ਜੀ ਐਸ ਪੰਨੂ
ਪਟਿਆਲਾ 16ਨਵੰਬਰ 2020: ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚੂਐਂਟ ਕਾਲਜਾਂ ਦੇ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਆਪਣੀਆਂ ਸੇਵਾਵਾਂ 12 ਮਹੀਨੇ ਕਰਵਾਉਣ ਅਤੇ ਪਿਛਲੇ ਇਕ ਸਾਲ ਤੋਂ ਰੁਕੀਆਂ ਤਨਖਾਹਾਂ ਜਾਰੀ ਕਰਵਾਉਣ ਸਬੰਧੀ ਅਣਮਿੱਥੇ ਸਮੇਂ ਲਈ ਦਿਨ ਰਾਤ ਦਾ ਧਰਨਾ ਅੱਜ 16/ 11/2020 ਨੂੰ ਇੱਕੀਵੇਂ ਦਿਨ ਵੀ ਜਾਰੀ ਹੈ। ਪਿਛਲੇ ਦਿਨੀਂ ਗੈਸਟ ਫੈਕਲਟੀ ਅਧਿਆਪਕਾਂ ਨੇ ਵਾਈਸ ਚਾਂਸਲਰ ਦਫਤਰ ਅੱਗੇ ਨਾਰੇਬਾਜੀ ਕਰਦਿਆਂ ਕਾਲੀ ਦਿਵਾਲੀ ਮਨਾਈ। ਅੱਜ ਗੈਸਟ ਫੈਕਲਟੀ ਅਧਿਆਪਕਾਂ ਨੇ ਵੀ ਸੀ ਦਫ਼ਤਰ ਤੋਂ ਨਾਰੇਬਾਜ਼ੀ ਕਰਦਿਆਂ ਮਾਰਚ ਸ਼ੁਰੂ ਕਰਕੇ ਵਾਇਆ ਲਾਈਬ੍ਰੇਰੀ ਹੁੰਦੇ ਹੋਇਆਂ ਡੀਨ ਅਕਾਦਮਿਕ ਦਫ਼ਤਰ ਅੰਦਰ ਤਕਰੀਬਨ ਚਾਰ ਘੰਟੇ ਜੋਰਦਾਰ ਪ੍ਰਦਰਸ਼ਨ ਕੀਤਾ।ਅੱਜ ਗੈਸਟ ਫੈਕਲਟੀ ਯੂਨੀਅਨ ਦੇ ਵਲੋਂ ਲੜੀਵਾਰ ਭੁੱਖ ਹੜਤਾਲ਼ ਦੇ ਪੰਜਵੇਂ ਦਿਨ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਤੋਂ ਡਾ. ਸ਼ਾਹਬਾਜ਼ ਸਿੰਘ ਅਤੇ ਯੂਨੀਵਰਸਿਟੀ ਕਾਲਜ ਬਹਾਦਰਪੁਰ ਤੋਂ ਡਾ. ਸਰਬਵੀਰ ਸਿੰਘ ਭੁੱਖ ਹੜਤਾਲ਼ ਤੇ ਬੈਠੇ। ਜਿਕਰਯੋਗ ਹੈ ਕਿ ਪਿਛਲੇ ਦੋ ਦਿਨ ਭੁੱਖ ਹੜਤਾਲ਼ ਤੇ ਬੈਠੇ ਵੱਖ ਵੱਖ ਅਧਿਆਪਕਾਂ ਦੀ ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਕੋਈ ਸਾਰ ਨਹੀਂ ਲਈ ਗਈ। ਫੈਕਲਟੀ ਯੂਨੀਅਨ ਦੇ ਪ੍ਰਧਾਨ ਡਾ. ਗੁਰਦਾਸ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਵਧੇਰੇ ਤਿੱਖਾ ਕਰਨ ਦੀ ਰਣਨੀਤੀ ਤਿਆਰ ਕਰ ਲਈ ਗਈ ਹੈ। ਗੈਸਟ ਫੈਕਲਟੀ ਅਧਿਆਪਕ ਮਹਿਸੂਸ ਕਰ ਰਹੇ ਹਨ ਕਿ ਯੂਨੀਵਰਸਿਟੀ ਬਿਨਾਂ ਵਾਈਸ ਚਾਂਸਲਰ ਤੋਂ ਚਲ ਰਹੀ ਹੈ।ਪੀ ਐਸ ਯੂ (ਸ਼ਹੀਦ ਰੰਧਾਵਾ) , ਪੀ ਐੱਸ ਯੂ, ਡੀ ਐਸ ਓ, ਏ ਆਈ ਐਸ ਐਫ, ਐਸ ਐਫ ਆਈ, ਪੀ ਐਸ ਯੂ (ਲਲਕਾਰ),ਪੀ ਆਰ ਐਸ ਯੂ ਅਤੇ ਐਸ ਡਵਲਯੂ ਏ ਜੀ ਆਦਿ ਵਿਦਿਆਰਥੀ ਜਥੇਬੰਦੀਆਂ ਅਤੇ ਅਧਿਆਪਕ ਜਥੇਬੰਦੀ ਡੀ ਟੀ ਐਫ ਅਤੇ ਹੋਰ ਅਧਿਆਪਕ ਜਥੇਬੰਦੀਆਂ ਦੇ ਨਾਲ-ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਅਤੇ ਹੋਰ ਕਿਸਾਨ ਜਥੇਬੰਦੀਆਂ ਆਉਣ ਵਾਲੇ ਦਿਨਾਂ ਵਿਚ ਅਧਿਆਪਕਾਂ ਦੇ ਇਸ ਧਰਨੇ ਵਿਚ ਵੱਡੀ ਗਿਣਤੀ ਨਾਲ ਸ਼ਾਮਿਲ ਹੋਣਗੇ।