ਲੁਧਿਆਣਾ, 28 ਅਕਤੂਬਰ,2020: ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਬਰ ਡਾ. ਅਮਰ ਸਿੰਘ ਨੇ ਕਿਹਾ ਕਿ ਰੇਲਾਂ ਬੰਦ ਹੋਣ ਕਰਕੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਤਾਨਾਸ਼ਾਹੀ ਵਾਲਾ ਰਵੱਈਆ ਅਖਤਿਆਰ ਕੀਤਾ ਜਾ ਰਿਹਾ ਹੈ ਜਦਕਿ ਲੋਕਤੰਤਰ ਬਿਲਕੁਲ ਇਸਦੇ ਵਿਚਾਰ ਚਰਚਾਵਾਂ ਨਾਲ ਚੱਲਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖਾਸਕਰ ਪੰਜਾਬ ਦੇ ਲੋਕਾਂ ਨਾਲ ਸ਼ਰੇਆਮ ਧੱਕਾ/ਵਧੀਕੀ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਰੇਲ ਮੰਤਰੀ ਨੂੰ ਗੁਜਾਰਿਸ਼ ਕੀਤੀ ਗਈ ਕਿ ਰੇਲਾਂ ਬੰਦ ਹੋ ਜਾਣ ਨਾਲ ਸੂਬੇ ਦੀ ਬਿਜ਼ਲੀ ਬੰਦ ਹੋ ਜਾਵੇਗੀ, ਕਣਕ ਦੀ ਬਿਜਾਈ ਸਿਰ 'ਤੇ ਆ ਗਈ ਹੈ, ਖਾਦਾਂ ਵੀ ਪੰਜਾਬ 'ਚ ਨਹੀਂ ਪਹੁੰਚ ਰਹੀਆਂ।
ਅਮਰ ਸਿੰਘ ਵੱਲੋਂ ਸਾਹਨੇਵਾਲ, ਜੰਡਿਆਲੀ, ਕੂਮ ਕਲਾਂ ਅਤੇ ਖਾਸੀ ਕਲਾਂ ਦੀਆਂ ਮੰਡੀਆਂ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਦੌਰਾ ਕਰਕੇ ਕਿਸਾਨਾਂ, ਆੜ੍ਹਤੀਆਂ ਅਤੇ ਹੋਰ ਭਾਈਵਾਲਾਂ ਨਾਲ ਝੋਨੇ ਦੀ ਖਰੀਦ ਸਬੰਧੀ ਪ੍ਰਗਤੀ ਦਾ ਜਾਇਜਾ ਲਿਆ। ਡਾ. ਅਮਰ ਸਿੰਘ ਵੱਲੋ ਦੌਰੇ ਮੌਕੇ ਮੰਡੀ ਬੋਰਡ ਅਤੇ ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਕੇ ਮੰਡੀਆਂ ਵਿੱਚ ਚੱਲ ਰਹੇ ਨਿਰਵਿਘਨ ਖਰੀਦ ਕਾਰਜਾਂ 'ਤੇ ਤਸੱਲੀ ਜ਼ਾਹਰ ਕੀਤੀ। ਉਹਨਾਂ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਇਹਨਾਂ ਔਖੇ ਸਮਿਆਂ ਵਿੱਚ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਿਰਧਾਰਤ ਨਮੀ ਵਾਲਾ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਂਦਾ ਜਾਵੇ ਤਾਂ ਜੋ ਫਸਲ ਦੀ ਤੁਰੰਤ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇ।