ਹਰੀਸ਼ ਕਾਲੜਾ
- ਮੁੱਖ ਖੇਤੀਬਾੜੀ ਅਫਸਰ ਨੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਮਿਲਾਉਣ ਵਾਲੇ ਕਿਸਾਨਾਂ ਦੀ ਕੀਤੀ ਸ਼ਲਾਘਾ
ਸ੍ਰੀ ਅਨੰਦਪੁਰ ਸਾਹਿਬ 17 ਨਵੰਬਰ 2020 :ਖੇਤੀਬਾੜੀ ਵਿਭਾਗ ਰੂਪਨਗਰ ਦੇ ਮੁੱਖ ਖੇਤੀਬਾੜੀ ਡਾਕਟਰ ਅਵਤਾਰ ਸਿੰਘ ਨੇ ਝੌਨੇ ਦੀ ਕਟਾਈ ਐਸ ਐਮ ਐਸ ਵਾਲੀ ਕੰਬਾਇਨ ਨਾਲ ਕਰਕੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਪਰਾਲੀ ਆਦਿ ਨੂੰ ਖੇਤਾਂ ਵਿੱਚ ਹੀ ਮਿਲਾ ਕੇ ਜਮੀਨ ਦੀ ਊਪਜਾਊ ਸਕਤੀ ਵਧਾਉਣ ਦੇ ਉਪਰਾਲੇ ਕਰਨ ਵਾਲੇ ਕਿਸਾਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਧੇਰੇ ਮੁਨਾਫੇ ਲਈ ਕਿਸਾਨਾਂ ਨੇ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕਰਨ ਨੂੰ ਅਹਿਮੀਅਤ ਦੇ ਕੇ ਬਦਲ ਰਹੇ ਖੇਤੀ ਦੇ ਢੰਗ ਤਰੀਕਿਆ ਦੋਰਾਨ ਸਮੇਂ ਦੇ ਹਾਣੀ ਹੋਣ ਦਾ ਪ੍ਰਮਾਣ ਦਿੱਤਾ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਇਸ ਖੇਤਰ ਦੇ ਕਿਸਾਨਾਂ ਨੇ ਪਹਿਲਾਂ ਹੀ ਰਿਵਾਇਤੀ ਫਸਲੀ ਚੱਕਰ ਛੱਡ ਕੇ ਫਸਲੀ ਵਿਭਿੰਨਤਾ ਨੂੰ ਅਪਣਾਇਆ ਹੈ ਜਿਸ ਨਾਲ ਜਿਥੇ ਮੱਕੀ ਦੀ ਕਾਸ਼ਤ ਦਾ ਰਕਬਾ ਵੱਧ ਰਿਹਾ ਹੈ ਉਥੇ ਪਾਪੂਲਰ ਅਤੇ ਹੋਰ ਸਬਜੀਆਂ ਦੀ ਕਾਸ਼ਤ ਤੇ ਫੱਲ ਆਦਿ ਹੇਠ ਰਕਬਾ ਵੀ ਪਹਿਲਾਂ ਨਾਲੋ ਵੱਧ ਰਿਹਾ ਹੈ ਉਹਨਾਂ ਕਿਹਾ ਕਿ ਇਸ ਇਲਾਕੇ ਦੇ ਕਿਸਾਨ ਸਹਾਇਕ ਧੰਦੇ ਵਜੋਂ ਡੇਅਰੀ ਫਾਰਮਿੰਗ ਮੁਰਗੀ ਤੇ ਮੱਛੀ ਪਾਲਣ, ਸ਼ਹੀਦ ਮੱਖੀ ਪਾਲਣ ਦੇ ਨਾਲ ਨਾਲ ਵੰਨ ਸੁਵੰਨੀਆਂ ਫਸਲਾਂ ਤੇ ਫਲਾਂ ਦੀ ਕਾਸ਼ਤ ਕਰ ਰਹੇ ਹਨ ਜਿਸ ਨੇ ਕਿਸਾਨਾਂ ਦੀ ਆਰਥਿਕਤਾ ਨੂੰ ਬਹੁਤ ਮਜਬੂਤ ਕੀਤਾ ਹੈ।
ਉਹਨਾਂ ਕਿਹਾ ਕਿ ਹੁਣ ਕਿਸਾਨ ਜਾਗਰੂਕ ਹੋਏ ਹਨ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਗਾਏ ਕੈਂਪ ਖੇਤੀਬਾੜੀ ਵਿਭਾਗ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਮੇਂ ਸਮੇਂ ਤੇ ਕਿਸਾਨਾਂ ਨੂੰ ਮਾਹਰਾਂ ਦੀ ਰਾਏ ਅਨੁਸਾਰ ਘੱਟ ਖਾਦਾ ਅਤੇ ਕੀਟ ਨਾਸ਼ਕ ਦੀ ਘੱਟ ਵਰਤੋਂ ਨੇ ਵੀ ਕਿਸਾਨਾਂ ਦੇ ਖਰਚੇ ਘੱਟ ਕੀਤੇ ਹਨ ਸਬਸਿਡੀ ਉਤੇ ਮਿਲਣ ਵਾਲੀ ਅਧੁਨਿਕ ਖੇਤੀ ਮਸ਼ੀਨਰੀ ਅਤੇ ਕਿਸਾਨ ਸਵੈ-ਸਹਾਇਤਾ ਗਰੁੱਪ ਬਣਾ ਕੇ ਸਰਕਾਰ ਤੋਂ ਵੱਖ ਵੱਖ ਯੋਜਨਾਵਾਂ ਤਹਿਤ ਲਾਭ ਲੈਣ ਵਾਲੇ ਕਿਸਾਨ ਹੁਣ ਇਲਾਕੇ ਦੇ ਹੋਰ ਕਿਸਾਨਾਂ ਲਈ ਰਾਹ ਦਸੇਰਾ ਬਣ ਰਹੇ ਹਨ। ਉਹਨਾਂ ਕਿਹਾ ਕਿ ਬੀਤੇ ਕੁਝ ਸਮੇਂ ਦੋਰਾਨ ਅਸੀਂ ਅਜਿਹੇ ਕਿਸਾਨਾਂ ਵਲੋਂ ਕੀਤੇ ਉਪਰਾਲਿਆ ਨੂੰ ਉਭਾਰਿਆ ਹੈ ਤਾਂ ਜੋ ਹੋਰ ਕਿਸਾਨ ਵੀਰ ਵੀ ਇਸਦਾ ਪੂਰਾ ਲਾਭ ਲੈ ਸਕਣ।
ਉਹਨਾਂ ਕਿਹਾ ਕਿ ਪਾਣੀ ਦੀ ਬਚਤ ਅਤੇ ਫਸਲਾਂ ਦੀ ਸੁਚੱਜੀ ਸਾਂਭ ਸੰਭਾਲ ਬੇਹੱਦ ਜਰੂਰੀ ਹੈ ਸਰਕਾਰ ਵਲੋਂ ਕਿਸਾਨਾਂ ਦੀ ਸਹੂਲਤ ਲਈ ਬਹੁਤ ਸਾਰੀਆਂ ਸਕੀਮਾ ਬਣਾਈਆਂ ਗਈਆਂ ਹਨ ਜਿਸਦਾ ਲਾਭ ਸਿੱਧਾ ਕਿਸਾਨਾਂ ਦੇ ਖਾਤਿਆ ਵਿੱਚ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸਦੇ ਲਈ ਬੇਹੱਦ ਜਰੂਰੀ ਹੈ ਕਿ ਕਿਸਾਨ ਜਾਗਰੂਕ ਹੋਣ ਅਤੇ ਆਪਣੀ ਆਮਦਨ ਵਿੱਚ ਵਾਧਾ ਕਰਨ ਤੇ ਖਰਚ ਘਟਾਉਣ ਲਈ ਖੇਤੀਬਾੜੀ ਵਿਭਾਗ ਰਾਹੀ ਮਾਹਰਾ ਵਲੋਂ ਦਿੱਤੀ ਜਾ ਰਹੀ ਰਾਏ ਨੂੰ ਮੰਨ ਕੇ ਹੀ ਖੇਤੀਬਾੜੀ ਨੂੰ ਪ੍ਰਫੂਲਤ ਕਰਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਸ਼ਹਿਰਾ ਤੇ ਪਿੰਡਾਂ ਵਿੱਚ ਕਿਸਾਨਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਦੇ ਹੋਏ ਆਪਣਾ ਕਿੱਤਾ ਕਰਨਾ ਚਾਹੀਦਾ ਹੈ। ਘਰਾਂ ਤੋਂ ਬਾਹਰ ਆਉਣ ਸਮੇਂ ਮਾਸਕ ਪਾਉਣਾ, ਸਮਾਜਿਕ ਵਿੱਥ ਰੱਖਣੀ ਅਤੇ ਹੱਥਾਂ ਨੂੰ ਸਾਫ ਰੱਖਣਾ ਹੀ ਕਰੋਨਾ ਤੋਂ ਬਚਾਅ ਦਾ ਇਕੋ ਇਕ ਹੱਲ ਹੈ।