ਰਾਜਵੰਤ ਸਿੰਘ
- ਨਜਾਇਜ਼ ਸਬੰਧਾਂ ਦੇ ਕਾਰਨ 2015 ’ਚ ਦੋ ਬੱਚਿਆਂ ਸਮੇਤ ਆਪਣੀ ਪਤਨੀ ਤੇ ਸੀਰੀ ਦਾ ਕੀਤਾ ਸੀ ਯੋਜਨਾਬੱਧ ਢੰਗ ਨਾਲ ਕਤਲ
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ 2020 - ਜੱਜ ਅਰੁਣ ਵਸ਼ਿਸ਼ਟ ਦੀ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਚਾਰ ਹੱਤਿਆਵਾਂ ਦੇ ਦੋਸ਼ੀ ਪਲਵਿੰਦਰ ਸਿੰਘ ਨੂੰ ਫਾਂਸੀ ਤੇ ਉਸਦੀ ਸਹਿਯੋਗੀ ਔਰਤ ਕਰਮਜੀਤ ਕੌਰ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਜ਼ਿਲ੍ਹਾ ਅਟਾਰਨੀ ਨਵਦੀਪ ਗਿਰਧਰ ਤੇ ਸ਼ਿਕਾਇਤਕਰਤਾ ਦੇ ਵਕੀਲ ਮਨਜਿੰਦਰ ਸਿੰਘ ਬਰਾੜ ਨੇ ਜਾਣਕਾਰੀ ਦਿੱਤੀ ਕਿ ਪਲਵਿੰਦਰ ਸਿੰਘ ਦੇ ਸਬੰਧ ਉਸਦੇ ਸੀਰੀ ਨਿਰਮਲ ਸਿੰਘ ਦੀ ਪਤਨੀ ਕਰਮਜੀਤ ਕੌਰ ਦੇ ਨਾਲ ਸਨ। ਉਨ੍ਹਾਂ ਦੇ ਸਬੰਧਾਂ ਵਿੱਚ ਉਸਦਾ ਸੀਰੀ ਨਿਰਮਲ ਸਿੰਘ, ਪਲਵਿੰਦਰ ਦੀ ਪਤਨੀ ਸਰਬਜੀਤ ਕੌਰ ਤੇ ਉਸਦੇ ਦੋ ਬੱਚੇ ਜਸ਼ਨਪ੍ਰੀਤ ਸਿੰਘ (4) ਤੇ ਉਸਦੀ ਪੁੱਤਰੀ ਗਗਨਦੀਪ ਕੌਰ (6) ਰੋੜਾ ਬਣ ਰਹੇ ਸਨ, ਜਿੰਨ੍ਹਾਂ ਨੂੰ ਰਸਤੇ ਵਿੱਚੋਂ ਹਟਾਉਣ ਲਈ ਉਨ੍ਹਾਂ ਯੋਜਨਾ ਬਣਾਈ।
ਯੋਜਨਾ ਦੇ ਅਨੁਸਾਰ ਪਲਵਿੰਦਰ ਸਿੰਘ ਨੇ ਆਪਣੀ ਪਤਨੀ ਸਰਬਜੀਤ ਕੌਰ ਦੇ ਨਾਂਅ ਦੋ ਇੰਸ਼ੋਰੈਂਸ ਪਾਲਿਸੀਆਂ ਐਕਸੀਡੈਂਟ ਰਾਈਡਰ ਸਮੇਤ ਖਰੀਦੀਆਂ ਸਨ ਤੇ ਨਿਰਮਲ ਸਿੰਘ ਦੇ ਨਾਂਅ ’ਤੇ ਦੋ ਇੰਸ਼ੋਰੈਂਸ ਪਾਲਿਸੀਆਂ ਐਕਸੀਡੈਂਟ ਰਾਈਡਰ ਸਮੇਤ ਘਟਨਾ ਤੋਂ 11 ਦਿਨ ਪਹਿਲਾਂ ਖ਼ਰੀਦੀਆਂ ਸਨ। ਪਲਵਿੰਦਰ ਸਿੰਘ ਨੇ ਪੁਰਾਣੀ ਮਾਰੂਤੀ ਕਾਰ ਖ਼ਰੀਦੀ ਤੇ 20 ਜੂਨ 2015 ਨੂੰ ਆਪਣੀ ਪਤਨੀ ਨੂੰ ਦਵਾਈ ਦੁਆਉਣ ਦੇ ਬਹਾਨੇ ਕਾਰ ਵਿੱਚ ਆਪਣੀ ਪਤਨੀ ਸਰਬਜੀਤ ਕੌਰ, ਸੀਰੀ ਨਿਰਮਲ ਸਿੰਘ, ਆਪਣੇ ਪੁੱਤਰ ਜਸ਼ਨਪ੍ਰੀਤ ਸਿੰਘ ਤੇ ਪੁੱਤਰੀ ਗਗਨਦੀਪ ਕੌਰ ਨੂੰ ਕਾਰ ਵਿੱਚ ਬਿਠਾ ਲਿਆ ਤੇ ਕਾਰ ਨੂੰ ਗੰਗ ਨਹਿਰ ਵਿੱਚ ਜਾਣਬੁੱਝ ਕੇ ਸੁੱਟ ਦਿੱਤਾ ਤੇ ਖੁਦ ਖਿੜਕੀ ਖੋਲ੍ਹਕੇ ਨਹਿਰ ਤੋਂ ਬਾਹਰ ਆ ਗਿਆ ਤੇ ਰੌਲਾ ਪਾਇਆ ਤੇ ਲੋਕਾਂ ਨੂੰ ਇਕੱਠੇ ਕੀਤਾ।
ਉਨ੍ਹਾਂ ਦੱਸਿਆ ਕਿ ਦੋਵਾਂ ਨੇ ਸੋਚੀ ਸਮਝੀ ਸਾਜਿਸ਼ ਤਹਿਤ ਇਸ ਨੂੰ ਦੁਰਘਟਨਾ ਦਾ ਨਾਂਅ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਵਿੱਚ ਦੋਸ਼ੀ ਦੀ ਪਤਨੀ, ਸੀਰੀ ਤੇ ਦੋਵੇਂ ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ 27 ਜਨਵਰੀ 2016 ਨੂੰ ਦੋਸ਼ੀ ਪਲਵਿੰਦਰ ਸਿੰਘ ਤੇ ਕਰਮਜੀਤ ਕੌਰ ਨੇ ਵਿਆਹ ਕਰਵਾ ਕੇ ਅਦਾਲਤ ਤੋਂ ਪੋਟੈਕਸ਼ਨ ਪਟੀਸ਼ਨ ਕਰ ਦਿੱਤੀ। ਮਾਮਲਾ ਦਰਜ ਹੋਣ ਦੇ ਬਾਅਦ ਸਾਰੇ ਤੱਥ ਸਾਹਮਣੇ ਆ ਗਏ। ਅਦਾਲਤ ਨੇ ਕੇਸ ਨੂੰ ਰੇਅਰ ਆਫ਼ ਰੇਅਰੈਸਟ ਹੋਣ ਦੇ ਕਾਰਨ ਦੋਸ਼ੀ ਪਲਵਿੰਦਰ ਸਿੰਘ ਨੂੰ ਫ਼ਾਂਸੀ ਤੇ ਉਸਦੀ ਸਹਿਯੋਗੀ ਔਰਤ ਕਰਮਜੀਤ ਕੌਰ ਨੂੰ ਉਮਰ ਕੈਦੀ ਦੀ ਸਜਾ ਸੁਣਾ ਦਿੱਤੀ ਹੈ।