ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਵਿਚ ਪਹਿਲੇ ਸਾਲ ਦੇ ਵਿਦਿਆਰਥੀਆਂ ਦੇ ਮਾਪੇ ਅਤੇ ਅਧਿਆਪਕ ਮਿਲੇ
ਲੁਧਿਆਣਾ 7 ਮਈ 2024 - ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਜੈਕਬ ਹਾਲ ਵਿਚ ਬੀਤੇ ਦਿਨੀਂ ਪਹਿਲੇ ਸਾਲ ਦੇ ਵਿਦਿਆਰਥੀਆਂ ਦੇ ਮਾਪੇ ਅਤੇ ਅਧਿਆਪਕਾਂ ਦੀ ਮਿਲਣੀ ਹੋਈ| ਇਹ ਮਿਲਣੀ ਬੀ ਟੈੱਕ ਖੇਤੀ ਇੰਜਨੀਅਰਿੰਗ ਦੇ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਵਿਸ਼ੇਸ਼ ਤੌਰ ਤੇ ਰੱਖੀ ਗਈ ਸੀ| ਇਸ ਮਿਲਣੀ ਦੌਰਾਨ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ| ਡਾ. ਮਨਜੀਤ ਸਿੰਘ ਨੇ ਕਿਹਾ ਕਿ ਖੇਤੀ ਇੰਜਨੀਅਰਿੰਗ ਕਾਲਜ ਮਾਪਿਆਂ ਦੇ ਸੁਪਨੇ ਅਤੇ ਅਧਿਆਪਕਾਂ ਦੇ ਆਦਰਸ਼ਾਂ ਰਾਹੀਂ ਵਿਦਿਆਰਥੀਆਂ ਨੂੰ ਉਸਾਰੂ ਕੀਮਤਾਂ ਨਾਲ ਜੋੜਨ ਦੀ ਥਾਂ ਹੈ| ਉਹਨਾਂ ਕਿਹਾ ਕਿ ਕਾਲਜ ਵਿਚ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਨੂੰ ਜੀਵਨ ਦੀਆਂ ਹਾਂਵਾਚੀ ਕੀਮਤਾਂ ਨਾਲ ਜੋੜਨ ਲਈ ਦੋਵੇਂ ਧਿਰਾਂ ਦਾ ਇਕ ਥਾਂ ਤੇ ਇਕੱਠੇ ਹੋਣਾ ਵਿਲੱਖਣ ਘਟਨਾ ਹੈ| ਉਹਨਾਂ ਆਸ ਪ੍ਰਗਟਾਈ ਕਿ ਵਿਦਿਆਰਥੀ ਕਾਲਜ ਦੇ ਉਸਾਰੂ ਮਾਹੌਲ ਤੋਂ ਬਹੁਤ ਕੁਝ ਸਿੱਖ ਕੇ ਆਪਣੇ ਮਾਂ ਬਾਪ ਦੇ ਸੁਪਨੇ ਸਾਕਾਰ ਕਰਨਗੇ|
ਪਹਿਲੇ ਸਾਲ ਦੇ ਇੰਚਾਰਜ ਡਾ. ਸਮਨਪ੍ਰੀਤ ਕੌਰ ਨੇ ਸਵਾਗਤ ਦੇ ਸ਼ਬਦ ਕਹੇ ਅਤੇ ਉਸਾਰੂ ਗੱਲਬਾਤ ਲਈ ਆਸ ਪ੍ਰਗਟ ਕੀਤੀ| ਅਕਾਦਮਿਕ ਮਸਲਿਆਂ ਦੀ ਕਮੇਟੀ ਦੇ ਚੇਅਰਮੈਨ ਡਾ. ਅਸ਼ਵਨੀ ਕੁਮਾਰ ਸੋਨੀ ਨੇ ਕਾਲਜ ਦੀਆਂ ਨੀਤੀਆਂ ਅਤੇ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਦੇ ਇਤਿਹਾਸ ਉੱਪਰ ਝਾਤ ਪਵਾਈ|
ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਦੇ ਇੰਚਾਰਜ ਡਾ. ਸਤੀਸ਼ ਕੁਮਾਰ ਗੁਪਤਾ ਨੇ ਕਿਹਾ ਕਿ ਕਾਲਜ ਦਾ ਮੰਤਵ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਹੁਨਰ ਨੂੰ ਨਿਖਾਰਨਾ ਹੈ| ਮਿਲਣੀ ਦੌਰਾਨ ਮਾਪਿਆਂ ਅਤੇ ਅਧਿਆਪਕਾਂ ਨੇ ਆਪਸ ਵਿਚ ਵਿਚਾਰ-ਵਟਾਂਦਰਾ ਕੀਤਾ| ਮਾਪੇ ਅਧਿਆਪਕ ਕਮੇਟੀ ਦੇ ਕਾਲਜ ਕਨਵੀਨਰ ਡਾ. ਆਰ ਐੱਸ ਗਿੱਲ ਨੇ ਇਸ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਸਭ ਦਾ ਧੰਨਵਾਦ ਕੀਤਾ|