ਮਨਿੰਦਰਜੀਤ ਸਿੱਧੂ
- ਜੈਤੋ-ਬਠਿੰਡਾ ਰੋਡ ਬਣਾਉਣ ਨੂੰ ਲੈਕੇ ਸਬ-ਡਵੀਜ਼ਨ ਦਫ਼ਤਰ ਜੈਤੋ ਵਿਖੇ ਹੋਈ ਮੀਟਿੰਗ
ਜੈਤੋ, 2 ਨਵੰਬਰ 2020 - ਪੰਜਾਬੀ ਦੀ ਇੱਕ ਕਹਾਵਤ ਹੈ ਕਿ ਬਿਨਾਂ ਰੋਏ ਮਾਂ ਵੀ ਦੁੱਧ ਨਹੀਂ ਦਿੰਦੀ, ਇਹ ਕਹਾਵਤ ਜੈਤੋ ਵਾਸੀਆਂ ਤੇ ਬਿਲਕੁਲ ਢੁੱਕਦੀ ਹੈ।ਜੈਤੋ ਵਾਸੀਆਂ ਨੂੰ ਆਪਣੀ ਕੋਈ ਵੀ ਜਾਇਜ ਮੰਗ ਮੰਗਵਾਉਣ ਲਈ ਪ੍ਰਸ਼ਾਸਨ ਰੂਪੀ ਮਾਂ ਕੋਲ ਰੋਣਾ ਜਰੂਰ ਪੈਂਦਾ ਹੈ, ਰੋਣ ਦਾ ਇੱਥੇ ਭਾਵ ਹੈ ਕਿ ਜੈਤੋ ਵਾਸੀਆਂ ਨੂੰ ਕੋਈ ਵੀ ਕੰਮ ਕਰਵਾਉਣ ਹੋਵੇ ਜਾਂ ਤਾਂ ਧਰਨਾ ਲਾਉਣਾ ਪੈਂਦਾ ਹੈ ਜਾਂ ਫਿਰ ਧਰਨੇ ਦੀ ਚੇਤਾਵਨੀ ਦੇਣੀ ਪੈਂਦੀ ਹੈ ਤਾਂ ਕਿਤੇ ਜਾਕੇ ਪ੍ਰਸ਼ਾਸਨ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਹੁੰਦਾ ਹੈ।
ਅਜਿਹਾ ਹੀ ਹੋਇਆ ਹੈ ਜੈਤੋ-ਬਠਿੰਡਾ ਰੋਡ ਦੇ ਦੁਕਾਨਦਾਰਾਂ ਨਾਲ। ਦੁਕਾਨਦਾਰਾਂ ਵੱਲੋਂ ਜੈਤੋ-ਬਠਿੰਡਾ ਰੋਡ ਜੋ ਕਿ ਸੀਵਰੇਜ ਪਾਉਣ ਲਈ ਪਿਛਲੇ ਤਿੰਨ ਮਹੀਨੀਆਂ ਤੋਂ ਪੁੱਟੀ ਹੋਈ ਹੈ, ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਇਹ ਸੜਕ ਬਣਾਉਣ ਜਾਂ ਇਸਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਪ੍ਰਸ਼ਾਸਨ ਦੀਆਂ ਬਹੁਤ ਮਿੰਨਤਾਂ ਕੀਤੀਆਂ, ਪਰ ਪ੍ਰਸ਼ਾਸਨ ਆਪਣੀ ਆਦਤ ਮੁਤਾਬਿਕ ਲੋਕਾਂ ਨੂੰ ਟਿੱਚ ਜਾਣਦਾ ਰਿਹਾ।
ਪਿਛਲ਼ੇ ਦਿਨੀਂ ਦੁਕਾਨਦਾਰਾਂ ਨੇ ਇੱਕਠੇ ਹੋਕੇ ਸੜਕ ਬਨਾਉਣ ਲਈ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ ਤਾਂ ਪ੍ਰਸ਼ਾਸਨ ਆਪਣੀ ਕੁੰਭਕਰਨੀ ਨੀਂਦ ਵਿੱਚੋਂ ਜਾਗਿਆ ਅਤੇ ਦੁਕਾਨਦਾਰਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਜਿਸ ਅਨੁਸਾਰ ਅੱਜ ਸਥਾਨਕ ਸਬ-ਡਵੀਜ਼ਨ ਦਫ਼ਤਰ ਜੈਤੋ ਐਸ.ਡੀ.ਐਮ. ਜੈਤੋ ਡਾ. ਮਨਦੀਪ ਕੌਰ ਵੱਲੋਂ ਸੜਕ ਨਾਲ ਸਬੰਧਿਤ ਮਹਿਕਮਿਆਂ ਦੇ ਅਧਿਕਾਰੀਆਂ ਦੁਕਾਨਦਾਰਾਂ ਦੀ ਮੀਟਿੰਗ ਕਰਵਾਈ ਗਈ। ਮੀਟਿੰਗ ਦੌਰਾਨ ਦੁਕਾਨਦਾਰਾਂ ਵੱਲੋਂ ਸੀਵਰੇਜ ਬੋੋਰਡ ਦੇ ਅਧਿਕਾਰੀਆਂ ਦੀ ਜੰਮ ਕੇ ਕਲਾਸ ਲਗਾਈ ਗਈ। ਲੋਕਾਂ ਦਾ ਕਹਿਣਾ ਸੀ ਕਿ ਜਦੋਂ ਸੀਵਰੇਜ ਦਾ ਕੰਮ ਮਿਉਂਸਪਲ ਕਮੇਟੀ ਕੋਲ ਸੀ ਤਾਂ ਕੰਮ ਠੀਕ ਚੱਲ ਰਿਹਾ ਸੀ, ਪਰ ਜਦੋਂ ਤੋਂ ਇਹ ਕੰਮ ਵਾਟਰ ਅਤੇ ਸੀਵਰੇਜ ਬੋਰਡ ਨੇ ਸਾਂਭਿਆ ਹੈ ਉਦੋਂ ਤੋਂ ਸੀਵਰੇਜ ਪਾਉਣ ਦੇ ਕੰਮ ਦਾ ਭੱਠਾ ਬੈਠ ਗਿਆ ਹੈ।
ਸੀਵਰੇਜ ਬੋਰਡ ਦੇ ਜੀ.ਏ. ਵੱਲੋਂ ਕਿਹਾ ਗਿਆ ਕਿ ਜਿਸ ਕੰਪਨੀ ਕੋਲ ਸੀਵਰੇਜ ਪਾਉਣ ਦਾ ਠੇਕਾ ਸੀ ਉਹ ਕੰਪਨੀ ਨਾਲ ਕੇਸ ਚੱਲ ਰਿਹਾ ਹੈ ਜਿਸ ਕਰਕੇ ਕੰਮ ਲੇਟ ਹੋ ਰਿਹਾ ਹੈ। ਇਸ ਮੌਕੇ ਮਾਰਕਿਟ ਸੁਧਾਰ ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਘੋਚਾ ਨੇ ਕਿਹਾ ਕਿ ਸੜਕ ਪੁੱਟਣ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ ਸਾਡੇ ਕੋਲ ਬਜਟ ਹੀ ਨਹੀਂ ਹੈ ਤਾਂ ਅਸੀਂ ਸੜਕ ਪੁੱਟ ਕੇ ਲੋਕਾਂ ਨੂੰ ਤਾਂ ਪਰੇਸ਼ਾਨ ਨਾ ਕਰੀਏ। ਐਸ.ਡੀ.ਐਮ. ਜੈਤੋ ਨੇ ਮੌਕੇ ਤੇ ਮੌਜੂਦ ਅਧਿਕਾਰੀਆਂ ਦੀ ਲੋਕਾਂ ਨੂੰ ਆ ਰਹੀ ਸਮੱਸਿਆ ਕਰਕੇ ਖੂਬ ਖਿਚਾਈ ਵੀ ਕੀਤੀ ਗਈ ਅਤੇ ਜਦੋਂ ਤੱਕ ਸੜਕ ਬਣਾਉਣ ਦਾ ਕੰਮ ਚਾਲੂ ਨਹੀਂ ਹੁੰਦਾ ਉਦੋਂ ਤੱਕ ਸੜਕ ਨੂੰ ਪੱਧਰ ਕਰਕੇ ਦੋਨੋਂ ਟਾਈਮ ਉਸ ਉੱਪਰ ਪਾਣੀ ਦਾ ਛਿੜਕਾਅ ਕਰਨ ਲਈ ਕਿਹਾ ਤਾਂ ਜੋ ਲੋਕਾਂ ਨੂੰ ਉੇੁੱਥੋਂ ਲੰਘਣਾ ਆਸਾਨ ਹੋਵੇ।