ਮਨਿੰਦਰਜੀਤ ਸਿੱਧੂ
ਜੈਤੋ, 16 ਅਕਤੂਬਰ 2020 - ਕਿਸਾਨਾਂ ਵੱਲੋਂ ਕੇਂਦਰਾਂ ਸਰਕਾਰ ਖਿਲਾਫ ਚੱਲ ਰਹੇ ਧਰਨੇ ਅਤੇ ਪ੍ਰਦਰਸ਼ਨਾਂ ਦੌਰਾਨ ਜੈਤੋ ਵਿਖੇ ਕਿਸਾਨਾਂ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਦੋ ਦਿਨ ਪਹਿਲਾਂ ਰਿਲਾਇੰਸ ਪੈਟਰੋਲ ਪੰਪ ਦੇ ਕੋਲ ਇੱਕ ਟਰੱਕ ਨੂੰ ਕਾਬੂ ਕੀਤਾ।ਜੱਥੇਬੰਦੀਆਂ ਦੇ ਆਗੂਆਂ ਅਨੁਸਾਰ ਇਹ ਟਰੱਕ ਉੱਤਰ ਪ੍ਰਦੇਸ਼ ਤੋਂ 300 ਕੁਇੰਟਲ ਝੋਨਾ ਲੈ ਕੇ ਜੈਤੋ ਪਹੁੰਚਿਆ ਹੈ ਅਤੇ ਇਸ ਨੇ ਜੈਤੋ ਦੇ ਕਿਸੇ ਸ਼ੈਲਰ ਵਿੱਚ ਮਾਲ ਉਤਾਰਨਾ ਸੀ।ਕਿਸਾਨਾਂ ਵੱਲੋਂ ਇਸਦੀ ਸੂਚਨਾ ਸਥਾਨਕ ਪੁਲਿਸ ਨੂੰ ਵੀ ਦੇ ਦਿੱਤੀ ਗਈ ਸੀ ਪਰ ਪੁਲਿਸ ਮੌਕੇ ਉੱਪਰ ਲਗਭਗ ਦੋ ਘੰਟੇ ਲੇਟ ਪੁੱਜੀ।
ਜੱਥੇਬੰਦੀਆਂ ਦਾ ਇਹ ਵੀ ਦੋਸ਼ ਸੀ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਬਹੁਤ ਵੱਡੀ ਮਾਤਰਾ ਵਿੱਚ ਯੂ.ਪੀ. ਅਤੇ ਬਿਹਾਰ ਤੋਂ ਸਸਤੇ ਮੁੱਲ ‘ਤੇ ਖਰੀਦ ਕੇ ਲਿਆਂਦਾ ਝੋਨਾ ਸਥਾਨਕ ਸ਼ੈਲਰਾਂ ਅਤੇ ਦਾਣਾ ਮੰਡੀਆਂ ਵਿੱਚ ਉੱਤਰਦਾ ਹੈ।ਕਿਸਾਨਾਂ ਨੇ ਪੁਲਿਸ ਦੇ ਆਉਣ ਤੱਕ ਟਰੱਕ ਨੂੰ ਘੇਰਾ ਪਾਈ ਰੱਖਿਆ ਅਤੇ ਪੁਲਿਸ ਦੇ ਏਨਾ ਲੇਟ ਆਉਣ ਉੱਪਰ ਵੀ ਨਰਾਜਗੀ ਜਤਾਈ।ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਉਸ ਟਰੱੱਕ ਨੂੰ ਲਿਜਾ ਕੇ ਥਾਣੇ ਅੰਦਰ ਖੜ੍ਹਾ ਕਰ ਦਿੱਤਾ ਅਤੇ ਜੱਥੇਬੰਦੀਆਂ ਨੂੰ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ।ਕਿਸਾਨਾਂ ਦਾ ਗੁੱਸਾ ਉਦੋਂ ਸੱਤ ਅਸਮਾਨੀਂ ਚੜ੍ਹ ਗਿਆ ਜਦੋਂ ਪੁਲਿਸ ਦੁਆਰਾ ਉਸ ਟਰੱਕ ਨੂੰ ਛੱਡ ਦਿੱਤਾ ਗਿਆ।
ਪੁਲਿਸ ਦੀ ਇਸ ਕਾਰਵਾਈ ਤੋਂ ਨਰਾਜ ਕਿਸਾਨਾਂ ਵੱਲੋਂ ਸਮੁੱਚੇ ਸ਼ਹਿਰ ਅੰਦਰ ਮਾਰਚ ਕੱਢਿਆ ਗਿਆ ਅਤੇ ਪੁਲਿਸ ਖਿਲਾਫ ਥਾਣੇ ਅੱਗੇ ਧਰਨਾ ਦੇ ਕੇ ਥਾਣਾ ਮੁਖੀ ਖਿਲਾਫ ਨਾਅਰੇਬਾਜੀ ਕੀਤੀ। ਧਰਨੇ ਵਿੱਚ ਪਹੁੰਚੇ ਵੱਖ-ਵੱਖ ਬੁਲਾਰਿਆਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ਼ ਜੰਮ ਕੇ ਭੜਾਸ ਕੱਢੀ। ਧਰਨਾਕਾਰੀਆਂ ਨਾਲ ਗੱਲਬਾਤ ਕਰਨ ਪਹੁੰਚੇ ਡੀ.ਐਸ.ਪੀ. ਪਰਮਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜੱਥੇਬੰਦੀਆਂ ਨਾਲ ਬਿਨ੍ਹਾਂ ਗੱਲਬਾਤ ਕੀਤੇ ਟਰੱਕ ਛੱਡਣ ਸਬੰਧੀ ਉਹ ਐੱਸ.ਐਚ.ਓ. ਜੈਤੋ ਦੀ ਜਵਾਬ ਤਲਬੀ ਕਰਨਗੇ। ਡੀ.ਐਸ.ਪੀ. ਦੇ ਭਰੋਸੇ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।