ਮਨਿੰਦਰਜੀਤ ਸਿੱਧੂ
ਜੈਤੋ, 15 ਨਵੰਬਰ 2020 - ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੀ ਮੀਟਿੰਗ ਨੈਬ ਸਿੰਘ ਭਗਤੂਆਣਾ ਦੀ ਪ੍ਰਧਾਨਗੀ ਵਿੱਚ ਪਿੰਡ ਸੁੱਖਣਵਾਲਾ ਵਿਖੇ ਹੋਈ। ਜਿਸ ਵਿੱਚ ਜ਼ਿਲ੍ਹੇ ਦੇ ਸਾਰੇ ਆਗੂਆਂ ਅਤੇ ਵਰਕਰਾਂ ਨੇ ਹਿੱਸਾ ਲਿਆ। ਜ਼ਿਲ੍ਹਾ ਸਕੱਤਰ ਜਸਕਰਨ ਸਿੰਘ ਪਿੰਡੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੋਸ਼ ਲਾਏ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਸੂਬਾਈ ਲੀਡਰਸ਼ਿਪ ਜ਼ਿਲ੍ਹੇ ਦੇ ਮਸਲੇ ਹੱਲ ਕਰਨ ਲਈ ਜ਼ਿਲ੍ਹਾ ਕਮੇਟੀ ਨੂੰ ਭਰੋਸੇ ਵਿੱਚ ਨਹੀਂ ਲੈਂਦੀ। ਯੂਨੀਅਨ ਗੈਰ-ਜ਼ਮਹੂਰੀ ਤਰੀਕਿਆਂ ਨਾਲ ਆਪਣੇ ਫੈਸਲੇ ਲੈ ਰਹੀ ਹੈ। ਸੂਬਾਈ ਲੀਡਰਸ਼ਿਪ ਦੇ ਇਸ ਵਤੀਰੇ ਤੋਂ ਜ਼ਿਲ੍ਹਾ ਕਮੇਟੀ ਆਗੂ ਅਤੇ ਮੈਂਬਰ ਪੂਰੀ ਤਰ੍ਹਾਂ ਪ੍ਰੇਸ਼ਾਨ ਹਨ।
ਜਿਸ ਦੇ ਚਲਦਿਆਂ ਜ਼ਿਲ੍ਹਾ ਸਕੱਤਰ ਜਸਕਰਨ ਸਿੰਘ ਪਿੰਡੀ ਅਤੇ ਜ਼ਿਲ੍ਹਾ ਪ੍ਰਧਾਨ ਨੈਬ ਸਿੰਘ ਭਗਤੂਆਣਾ ਨੇ ਜ਼ਿਲ੍ਹਾ ਕਮੇਟੀ ਭੰਗ ਕਰਕੇ ਸਾਰੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਹਨ। ਇਸ ਮੌਕੇ ਸਾਰੀ ਜ਼ਿਲ੍ਹਾ ਕਮੇਟੀ ਨੇ ਇੱਕਮੁੱਠ ਹੋਕੇ ਭਾਰਤੀ ਕਿਸਾਨ ਯੂਨੀਅਨ(ਕ੍ਰਾਂਤੀਕਾਰੀ) ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਗੋਲੇਵਾਲਾ, ਜ਼ਿਲ੍ਹਾ ਪ੍ਰਧਾਨ ਸੁੁਰਮੁੱਖ ਸਿੰਘ ਅਜਿੱਤ ਗਿੱਲ, ਜ਼ਿਲ੍ਹਾ ਸਕੱਤਰ ਮਾਸਟਰ ਸੂਰਜ ਭਾਨ ਅਤੇ ਪਟਵਾਰੀ ਦਰਸ਼ਨ ਸਿੰਘ ਦੀ ਅਗਵਾਈ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੈਬ ਸਿੰਘ ਭਗਤੂਆਣਾ, ਜਸਕਰਨ ਸਿੰਘ, ਗੋਰਾ ਮੱਤਾ, ਜਗਤਾਰ ਸਿੰਘ ਸੁੱਖਣਵਾਲਾ, ਅਮਰੀਕ ਸਿੰਘ, ਬਲਦੇਵ ਸਿੰਘ, ਮੇਜ਼ਰ ਸਿੰਘ ਸਮੇਤ ਬਲਾਕ ਅਤੇ ਪਿੰਡ ਇਕਾਈਆਂ ਦੇ ਆਗੂ ਅਤੇ ਵਰਕਰ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਵਿੱਚ ਸ਼ਾਮਿਲ ਹੋਏ। ਲਾਲ ਸਿੰਘ ਗੋਲੇਵਾਲਾ ਨੇ ਸਮੂਹ ਆਗੂਆਂ ਅਤੇ ਵਰਕਰਾਂ ਦਾ ਯੂਨੀਅਨ ਵਿੱਚ ਸ਼ਾਮਿਲ ਹੋਣ ਤੇ ਜੀ ਆਇਆਂ ਆਖਿਆ।