ਹਲਕਾ ਡੇਰਾਬੱਸੀ 'ਚ ਕਾਂਗਰਸ ਨੂੰ ਹਲੂਣਾ: ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜੌਲੀ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਲ
- ਹਲਕਾ ਡੇਰਾਬੱਸੀ ਚ ਭਾਜਪਾ ਜ਼ਮੀਨੀ ਪੱਧਰ ਤੇ ਹੋਈ ਮਜ਼ਬੂਤ- ਪ੍ਰਨੀਤ ਕੌਰ
ਡੇਰਾਬਸੀ/ 6ਮਈ 2024- ਅੱਜ ਹਲਕਾ ਡੇਰਾਬੱਸੀ ਵਿੱਚ ਕਾਂਗਰਸ ਨੂੰ ਉਦੋਂ ਵਡਾ ਝਟਕਾ ਲੱਗਿਆ ਜਦੋ ਸਾਬਕਾ ਮਾਰਕੀਟ ਕਮੇਟੀ ਦੇ ਚੇਅਰਮੈਨ ਜੈਲਦਾਰ ਸੁਰਿੰਦਰ ਸਿੰਘ ਜੌਲੀ ਆਪਣੇ ਸੈਂਕੜੇ ਸਾਥੀਆਂ ਸਮੇਤ ਚੋਣ ਇੰਚਾਰਜ ਐੱਸਐੱਮਐੱਸ ਸੰਧੂ ਦੀ ਅਗਵਾਈ ਹੇਠ ਭਾਜਪਾ ਵਿਚ ਸ਼ਾਮਿਲ ਹੋ ਗਏ। ਜੈਲਦਾਰ ਜੌਲੀ ਦਾ ਮਹਾਰਾਣੀ ਪ੍ਰਨੀਤ ਕੌਰ ਵਲੋਂ ਭਾਜਪਾ ਚ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਪ੍ਰਤਿਭਾਸ਼ਾਲੀ ਆਗੂਆਂ ਦਾ ਭਾਜਪਾ ਵਿੱਚ ਸ਼ਾਮਿਲ ਹੋਣ ਨਾਲ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਨ੍ਹਾਂ ਦਾ ਆਉਣਾ ਮੋਦੀ ਸਰਕਾਰ ਦੀਆਂ ਨੀਤੀਆਂ ਵਿੱਚ ਵਿਸ਼ਵਾਸ ਦਰਸਾਉਂਦਾ ਹੈ।
ਉਹਨਾਂ ਕਿਹਾ ਕਿ ਜੈਲਦਾਰ ਜੌਲੀ ਅਤੇ ਉਹਨਾਂ ਦੇ ਸਾਥੀਆਂ ਨਾਲ ਅਸੀਂ ਡੇਰਾਬੱਸੀ ਹਲਕੇ ਵਿਚ ਜ਼ਮੀਨੀ ਪੱਧਰ 'ਤੇ ਮਜ਼ਬਤ ਹੋਵਾਂਗੇ ਅਤੇ ਇਹਨਾਂ ਦੇ ਆਉਣ ਨਾਲ ਪਾਰਟੀ ਦਾ ਕਾਡਰ ਹੋਰ ਆਤਮ-ਵਿਸ਼ਵਾਸ ਨਾਲ ਭਰ ਗਿਆ ਹੈ। ਇਹ ਬਹੁਤ ਸਪੱਸ਼ਟ ਹੈ ਕਿ ਭਾਰਤੀ ਜਨਤਾ ਪਾਰਟੀ ਇੱਕ ਵਾਰ ਫਿਰ ਆਗਾਮੀ ਲੋਕ ਸਭਾ ਵਿੱਚ ਵੱਡੀ ਜਿੱਤ ਦਰਜ ਕਰੇਗੀ ਅਤੇ ਮੈਨੂੰ ਯਕੀਨ ਹੈ ਕਿ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਭਾਜਪਾ ਨੂੰ ਹੀ ਇੱਕ ਵਿਕਲਪ ਵਜੋਂ ਚੁਣਨਗੇ। ਖੁਸ਼ੀ ਜ਼ਾਹਿਰ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ, ਇਹ ਲੋਕਾਂ ਦਾ ਅਥਾਹ ਪਿਆਰ ਨਾ ਸਿਰਫ਼ ਕੈਪਟਨ ਅਮਰਿੰਦਰ ਸਿੰਘ ਅਤੇ ਸਾਡੇ ਪਰਿਵਾਰ ਵਲੋਂ ਸਾਲਾਂ ਤੋਂ ਪੰਜਾਬ ਲਈ ਕੀਤੇ ਕੰਮਾਂ ਦਾ ਪ੍ਰਮਾਣ ਹੈ ਸਗੋਂ ਇਸਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਦੀਆਂ ਬਾਹਾਂ ਨੂੰ ਹੋਰ ਮਜ਼ਬੂਤ ਕਰਨ ਦਾ ਉਤਸ਼ਾਹ ਵੀ ਹੈ। ਲੋਕ ਆਪ ਮੁਹਾਰੇ ਰੋਜ਼ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਰਹੇ ਹਨ ਅਤੇ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਦਾ ਹਿੱਸਾ ਬਣਨ ਦੇ ਚਾਹਵਾਨ ਹਨ। ਉਹਨਾਂ ਕਿਹਾ ਕਿ ਇਹਨਾਂ ਚੋਣਾਂ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਦੀ ਜਿੱਤ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ ਹਨ।
ਪ੍ਰਨੀਤ ਕੌਰ ਨੇ ਕਿਹਾ ਕਿ ਉਹਨਾਂ ਨੂੰ ਪੂਰੇ ਖੇਤਰ ਤੋਂ ਮਿਲ ਰਿਹਾ ਅਥਾਹ ਪਿਆਰ ਅਤੇ ਸਮਰਥਨ ਇਹ ਦਰਸਾਉਂਦਾ ਹੈ ਕਿ ਲੋਕਾਂ ਵਿੱਚ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਕਾਸ ਕੇਂਦਰਿਤ ਨੀਤੀਆਂ ਪ੍ਰਤੀ ਭਾਰੀ ਸਨਮਾਨ ਹੈ ਅਤੇ ਦੇਸ਼ ਦਾ ਮੂਡ ਬਿਲਕੁਲ ਸਾਫ਼ ਹੈ ਕਿ ਲੋਕਾਂ ਦੇ ਮਨ ਵਿੱਚ ਸਿਰਫ਼ ਇੱਕ ਹੀ ਪਾਰਟੀ ਹੈ ਅਤੇ ਉਹ ਹੈ ਭਾਰਤੀ ਜਨਤਾ ਪਾਰਟੀ। 'ਅਬਕੀ ਬਾਰ 400' ਪਾਰ ਦਾ ਨਾਅਰਾ ਆਉਣ ਵਾਲੀ 4 ਜੂਨ ਨੂੰ ਜ਼ਰੂਰ ਸੱਚ ਹੋਣ ਜਾ ਰਿਹਾ ਹੈ। ਇਸ ਵਾਰ ਪੰਜਾਬ ਦੇ ਲੋਕ ਵੀ ਲੋਕ ਸਭਾ ਚੋਣਾਂ ਵਿੱਚ ਵੱਡੀ ਭੂਮਿਕਾ ਨਿਭਾਉਣ ਜਾ ਰਹੇ ਹਨ ਅਤੇ ਮੈਨੂੰ ਯਕੀਨ ਹੈ ਕਿ ਉਹ ਸੂਬੇ ਭਰ ਵਿੱਚ ਭਾਜਪਾ ਦੇ ਨੁਮਾਇੰਦਿਆਂ ਨੂੰ ਵੋਟ ਪਾਉਣਗੇ। ਇਸ ਮੌਕੇ ਜੈਲਦਾਰ ਸੁਰਿੰਦਰ ਸਿੰਘ ਜੌਲੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਉਹਨਾਂ ਦਾ ਦਮ ਘੁੱਟਦਾ ਸੀ ਕਿਉਂਕਿ ਉਥੇ ਸਿਰ੍ਫ ਚਾਪਲੂਸਾਂ ਦੀ ਕਦਰ ਪੈਂਦੀ ਹੈ ਨਾ ਕਿ ਮਿਹਨਤ ਕਰਨ ਵਾਲਿਆਂ ਦੀ। ਉਹਨਾਂ ਕਿਹਾ ਭਾਰਤ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਲਗਾਤਾਰ ਤਰੱਕੀ ਦੇ ਰਸਤੇ ਤੇ ਚੱਲ ਰਿਹਾ ਹੈ। ਇਸ ਮੌਕੇ ਚੋਣ ਇੰਚਾਰਜ ਐੱਸਐੱਮਐੱਸ ਸੰਧੂ ਨੇ ਕਿਹਾ ਕਿ ਹਲਕੇ ਚੋ ਆਉਂਦੇ ਦਿਨਾਂ ਨੂੰ ਹੋਰ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਭਾਜਪਾ ਜੁਆਇਨ ਕਰਨ ਲਈ ਤਿਆਰ ਹਨ। ਇਸ ਮੌਕੇ ਸਾਬਕਾ ਜ਼ਿਲਾ ਪ੍ਰਧਾਨ ਸੁਸ਼ੀਲ ਰਾਣਾ, ਰਵਿੰਦਰ ਰਾਣਾ ਜਨਰਲ ਸਕੱਤਰ, ਜਸਮੇਰ ਰਾਣਾ ਸਾਬਕਾ ਚੇਅਰਮੈਨ, ਰਾਜਪਾਲ ਰਾਣਾ, ਓਮ ਵੀਰ ਸਾਬਕਾ ਚੇਅਰਮੈਨ ਲਾਲੜੂ ਕੌਂਸਲ, ਪੁਸ਼ਪਿੰਦਰ ਮਹਿਤਾ, ਸ਼ਰੂਤੀ ਭਾਰਦਵਾਜ ਸਮੇਤ ਵੱਡੀ ਗਿਣਤੀ ਭਾਜਪਾ ਸਮਰਥਕ ਮੌਜੂਦ ਸਨ।