ਮਾਲੇਰਕੋਟਲਾ: 20 ਕਿਲੋ ਅਫੀਮ ਤੇ ਲੱਖਾਂ ਰੁਪਏ ਦੀ ਜਾਅਲੀ ਕਰੰਸੀ ਸਮੇਤ 5 ਕਾਬੂ
ਇਸਮਾਈਲ ਏਸ਼ੀਆ
ਮਾਲੇਰਕੋਟਲਾ 06 ਮਈ 2024- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿਲ੍ਹਾ ਮਾਲੇਰਕੋਟਲਾ ਪੁਲਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ 02 ਵਿਅਕਤੀਆਂ ਨੂੰ 20 ਕਿਲੋ ਅਫੀਮ ਅਤੇ ਤਿੰਨ ਵਿਅਕਤੀਆਂ ਨੂੰ 84,20,000/-ਰੁਪੈ ਦੀ ਜਾਅਲੀ ਕਰੰਸੀ ਸਮੇਤ ਕਾਬੂ ਕੀਤਾ ਹੈ। ਮਾਲੇਰਕੋਟਲਾ ਦੇ ਐਸ.ਐਸ.ਪੀ ਡਾ.ਸਿਮਰਤ ਕੌਰ ਆਈ.ਪੀ.ਐਸ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਾੜੇ ਅਨਸਰਾਂ ਅਤੇ ਨਸ਼ਾ ਸਮੱਗਲਰਾਂ ਖਿਲਾਫ ਸਖਤੀ ਨਾਲ ਆਰੰਭੀ ਗਈ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਇਲਾਕੇ 'ਚ ਵਧਾਈ ਗਈ ਚੌਕਸੀ ਤਹਿਤ ਸ਼੍ਰੀ ਵੈਭਵ ਸਹਿਗਲ, ਪੀ.ਪੀ.ਐਸ, ਕਪਤਾਨ ਪੁਲਿਸ, ਇੰਵੈਸਟੀਗੇਸ਼ਨ, ਮਾਲੇਰਕੋਟਲਾ, ਸ਼੍ਰੀ ਗੁਰਦੇਵ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ-ਡਵੀਜਨ ਮਾਲੇਰਕੋਟਲਾ ਅਤੇ ਸ਼੍ਰੀ ਦਲਵੀਰ ਸਿੰਘ, ਉਪ ਕਪਤਾਨ ਪੁਲਿਸ, ਕਾਂਊਟਰ ਇੰਟੈਲੀਜੈਂਸ ਪਟਿਆਲਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸੰਦੌੜ ਅਤੇ ਕਾਂਊਟਰ ਇੰਨਟੈਲੀਜੈਂਸ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਮੁਖਬਰ ਖਾਸ ਦੀ ਇਤਲਾਹ ਪਰ ਥਾਣਾ ਸੰਦੌੜ ਦੀ ਪੁਲਿਸ ਪਾਰਟੀ ਅਤੇ ਕਾਂਊਟਰ ਇੰਨਟੈਲੀਜੈਂਸ ਦੀ ਟੀਮ ਵੱਲੋਂ ਪਿੰਡ ਫਰਵਾਲੀ ਵਿਖੇ ਸਪੈਸ਼ਲ ਨਾਕਾਬੰਦੀ ਕਰਕੇ ਟਰੱਕ ਨੰਬਰ ਪੀ.ਬੀ 13-ਏ.ਆਰ-9008 ਮਾਰਕਾ ਅਸੋਕਾ ਲੇਲੈਂਡ ਨੂੰ ਰੋਕਿਆ ਗਿਆ, ਜਿਸਦਾ ਡਰਾਇਵਰ ਗੁਰਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਫਤਹਿਗੜ੍ਹ ਪੰਜਗਰਾਈਆਂ ਅਤੇ ਕੰਡਕਟਰ ਸੰਦੀਪ ਉਈਕੇ ਪੁੱਤਰ ਨੰਦ ਕਿਸੋਰ ਉਈਕੇ ਵਾਸੀ ਬੜੀ, ਜਿਲਾ ਰਾਏਸੇਨ (ਮੱਧ ਪ੍ਰਦੇਸ) ਸੀ। ਟਰੱਕ ਨੰਬਰ ਉਕਤ 'ਚ ਲੋਹੇ ਨੂੰ ਪਾਲਸ ਕਰਨ ਵਾਲਾ ਮਟੀਰੀਅਲ (ਸਪੰਜ) ਭਰਿਆ ਹੋਇਆ ਸੀ ਜੋ ਕਿ ਡਰਾਇਵਰ ਪਾਸੋਂ ਪੁੱਛਣ ਪਰ ਦੱਸਿਆ ਗਿਆ ਕਿ ਇਹ ਲੋਹੇ ਨੂੰ ਪਾਲਸ ਕਰਨ ਵਾਲਾ ਮਟੀਰੀਅਲ (ਸਪੰਜ) ਉਡੀਸਾ ਤੋਂ ਭਰਕੇ ਲਿਆਏ ਹਨ। ਸ਼ੱਕ ਦੇ ਆਧਾਰ ਤੇ ਉਕਤ ਟਰੱਕ ਦੀ ਹੋਰ ਡੂੰਘਾਈ ਨਾਲ ਚੈਕਿੰਗ ਕੀਤੀ ਗਈ, ਚੈਕਿੰਗ ਦੌਰਾਨ ਟਰੱਕ ਦੇ ਕੈਬਨ ਵਿੱਚੋਂ ਡਰਾਇਵਰ ਸੀਟ ਦੇ ਪਿਛਲੇ ਪਾਸਿਓਂ ਪਲਾਸਟਿਕ ਲਿਫਾਫੇ ਵਿੱਚੋਂ 20 ਕਿੱਲੋ ਅਫੀਮ ਬਰਾਮਦ ਹੋਣ ਤੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਖਿਲਾਫ਼ ਥਾਣਾ ਸੰਦੋੜ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਸ ਮੌਕੇ ਦੂਜੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਡਾ.ਸਿਮਰਤ ਕੌਰ ਆਈ.ਪੀ.ਐਸ ਨੇ ਦੱਸਿਆ ਕਿ ਮੁਖਬਰ ਖਾਸ ਦੀ ਇਤਲਾਹ ਪਰ ਇੰਸਪੈਕਟਰ ਹਰਜਿੰਦਰ ਸਿੰਘ, ਇੰਚਾਰਜ, ਸੀ.ਆਈ.ਏ. ਸਟਾਫ, ਮਾਹੋਰਾਣਾ ਦੀ ਟੀਮ ਅਤੇ ਕਾਂਊਟਰ ਇੰਟੈਲੀਜੈਂਸ, ਮਾਲੇਰਕੋਟਲਾ ਦੀ ਟੀਮ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਰਿਸ਼ੂ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਨੇੜੇ ਵਿਸ਼ਕਰਮਾ ਮੰਦਿਰ 786 ਚੌਂਕ ਮਾਲੇਰਕੋਟਲਾ ਅਤੇ ਲਖਵਿੰਦਰ ਕੁਮਾਰ ਉਰਫ ਲੱਕੀ ਪੁੱਤਰ ਫਕੀਰ ਚੰਦ ਵਾਸੀ ਮੁਹੱਲਾ ਤਜੱਫਲਪੁਰਾ ਪਟਿਆਲਾ ਪਾਸੋਂ ਜਾਅਲੀ ਕਰੰਸੀ 2,85,000/-ਰੁਪਪਏ ਬਰਾਂਮਦ ਕਰਵਾਕੇ ਮੁਲਜ਼ਮਾਂ ਖਿਲਾਫ ਥਾਣਾ ਸਿਟੀ-1 ਮਾਲੇਰਕੋਟਲਾ ਮੁਕੱਦਮਾ ਨੰਬਰ 46 ਧਾਰਾ 489ਏ, 489ਬੀ, 489ਸੀ, 489ਡੀ, ਅਤੇ 120ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਡਾ.ਸਿਮਰਤ ਕੌਰ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੌਰਾਨੇ ਤਫਤੀਸ ਦੋਸ਼ੀਆਨ ਰਿਸੂ ਕੁਮਾਰ ਅਤੇ ਲ਼ਖਵਿੰਦਰ ਕੁਮਾਰ ਉਕਤਾਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਜਾਅਲੀ ਕਰੰਸੀ ਅਮਿਤ ਗਿੱਲ ਪੁੱਤਰ ਬਲਦੇਵ ਰਾਜ ਵਾਸੀ ਮੋਨਵਾਨ ਮਨਸੂਰਵਾਲ ਦੋਨਾ, ਜਿਲ੍ਹਾ ਕਪੂਰਥਲਾ ਹਾਲ ਕਿਰਾਏਦਾਰ ਰਾਕੇਸ ਕੁਮਾਰ ਐਸ.ਬੀ.ਆਈ. ਕਲੋਨੀ ਨੇੜੇ ਬੁਆਏ ਹੋਸਟਲ ਸਹਾਰਨਪੁਰ, ਯੂ.ਪੀ ਪਾਸੋਂ ਲੈ ਕਰ ਆਏ ਸੀ। ਜਿਸਦੇ ਅਧਾਰ ਪਰ ਦੋਸ਼ੀ ਅਮਿਤ ਗਿੱਲ ਨੂੰ ਨਾਮਜ਼ਦ ਕਰਕੇ ਸੀ.ਆਈ.ਏ ਸਟਾਫ ਮਾਹੋਰਾਣਾ ਦੀ ਟੀਮ ਵੱਲੋਂ ਉਸਦੇ ਪਤੇ ਪਰ ਰੇਡ ਕਰਕੇ ਦੋਸ਼ੀ ਅਮਿਤ ਗਿੱਲ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜਾ ਵਿੱਚੋਂ ਜਾਅਲੀ ਕਰੰਸੀ 81,35,000/-ਰੁਪਏ ਸਮੇਤ ਇੱਕ ਕਲਰ ਪ੍ਰਿੰਟਰ, ਇੱਕ ਮੋਨੀਟਰ, ਇੱਕ ਕੀ ਬੋਰਡ, ਇੱਕ ਮਾਊਸ, ਛੋਟਾ ਸੀ.ਪੀ.ਯੂ, ਸਮਾਰਟ ਸਕੈਨਰ ਕਲਰ ਪ੍ਰਿੰਟਰ, ਇੱਕ ਲੈਮੀਨੇਸ਼ਨ ਮਸ਼ੀਨ, ਇੱਕ ਪੇਪਰ ਕਟਰ, ਇੱਕ ਸਕਰੀਨ ਬੋਰਡ ਜੋ ਲੱਕੜ ਦੀ ਫਰੇਮ 'ਚ ਲੱਗਾ ਹੋਇਆ ਹੈ ਬ੍ਰਾਮਦ ਕਰਵਾਕੇ ਪੁਲਿਸ ਵੱਲੋਂ ਅਪਣੇ ਕਬਜਾ ਵਿੱਚ ਲਿਆ ਗਿਆ ਹੈ। ਦੋਸ਼ੀਆਨ ਪਾਸੋਂ ਹੁਣ ਤੱਕ ਕੁੱਲ 84,20,000/-ਰੁਪਏ ਜਾਅਲੀ ਕਰੰਸੀ ਬ੍ਰਾਮਦ ਕਰਵਾਈ ਜਾ ਚੁੱਕੀ ਹੈ। ਐਸ.ਐਸ.ਪੀ ਡਾ.ਸਿਮਰਤ ਕੌਰ ਨੇ ਦੱਸਿਆ ਕਿ ਦੋਵਾਂ ਮਾਮਲਿਆਂ ਦੇ ਦੋਸ਼ੀਆਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ ਤਾਂ ਕਿ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।