ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜਤੀ ਅਤੇ ਮਜ਼ਦੂਰ ਪਰੇਸ਼ਾਨ, ਪਨਸਪ ਦੇ ਖਿਲਾਫ ਕੀਤਾ ਪ੍ਰਦਰਸ਼ਨ
ਰੋਹਿਤ ਗੁਪਤਾ
ਗੁਰਦਾਸਪੁਰ,6 ਮਈ 2024- ਇੱਕ ਪਾਸੇ ਜਿਲਾ ਪ੍ਰਸ਼ਾਸਨ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਹੋਣ ਅਤੇ ਤੇਜੀ ਨਾਲ ਲਿਫਟਿੰਗ ਹੋਣ ਦੇ ਦਾਅਵੇ ਕਰ ਰਿਹਾ ਹੈ ਉਥੇ ਹੀ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਅਧੀਨ ਪੈਂਦੇ ਖਰੀਦ ਕੇਂਦਰ ਬਜਾੜ ਵਿੱਚ ਪਨਸਪ ਵੱਲੋਂ ਖਰੀਦੀ ਗਈ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜਤੀਏ ਅਤੇ ਮਜਦੂਰ ਪਰੇਸ਼ਾਨੀ ਦੇ ਆਲਮ ਵਿੱਚ ਗੁਜਰ ਰਹੇ ਹਨ ਪਰ ਨਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਾ ਹੀ ਪਨਸਪ ਵੱਲੋਂ ਇਸ ਪਾਸੇ ਵੱਲ ਕੋਈ ਤਵੱਜੋ ਦਿੱਤੀ ਜਾ ਰਹੀ ਹੈ।
ਆਲਮ ਇਹ ਹੈ ਕਿ ਸੰਬੰਧਿਤ ਏਜੰਸੀ ਵੱਲੋਂ ਖਰੀਦੀ ਗਈ ਲੱਖਾਂ ਮੀਟਰਕ ਟਨ ਕਣਕ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਦੇ ਫੜਾਂ ਵਿੱਚ ਪਈ ਹੈ।ਇਹ ਵੀ ਦੱਸਣ ਯੋਗ ਹੈ ਕਿ ਦਾਣਾ ਮੰਡੀ ਬਾਜ਼ਾਰ ਦਾ ਫੜ ਕੱਚਾ ਹੈ,ਅਜਿਹੀ ਹਾਲਤ ਵਿੱਚ ਜੇਕਰ ਆਉਣ ਵਾਲੇ ਦਿਨਾਂ ਚ ਬਾਰਿਸ਼ ਹੁੰਦੀ ਹੈ ਤਾਂ ਨੀਲੇ ਅਸਮਾਨ ਹੇਠ ਪਈ ਲੱਖਾਂ ਮੀਟਰਕ ਟਨ ਕਣਕ ਖਰਾਬ ਹੋ ਸਕਦੀ ਹੈ।
ਦਾਣਾ ਮੰਡੀ ਬਜਾੜ ਨਾਲ ਸੰਬੰਧਿਤ ਵੱਖ ਵੱਖ ਆਰਤੀਆਂ ਅਤੇ ਮਜ਼ਦੂਰਾਂ ਨੇ ਦੱਸਿਆ ਕਿ ਹੁਣ ਕਣਕ ਦਾ ਸੀਜਨ ਲਗਭਗ ਖਤਮ ਹੋ ਚੁੱਕਾ ਹੈ,ਅਜਿਹੇ ਦੇ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਸਾਨੂੰ ਦਿਨ ਅਤੇ ਰਾਤ ਵੇਲੇ ਕਣਕ ਦੀ ਰਾਖੀ ਕਰਨੀ ਪੈ ਰਹੀ ਹੈ।ਉਹਨਾਂ ਦੱਸਿਆ ਕਿ ਬਾਰਸ ਹੋਣ ਦੀ ਸੂਰਤ ਵਿੱਚ ਉਹਨਾਂ ਦਾ ਦਿਲ ਇਸ ਕਰਕੇ ਡਰਿਆ ਰਹਿੰਦਾ ਕਿ ਕਿਤੇ ਬਾਰਿਸ਼ ਦੇ ਨਾਲ ਕਣਕ ਖਰਾਬ ਹੀ ਨਾ ਹੋ ਜੇ ਹੋ ਜਾਵੇ।
ਉਧਰ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਅੱਜ ਮਜ਼ਦੂਰਾਂ ਵੱਲੋਂ ਦਾਣਾ ਮੰਡੀ ਬਜਾੜ ਦੇ ਫੜ ਚ ਪਨਸਪ ਦੇ ਉੱਚ ਅਧਿਕਾਰੀਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ। ਉੱਥੇ ਹੀ ਜਦੋਂ ਇਸ ਸਬੰਧੀ ਪਨਸਪ ਵਿਭਾਗ ਦੇ ਇੰਸਪੈਕਟਰ ਇਕਬਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਡੀਐਮ ਵੱਲੋਂ ਉਹਨਾਂ ਨੂੰ ਚਿੱਠੀਆਂ ਕੱਢ ਦਿੱਤੀਆਂ ਗਈਆਂ ਹਨ ,ਜਿਨਾਂ ਦੇ ਕਣਕ ਦੀ ਢੋਆ ਢੁਆਈ ਲਈ ਟੈਂਡਰ ਪਾਏ ਹੋਏ ਸਨ।
ਇਸ ਸਬੰਧੀ ਜਦੋਂ ਪਨਸਪ ਦੇ ਜ਼ਿਲ੍ਹਾ ਮੈਨੇਜਰ ਸੰਦੀਪ ਸਿੰਘ ਨਾਲ ਗੱਲ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਵੱਲੋਂ ਹਰ ਵਾਰ ਫੋਨ ਡਿਸਕਨੈਕਟ ਕਰ ਦਿੱਤਾ ਗਿਆ।