ਜਗਰਾਓਂ: ਗੈਸ ਫੈਕਟਰੀ ਖ਼ਿਲਾਫ਼ ਮੋਰਚਾ ਸਤਵੇਂ ਦਿਨ ਚ ਦਾਖਲ
ਪਿੰਡ ਵਾਸੀਆਂ ਨੇ ਕਿਰਤੀ ਕਿਸਾਨ ਯੂਨੀਅਨ ਨਾਲੋ ਨਾਤਾ ਤੋੜ ਕੇ ਬੀ ਕੇ ਯੂ ਏਕਤਾ ਡਕੌਂਦਾ ਨਾਲ ਜੋੜਿਆ
ਦੀਪਕ ਜੈਨ
ਜਗਰਾਓਂ , 6 ਮਈ, 2024 :ਅਜ ਪਿੰਡ ਅਖਾੜਾ ਵਿਖੇ ਗੈਸ ਫੈਕਟਰੀ ਖ਼ਿਲਾਫ਼ ਚੱਲਦਾ ਸੰਘਰਸ਼ ਸੱਤਵੇਂ ਦਿਨ ਚ ਸ਼ਾਮਲ ਹੋ ਗਿਆ। ਪਿੰਡ ਵਾਸੀਆਂ ਨੇ ਕੱਲ ਪਿੰਡ ਚ ਫੈਕਟਰੀ ਬੰਦ ਕਰਾਉਣ ਦੀ ਮੰਗ ਨੂੰ ਲੈ ਕੇ ਭਾਰੀ ਰੋਸ ਪਰਦਰਸਨ ਕੀਤਾ ਸੀ ਜਿਸ ਵਿਚ ਅੋਰਤਾਂ , ਬੱਚਿਆਂ ਨੇ ਵੀ ਵੱਡੀ ਗਿਣਤੀ ਚ ਭਾਗ ਲਿਆ ਸੀ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ , ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਵਾਤਾਵਰਣ ਸਮੇਤ ਪਾਣੀ ਤੇ ਧਰਤੀ ਪਲੀਤ ਕਰਨ ਖ਼ਿਲਾਫ਼ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਜੀਵਨ ਬਚਾਉਣ ਲਈ ਇਹ ਵੀ ਬੁਨਿਆਦੀ ਮੁੱਦਾ ਹੈ।
ਉੱਨਾਂ ਕਿਹਾ ਕਿ ਸੰਸਾਰ ਸਿਹਤ ਸੰਸਥਾਂ ਦੀ ਰਿਪੋਰਟ ਮੁਤਾਬਕ ਹਰ ਇੱਕ ਮਿੰਟ ਚ ਚਾਰ ਵਿਅਕਤੀ ਪਰਦੁਸ਼ਣ ਕਾਰਨ ਸੰਸਾਰ ਭਰ ਚ ਮਰ ਰਹੇ ਹਨ। ਕਾਰਬਨ ਦੀ ਮਾਤਰਾ ਦੁਨੀਆ ਭਰ ਚ ਵੱਧਦੇ ਜਾਣ ਕਾਰਨ ਆਉਂਦੇ ਸਮੇਂ ਚ ਸੰਸਾਰ ਭਰ ਚ ਮੋਸਮ ਚ ਸਿਫਤੀ ਤਬਦੀਲੀ ਆਵੇਗੀ ਮਾਰੂ ਤੇ ਅਸਿਹ ਤਪਸ਼ ਤੇ ਤਬਾਹਕਾਰੀ ਹੜਾਂ ਦੀ ਮਾਤਰਾ ਮਨੁੱਖਤਾ ਲਈ ਤਬਾਹਕੁੰਨ ਹੋਵੇਗੀ। ਉੱਨਾਂ ਕਿਹਾ ਕਿ ਦੇਸ਼ ਦੇ ਵਿਕਾਸ ਲਈ ਸਨਅਤੀਕਰਨ ਜ਼ਰੂਰੀ ਹੈ ਪਰ ਲੋਕਾਂ ਦੇ ਜੀਵਨ ਨਾਲ ਖੇਡ ਕੇ ਨਹੀਂ । ਉੱਨਾਂ ਪੰਜਾਬ ਸਰਕਾਰ ਤੋਂ ਲੁਧਿਆਣਾ ਜਿਲੇ ਚ ਅੱਧੀ ਦਰਜਨ ਦੇ ਕਰੀਬ ਗੈਸ ਫ਼ੈਕਟਰੀਆਂ ਦਾ ਮਸਲਾ ਹੱਲ ਕਰਾਓਣ ਦੀ ਜ਼ੋਰਦਾਰ ਮੰਗ ਕੀਤੀ ਹੈ।
ਉੱਨਾਂ ਕਿਹਾ ਕਿ ਪਿਛਲੇ ਸਤੱਰ ਸਾਲਾਂ ਚ ਸਾਰੀਆਂ ਵੋਟ ਪਾਰਟੀਆਂ ਨੇ ਲੋਕਾਂ ਨਾਲ ਦੰਗਾ ਕਮਾਇਆ ਹੈ ਤੇ ਉੱਨਾਂ ਦਾ ਵਿਸਵਾਸ਼ ਸਾਰੀਆਂ ਵੋਟ ਪਾਰਟੀਆਂ ਤੋਂ ਉੱਠ ਚੁੱਕਾ ਹੈ । ਉੱਨਾਂ ਕਿਹਾ ਕਿ ਅਜੇ ਤੱਕ ਐਸ਼ ਡੀ ਐਮ ਜਗਰਾਂਓ ਨੇ ਵੀ ਇਸ ਮਾਮਲੇ ਦਾ ਨੋਟਿਸ ਨਹੀਂ ਲਿਆ । ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੇ ਇਕਾਈ ਪਰਧਾਨ ਗੁਰਤੇਜ ਸਿੰਘ ਨੇ ਬੋਲਦਿਆਂ ਕਿਹਾ ਕਿ ਪਿੰਡ ਦੀ ਕਿਰਤੀ ਕਿਸਾਨ ਯੂਨੀਅਨ ਨਾਲ ਜੁੜੀ ਇਕਾਈ ਨੇ ਉਸ ਨਾਲੋ ਅਪਣਾ ਨਾਤਾ ਤੋੜ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਦਾ ਦੀ ਅਗਵਾਈ ਕਬੂਲ ਕਰ ਲਈ ਹੈ।
ਇਸ ਸਮੇਂ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਦੀ ਨਿਗਰਾਨੀ ਹੇਠ ਗੁਰਤੇਜ ਸਿੰਘ ਸਰਾਂ ਨੂੰ ਇਕਾਈ ਪ੍ਰਧਾਨ , ਹਰਦੇਵ ਸਿੰਘ ਨੂੰ ਸਕੱਤਰ, ਜਗਦੇਵ ਸਿੰਘ ਨੂੰ ਖਜਾਨਚੀ, ਪਾਲ਼ਾ ਸਿੰਘ ਤੇ ਸੇਵਾ ਸਿੰਘ ਨੂੰ ਇਕਾਈ ਦੀ ਕਮੇਟੀ ਦਾ ਮੈਂਬਰ ਚੁਣ ਲਿਆ ਗਿਆ। ਅੱਜ ਦੇ ਧਰਨੇ ਚ ਪਿੰਡ ਵਾਸੀਆਂ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦਿਤੀ। ਇਸ ਸਮੇਂ ਹਾਜ਼ਰ ਲੋਕਾਂ ਨੇ ਸਾਰੀਆਂ ਗੈਸ ਫ਼ੈਕਟਰੀਆਂ ਖ਼ਿਲਾਫ਼ ਚੱਲ ਰਹੇ ਮੋਰਚਿਆਂ ਨੂੰ ਇਕ ਜੁੱਟ ਕਰਨ ਦਾ ਐਲਾਨ ਵੀ ਕੀਤਾ।