇ ਦਿਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਿਆਨ ਦਿੱਤਾ ਸੀ ਕਿ ਜੰਮੂ ਕਸ਼ਮੀਰ ਵਿਚ ਫ਼ੌਜ ਦਾ ਮੁਕਾਬਲਾ ਨਹੀਂ ਹੋਇਆ ਸੀ, ਇਹ ਭਾਜਪਾ ਦਾ ਸਟੰਟ ਸੀ। ਇਸ ਦੇ ਜਵਾਬ ਵਿਚ ਅੱਜ ਸੁਨੀਲ ਜਾਖੜ ਨੇ ਮੋੜਵਾਂ ਜਵਾਬ ਦਿੰਦਿਆਂ ਚੰਨੀ ਨੂੰ ਕਿਹਾ ਕਿ ਉਹ ਕੁਝ ਮਹੀਨੇ ਕੈਨੇਡਾ ਵਿਚ ਰਹਿ ਕੇ ਆਇਆ ਹੈ ਅਤੇ ਹੁਣ ਟਰੂਡੋ ਦੀ ਬੋਲੀ ਬੋਲ ਰਿਹਾ ਹੈ।
ਇਸ ਦੇ ਜਵਾਬ ਵਿਚ ਚੰਨੀ ਨੇ ਫਿਰ ਬਿਆਨ ਦਿੱਤਾ ਹੈ ਕਿ ਉਨ੍ਹਾਂ ਨੇ ਭਾਰਤੀ ਫ਼ੌਜ ਬਾਰੇ ਕੁਝ ਨਹੀ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਚੰਨੀ ਨੇ ਕਿਹਾ ਕਿ ਉਸ ਨੇ ਤਾਂ ਸਿਰਫ਼ ਭਾਜਪਾ ਬਾਰੇ ਆਪਣਾ ਬਿਆਨ ਦਿੱਤਾ ਸੀ।
ਦਰਅਸਲ ਚਰਨਜੀਤ ਸਿੰਘ ਚੰਨੀ ਨੇ ਜੰਮੂ-ਕਸ਼ਮੀਰ ਦੇ ਪੁੰਛ 'ਚ ਹਵਾਈ ਫੌਜ ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਆਪਣੇ ਵਿਵਾਦਿਤ ਬਿਆਨ 'ਤੇ ਹੁਣ ਸਫਾਈ ਦਿੱਤੀ ਹੈ। ਚੰਨੀ ਨੇ ਕਿਹਾ ਕਿ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਮੇਰਾ ਕਹਿਣ ਦਾ ਮਤਲਬ ਇਹ ਸੀ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਅਜਿਹਾ ਹੀ ਹਮਲਾ ਹੋਇਆ ਸੀ। ਹਾਲਾਂਕਿ, ਭਾਜਪਾ ਵੱਲੋਂ ਇਸ ਦੀ ਜਾਂਚ ਨਹੀਂ ਕੀਤੀ ਗਈ ਅਤੇ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਕਤ ਹਮਲੇ ਵਿੱਚ ਕੌਣ-ਕੌਣ ਸ਼ਾਮਲ ਸਨ।
ਚੰਨੀ ਨੇ ਕਿਹਾ ਕਿ ਪਿਛਲੇ ਹਮਲੇ ਦੌਰਾਨ ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਕਿਹਾ ਸੀ ਕਿ ਅਜਿਹੇ ਹਮਲੇ ਦੁਬਾਰਾ ਹੋ ਸਕਦੇ ਹਨ। ਪਰ ਸਰਕਾਰ ਨੇ ਉਕਤ ਸ਼ਿਕਾਇਤ ਦੀ ਸਾਰ ਨਹੀਂ ਲਈ। ਚੰਨੀ ਨੇ ਕਿਹਾ, ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਿਛਲੇ ਹਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਤੋਂ ਅਸਤੀਫਾ ਮੰਗਿਆ ਸੀ।
ਇਹ ਹਮਲਾ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਸੀ। ਇਹ ਬਿਆਨ ਜਾਖੜ ਨੇ ਸਟੇਜ 'ਤੇ ਦਿੱਤਾ। ਉਨ੍ਹਾਂ ਕਿਹਾ ਕਿ ਜਾਖੜ ਦਾ ਕੋਈ ਸਟੈਂਡ ਨਹੀਂ ਹੈ। ਮੈਨੂੰ ਉਦਾਸ ਹੁੰਦਾ ਹੈ ਜਦੋਂ ਮੇਰੇ ਦੇਸ਼ ਦੇ ਜਵਾਨ ਸ਼ਹੀਦ ਹੁੰਦੇ ਹਨ। ਪਰ ਭਾਜਪਾ ਇਸ ਨੂੰ ਆਪਣਾ ਸਟੰਟ ਬਣਾ ਰਹੀ ਹੈ।